ਅਸੀਂ ਅੰਦੋਲਨ ਜੀਵੀ ਹਾਂ, ਅੰਦੋਲਨ ਜੀਵੀ ਸੀ ਅਤੇ ਅੰਦੋਲਨ ਜੀਵੀ ਰਹਾਂਗੇ-ਪੰਧੇਰ

ਪੰਜਾਬ ਬਿਊਰੋ

ਚੰਡੀਗੜ੍ਹ, 11 ਫਰਵਰੀ

ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਿੱਚ ਮਹਾਪੰਚਾਇਤਾਂ ਨੂੰ ਮਿਲੇ ਵੱਡੇ ਹੁੰਗਾਰੇ ਮਗਰੋਂ ਅੱਜ ਪੰਜਾਬ ਵਿੱਚ ਪਹਿਲੀ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਸੰਯੁਕਤ ਮੋਰਚੇ ਵੱਲੋਂ ਇਹ ਮਹਾਪੰਚਾਇਤ ਜਗਰਾਉਂ ਅਨਾਜ ਮੰਡੀ ’ਚ ਕਰਵਾਈ ਜਾ ਰਹੀ ਹੈ।

ਮਹਾਪੰਚਾਇਤ ’ਚ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਨਿਰਭੈ ਢੁੱਡੀਕੇ, ਮਨਜੀਤ ਧਨੇਰ ਤੇ ਬੂਟਾ ਬੁਰਜ ਗਿੱਲ ਸ਼ਾਮਲ ਹੋਣਗੇ।

ਇਸ ਮਹਾਪੰਚਾਇਤ ਵਿਚ ਕਿਸਾਨ ਆਗੂ ਮਨਜੀਤ ਧਨੇਰ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਅਸੀਂ ਅੰਦੋਲਨ ਜੀਵੀ ਹਾਂ, ਅੰਦੋਲਨ ਜੀਵੀ ਸੀ ਅਤੇ ਅੰਦੋਲਨ ਜੀਵੀ ਰਹਾਂਗੇ । ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਕਿਸੇ ਨਾਲ ਵੀ ਧੱਕਾ ਹੋਵੇਗਾ ਅਸੀਂ ਅੰਦੋਲਨ ਕਰਾਂਗੇ । 

ਕਿਸਾਨ ਆਗੂ ਮਨਜੀਤ ਧਨੇਰ ਨੇ ਕਿਹਾ ਕਿ ਕੇਂਦਰ ਸਰਕਾਰ ਛੱਬੀ ਜਨਵਰੀ ਨੂੰ ਜਲ੍ਹਿਆਂਵਾਲਾ ਬਾਗ ਬਣਾਉਣਾ ਚਾਹੁੰਦੀ ਸੀ ਪਰ ਸਦਕੇ ਜਾਈਏ ਦੇਸ਼ ਦੇ ਲੋਕਾਂ ਦੇ, ਪੰਜਾਬੀਆਂ ਦੇ, ਕਿਸਾਨਾਂ ਦੇ ਜਿਨ੍ਹਾਂ ਨੇ ਇਸ ਨੂੰ ਜਲ੍ਹਿਆਂਵਾਲਾ ਬਾਗ ਨਹੀਂ ਬਣਨ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਕੁਚਲਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ । ਉਨ੍ਹਾਂ ਦੇ ਵਿਚੋਂ ਇਕ ਹੱਥਕੰਡਾ ਛੱਬੀ ਜਨਵਰੀ ਨੂੰ ਵਰਤਿਆ ਗਿਆ ਜੋ ਦੇਸ਼ ਦੇ ਲੋਕਾਂ ਨੇ ਚੱਲਣ ਨਹੀਂ ਦਿੱਤਾ । 

ਮਨਜੀਤ ਧਨੇਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਮੁੜ ਫੇਰ ਤੂੰ ਆਪਣੇ ਪੈਰਾਂ ਸਿਰ ਹੋ ਗਿਆ ਹੈ ਅਤੇ ਸਿਖਰਾਂ ਵੱਲ ਨੂੰ ਵਧਦਾ ਜਾ ਰਿਹਾ ਹੈ, ਜਿਸ ਦੀ ਵੱਡੀ ਉਦਾਹਰਣ ਅੱਜ ਜਗਰਾਉਂ ਮੰਡੀ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ  ਨੂੰ ਦੇਖਣ ਦੀ ਮਿਲ ਰਹੀ ਹੈ । ਉਨ੍ਹਾਂ ਕਿਹਾ ਕਿ ਇਹ ਅੰਦੋਲਨ ਵਿਚ ਲੋਕਾਂ ਦਾ ਇੱਕੱਠ ਲੋਹੇ ਦੀ ਲੱਠ ਦੇ ਬਰਾਬਰ ਹੈ ਜਦੋਂ ਇਹ ਲੱਠ ਹਾਕਮਾਂ ਦੇ ਸਿਰ ‘ਤੇ ਵਜੇਗੀ ਤਾਂ ਲੋਕਾਂ ਦੀ ਜਿੱਤ ਹੋਵੇਗੀ । 

ਮਨਜੀਤ ਧਨੇਰ ਨੇ ਕਿਹਾ ਕਿ ਸਾਡਾ ਸਰਿਆਂ ਦਾ ਸਾਂਝਾ ਦੁਸ਼ਮਣ ਹੈ , ਜਿਹੜਾ ਸਾਡੀ ਦੇਸ਼ ਦੇ ਸਰਮਾਏ ਨੂੰ ਵੇਚਣ ਲੱਗਿਆ ਹੋਇਆ ਹੈ , ਇਹ ਉਨ੍ਹਾਂ ਕਿਹਾ ਇਹ ਕਿਸਾਨੀ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਦੁਕਾਨਦਾਰਾਂ ਦਾ ਵੀ ਹੈ ਜਿਸ ਨੂੰ ਬਚਾਉਣ ਦੀ ਲੋੜ ਹੈ । ਧਨੇਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੇ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ , ਭਾਰਤ ਦਾ ਪ੍ਰਧਾਨ ਮੰਤਰੀ ਵਾਰ ਵਾਰ ਕਿਸਾਨਾਂ ਨੂੰ ਬਿੱਲ ਵਿੱਚ ਸੋਧਾਂ ਕਰਨ ਦੀਆਂ ਅਪੀਲਾਂ ਕਰ ਰਿਹਾ ਹੈ ਪਰ ਉਹ ਅਜੇ ਵੀ ਉਨ੍ਹਾਂ ਨੂੰ ਰੱਦ ਕਰਨਾ  ਤੇ ਅੜਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ , ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਮੁੜਨਗੇ ।

Leave A Reply

Your email address will not be published.