ਕਿਸਾਨ ਅੰਦੋਲਨ

77

ਮੋਦੀ ਹਕੂਮਤ ਦਾ ਫਿਰਕੂ ਫਾਸ਼ੀ ਕਿਰਦਾਰ ਤੇ ਇਸਦੇ ਫਾਸ਼ੀ ਹੱਲੇ ਨਾਲ ਸਿੱਝਣ ਦਾ ਸੁਆਲ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਲੋਕਾਂ ਲਈ ਕਾਫ਼ੀ ਅਹਿਮ ਬਣਿਆ ਆ ਰਿਹਾ ਹੈ।ਨਿਰੋਲ ਇਸ ਮਸਲੇ ਤੇ ਬਣੇ ਪਲੇਟਫਾਰਮਾਂ ਤੋਂ ਲੈ ਕੇ ਜਮਾਤੀ ਤਬਕਾਤੀ ਮਸਲਿਆਂ ਤੇ ਚਲਦੇ ਸੰਘਰਸ਼ਾਂ ਅੰਦਰ ਇਸ ਮਸਲੇ ਨਾਲ ਸਬੰਧਤ ਮੰਗਾਂ ਨੂੰ ਥਾਂ ਦੇਣ ਤੱਕ ਵੱਖ ਵੱਖ ਤਰੀਕਿਆਂ ਨਾਲ ਇਸ ਨੂੰ ਸੰਬੋਧਤ ਹੁੰਦਾ ਜਾਂਦਾ ਰਿਹਾ ਹੈ।ਜਿੰਨੀ ਵੱਡੀ ਪੈਰੋਕਾਰ ਮੋਦੀ ਹਕੂਮਤ ਨਵੀਂਆਂ ਆਰਥਿਕ ਨੀਤੀਆਂ ਦੀ ਬਣ ਕੇ ਨਿੱਤਰੀ ਹੈ,ਓਨੇ ਹੀ ਧੱਕੜ ਤਰੀਕੇ ਨਾਲ ਇਸ ਨੇ ਫਾਸ਼ੀ ਹਮਲੇ ਦੀ ਵਰਤੋਂ ਲੋਕ ਘੋਲਾਂ ਖ਼ਿਲਾਫ ਕੀਤੀ ਹੈ।ਲੋਕ ਉਭਾਰਾਂ ਦੇ ਆਗੂਆਂ ਤੋਂ ਲੈ ਕੇ ਬੁੱਧੀਜੀਵੀਆਂ,ਧਾਰਮਿਕ ਘੱਟ ਗਿਣਤੀ ਫਿਰਕੇ ਦੇ ਲੋਕਾਂ ਤੇ ਸੱਭਿਆਚਾਰਕ ਕਾਮਿਆਂ ਤਕ ਹਰ ਕੋਈ ਇਸ ਫ਼ਾਸ਼ੀ ਹਮਲੇ ਦੇ ਘੇਰੇ ਵਿੱਚ ਆਉਂਦਾ ਰਿਹਾ ਹੈ। ਬੇਹੱਦ ਅਹਿਮ ਮੌਕਿਆਂ ਤੇ ਭਾਜਪਾ ਆਪਣੀਆਂ ਫਿਰਕੂ ਤੇ ਕੌਮੀ ਸ਼ਾਵਨਵਾਦੀ ਲਾਮਬੰਦੀਆਂ ਰਾਹੀੰ ਲੋਕਾਂ ਦੀ ਭਾਈਚਾਰਕ  ਸਾਂਝ ਨੂੰ ਚੀਰਾ ਦੇਣ ਵਿਚ ਅਤੇ ਇਨ੍ਹਾਂ ਲਾਮਬੰਦੀਆਂ ਦੀ ਵਰਤੋਂ ਆਪਣੇ ਸਿਆਸੀ ਟੀਚਿਆਂ ਨੂੰ ਸਿਰੇ ਚਾੜ੍ਹਨ ਲਈ ਕਰਨ ਵਿੱਚ ਕਾਮਯਾਬ ਰਹੀ ਹੈ।ਮੌਜੂਦਾ ਕਿਸਾਨ ਸੰਘਰਸ਼ ਅੰਦਰ ਵੀ ਇਸ ਪਰਖੇ ਹਥਿਆਰ ਦੀ ਵਰਤੋੰ ਕਰਕੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਨਿਰੰਤਰ ਦਿਖੀਆਂ ਹਨ। ਸ਼ੁਰੂਆਤ ਤੋਂ ਇੱਕ ਧਰਮ ਤੇ ਇੱਕ ਰਾਜ ਦੇ ਸੰਘਰਸ਼ ਦੇ ਤੌਰ ਤੇ ਇਸਦੀ ਪੇਸ਼ਕਾਰੀ ਰਾਹੀਂ,ਖ਼ਾਲਿਸਤਾਨੀ ਨਕਸਲਵਾਦੀ ਲਕਬਾਂ ਰਾਹੀੰ ,ਲਾਲ ਕਿਲ੍ਹੇ ਦੀਆਂ ਘਟਨਾਵਾਂ ਨੂੰ ਵਿਉਂਤਬੱਧ ਤਰੀਕੇ ਨਾਲ ਅੰਜਾਮ ਦੇਣ ਰਾਹੀੰ ਮੋਦੀ ਹਕੂਮਤ ਨੇ ਕੁੱਲ ਵਸੋਂ ਖਾਸਕਰ  ਗ਼ੈਰ ਸਿੱਖ ਅਤੇ ਗ਼ੈਰ ਪੰਜਾਬੀ ਵਸੋਂ  ਦੀ ਇਸ ਸੰਘਰਸ਼ ਖ਼ਿਲਾਫ਼ ਲਾਮਬੰਦੀ ਕਰਨ ਦੇ ਯਤਨ ਕੀਤੇ ਹਨ।ਤਿਰੰਗੇ ਦੇ ਅਪਮਾਨ ਦੇ ਨਾਂ ਹੇਠ ਕੌਮੀ ਸ਼ਾਵਨਵਾਦ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਪਿਛਲੇ ਅਨੇਕਾਂ ਮੌਕਿਆਂ ਵਾਂਗ ਅੰਧ ਰਾਸ਼ਟਰਵਾਦ ਦੇ ਗੁਬਾਰ ਨਾਲ ਕਿਸਾਨ ਸੰਘਰਸ਼ ਤੇ ਮਿੱਟੀ ਪਾਉਣ ਦੇ ਸੁਪਨੇ ਪਾਲੇ ਹਨ। ਪਰ ਭਾਜਪਾ ਦਾ ਲੰਬੇ ਸਮੇਂ ਤੋਂ ਪਰਖਿਆ  ਪਰਤਿਅਾ ਫਿਰਕੂ ਰਾਸ਼ਟਰਵਾਦ ਦਾ ਪੈਂਤੜਾ ਏਥੇ ਪੂਰੀ ਤਰ੍ਹਾਂ ਫਲ ਨਹੀਂ ਸਕਿਆ।ਕੂੜ ਦਾ ਗੁਬਾਰ ਮਨ ਇੱਛਤ ਸਿੱਟੇ ਨਹੀਂ ਕੱਢ ਸਕਿਆ। ਸਾਮਰਾਜਵਾਦ ਦੀ ਸਤਾਈ ਭਾਰਤ ਦੀ ਕਿਰਤੀ ਜਮਾਤ ਵਜੋਂ ਲੋਕਾਂ ਦੇ ਹਿੱਤ ਹਾਕਮ ਜਮਾਤੀ ਵੰਡੀਆਂ ਤੋਂ ਉੱਪਰ ਦੀ ਪਏ ਹਨ।ਲੋਕਾਂ ਨੇ ਆਪਣੇ ਇਸ ਸੰਘਰਸ਼ ਦੇ ਅਮਲ ਅੰਦਰ ਭਾਵੇਂ ਸੀਮਤ ਹੀ ਸਹੀ ਆਪਣੇ ਜਮਾਤੀ ਹਿਤਾਂ ਦੀ ਹਾਕਮ ਜਮਾਤੀ ਸਿਆਸਤ ਨਾਲ ਵਿਰੋਧ ਦੀ ਪਛਾਣ ਕਰਨੀ ਸ਼ੁਰੂ ਕੀਤੀ ਹੈ।ਹਾਕਮ ਜਮਾਤੀ ਸਿਆਸਤ ਦੇ ਚਿਰਾਂ ਤੋਂ ਸਥਾਪਤ ਪਾਣੀਆਂ ਦੀ ਵੰਡ ਵਰਗੇ ਮੁੱਦੇ ਅਸਰਹੀਣ ਹੋਏ ਹਨ। ਉੱਤਰ ਪ੍ਰਦੇਸ਼ ਅੰਦਰ 2013 ਵਿੱਚ ਹੋਏ ਮੁਜ਼ੱਫਰਨਗਰ ਦੰਗਿਆਂ ਦੌਰਾਨ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਜਿਸ ਜਾਟ ਵਸੋਂ ਵਿੱਚ ਫਿਰਕੂ ਜ਼ਹਿਰ ਦਾ ਛਿੱਟਾ ਦੇਣ ਤੇ ਉਹਨੂੰ ਮੁਸਲਿਮ ਘੱਟ ਗਿਣਤੀ ਫਿਰਕੇ ਖ਼ਿਲਾਫ਼ ਵਰਤਣ ਵਿੱਚ ਕਾਮਯਾਬ ਰਹੀਆਂ ਸਨ ਉਹ ਜਾਟ ਵਸੋਂ  ਅੱਜ ਹਕੂਮਤੀ ਨੀਤੀਆਂ ਦੇ  ਪੀਡ਼ਤ ਗੰਨਾ ਕਿਸਾਨਾਂ ਵਜੋੰ ਧਰਮ ਨਿਰਪੱਖ ਏਕਤਾ ਦੀ ਮੁਦੱਈ ਬਣ ਕੇ ਨਿੱਤਰੀ ਹੈ ਅਤੇ ਅਮਲੀ ਤੌਰ ਤੇ ਮੋਦੀ ਦੀ ਫ਼ਿਰਕੂ ਫਾਸ਼ੀ ਸਿਆਸਤ ਦੀ ਕਾਟ ਬਣੀ ਹੈ।ਮੋਦੀ ਹਕੂਮਤ ਵੱਲੋਂ ਪਿਛਲੇ ਸਮੇਂ ਦੌਰਾਨ ਗੂੜ੍ਹੀ ਕੀਤੀ ਹਿੰਦੂ ਮੁਸਲਿਮ ਲਕੀਰ ਨੂੰ ਫਿੱਕੀ ਪਾ ਕੇ ਪੱਛਮੀ ਉੱਤਰ ਪ੍ਰਦੇਸ਼ ਦੀ ਜਾਟ ਕਿਸਾਨੀ ਨੇ ਮੁਸਲਮਾਨ ਕਿਸਾਨ ਵਸੋਂ ਨਾਲ ਸਾਂਝੀਆਂ ਖਾਪ ਪੰਚਾਇਤਾਂ ਦਾ ਅਮਲ ਤੋਰਿਆ ਹੈ।

       ਇਸ ਪੱਖੋਂ ਇਸ ਸੰਘਰਸ਼ ਨੇ ਇਸ ਹਕੀਕਤ ਤੇ ਮੋਹਰ ਲਾਈ ਹੈ ਕਿ ਲੋਕ ਸੰਘਰਸ਼ਾਂ ਦੇ ਅਮਲ ਹੀ ਇਸ ਫ਼ਿਰਕੂ ਫਾਸ਼ੀ ਸਿਆਸਤ ਦਾ ਟਾਕਰਾ ਬਣਦੇ ਹਨ।ਇਸੇ ਹਕੀਕਤ ਵਿੱਚੋਂ ਇਹ ਪਛਾਣ ਵੀ ਉਘੜਦੀ ਹੈ ਕਿ ਜਮਾਤੀ ਮਸਲਿਆਂ ਉਪਰ ਚੱਲ ਰਹੇ ਸੰਘਰਸ਼ ਅੰਦਰ ਹਕੂਮਤ ਦੇ ਪਾਟਕ ਪਾਊ ਫਾਸ਼ੀ ਕਦਮਾਂ ਵੱਲ ਜੂਝ ਰਹੇ ਲੋਕਾਂ ਦਾ ਧਿਆਨ ਦਿਵਾਉਣਾ ਤੇ ਉਨ੍ਹਾਂ ਦੇ ਸੰਘਰਸ਼ ਦਾ ਹਕੂਮਤ ਦੇ ਇਨ੍ਹਾਂ ਕਦਮਾਂ ਨਾਲ  ਸਬੰਧ ਉਜਾਗਰ ਕਰਨਾ ਅਣਸਰਦਾ ਕਾਰਜ ਹੈ,ਜਿਸ ਕਾਰਜ ਨੂੰ ਕੀਤੇ ਬਿਨਾਂ ਨਾ ਤਾਂ ਫ਼ਿਰਕੂ ਫਾਸ਼ੀ ਹਮਲੇ ਨੂੰ ਠੱਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਸੰਘਰਸ਼ ਨੂੰ ਤੋੜ ਪਹੁੰਚਾਇਆ ਜਾ ਸਕਦਾ ਹੈ।

– ਲੋਕ ਮੋਰਚਾ ਪੰਜਾਬ

 (Jeeo Punjab beauro)

Leave A Reply

Your email address will not be published.