ਹੱਕਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਲੋਕਾਂ ਨੂੰ ਅੰਦੋਲਨਜੀਵੀ ਕਹਿਣਾ ਕਿਸਾਨਾਂ ਦਾ ਅਪਮਾਨ

ਪੰਜਾਬ ਬਿਊਰੋ

ਨਵੀਂ ਦਿੱਲੀ 11 ਫਰਵਰੀ

ਟਿਕਰੀ ਬਾਰਡਰ ‘ਤੇ ਪਕੌੜਾ ਚੌਂਕ ਨੇੜੇ ਲੱਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਪਣੇ ਹੱਕਾਂ ਲਈ ਜਾਗਰੂਕ ਕਰਨ ਵਾਲੇ ਲੋਕਾਂ  ਨੂੰ ਅੰਦੋਲਨਜੀਵੀ ਕਹਿਣਾ ਕਿਸਾਨਾਂ ਦਾ ਅਪਮਾਨ ਹੈ । ਉਹਨਾਂ ਮੋਦੀ ਹਕੂਮਤ ‘ਤੇ ਦੋਸ਼ ਲਾਇਆ ਕਿ ਇਹ ਸਰਕਾਰ ਕਾਰਪੋਰੇਟਜੀਵੀ ਅਤੇ ਦੰਗਾਜੀਵੀ ਹੈ । ਇਹ ਕਾਲੇ ਕਨੂੰਨ ਰੱਦ ਕਰਨ ਦੀ ਬਜਾਏ ਕਾਰਪੋਰੇਟਾਂ ਦੇ ਹਿੱਤਾਂ ਲਈ ਅਜਿਹੇ ਬਿਆਨ ਦੇ ਕੇ ਸੰਘਰਸ ਨੂੰ ਫੇਲ ਕਰਨ ਲਈ ਦੰਗੇ ਕਰਵਾਉਣ ਦੀ ਸਕੀਮ ਬਣਾ ਰਹੀ ਹੈ। ਉਹਨਾਂ ਕਿਸਾਨਾਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝਦੇ ਹੋਏ ਹੋਰ ਚੇਤੰਨ  ਹੋਣ ਤਾਂ ਜੋ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਫੇਲ੍ਹ ਕਰਦੇ ਹੋਏ ਜਿੱਤ ਵੱਲ ਵਧੀਏ।

ਉਨ੍ਹਾਂ ਕਿਹਾ ਕਿ ਨਵੇਂ ਪ੍ਰਦੂਸ਼ਣ  ਕਨੂੰਨਾਂ  ਤਹਿਤ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਛੋਟਾਂ  ਦਿੱਤੀਆਂ ਹਨ । ਉਤਰਾਖੰਡ ਵਿਚ ਵਾਪਰੀ ਭਿਆਨਕ ਤਬਾਹੀ ਇਹਨਾਂ ਕਾਨੂੰਨਾਂ  ਦਾ ਹੀ ਸਿੱਟਾ ਹੈ ਕਿਉਂਕਿ ਉਹਨਾਂ ਨੇ ਉਤਰਾਖੰਡ ਵਿੱਚ ਵਾਤਾਵਰਨ ਸਬੰਧੀ ਇਹ ਕਾਲੇ ਕਨੂੰਨਾਂ ਨੂੰ ਵਰਤ ਕੇ ਹੀ ਹਾਈਡਲ ਪੋਜੈਕਟ ਉਸਾਰੇ ਹਨ ਜੋ ਇਸ ਭਿਆਨਕ ਤਬਾਹੀ ਦਾ ਕਾਰਨ ਬਣਿਆ । ਪ੍ਰੰਤੂ ਇਨ੍ਹਾਂ ਤਬਾਹੀਆਂ ਦੇ ਜਿੰਮੇਵਾਰ  ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਦੂਜੇ ਪਾਸੇ ਮਜ਼ਬੂਰੀ ਵੱਸ  ਆਪਣੇ ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਬਦਲੇ ਇਹੀ ਨਵੇਂ ਵਾਤਾਵਰਨ ਕਾਨੂੰਨਾਂ ਕਾਰਨ ਕਿਸਾਨਾਂ ਨੂੰ ਥਾਣਿਆਂ ਕਚਹਿਰੀਆਂ ਵਿਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਵੱਡੇ ਵੱਡੇ ਜੁਰਮਾਨੇ ਕੀਤੇ ਜਾ ਰਹੇ ਹਨ ।

‌ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 12 ਫਰਵਰੀ ਨੂੰ ਰਾਜਸਥਾਨ ਵਿੱਚ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਸੱਦੇ ਦੀ ਹਮਾਇਤ ਕੀਤੀ ਜਾਵੇਗੀ ਅਤੇ 18 ਫਰਵਰੀ ਨੂੰ ਰੇਲ ਜਾਮ ਦੇ ਐਕਸ਼ਨ ਨਾਲ ਤਾਲਮੇਲ ਕਰਦੇ ਹੋਏ 12 ਤੋਂ 4 ਵਜੇ ਤੱਕ ਪੂਰਨ ਤੌਰ ਤੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ।

ਅੱਜ ਦੇ ਧਰਨੇ ਨੂੰ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਗੁਰਭੇਜ ਫਾਜਿਲਕਾ, ਗੁਰਬਿੰਦਰ ਪਟਿਆਲਾ, ਮਨਜੀਤ ਸਿੰਘ ਘਰਾਚੋਂ, ਸਤਪਾਲ ਸਿੰਘ ਫਾਜ਼ਿਲਕਾ, ਕਿਸਾਨ ਸੰਘਰਸ਼ ਕਮੇਟੀ ਦੇ ਸੁਖਵੰਤ ਸਿੰਘ ਵਲਟੋਹਾ ਅਤੇ ਹਰਿਆਣਾ ਤੋਂ ਐਡਵੋਕੇਟ ਮਨੋਜ ਸੌਕੀਨ ਨੇ ਵੀ ਸੰਬੋਧਨ ਕੀਤਾ। ਲੋਕ ਪੱਖੀ ਗਾਇਕ ਡਾਕਟਰ ਦਵਿੰਦਰ ਧੌਲਾ, ਬਲਵੀਰ ਸਿੰਘ ਉਗਰਾਹਾਂ ਆਦਿ ਨੇ ਕਿਸਾਨ ਅਤੇ ਲੋਕ ਪੱਖੀ ਗੀਤ ਪੇਸ਼ ਕੀਤੇ।

Leave A Reply

Your email address will not be published.