ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਏਕਤਾ ਉਗਰਾਹਾਂ ਵੱਲੋਂ ਸ਼ਾਮਲ ਹੋਣ ਦਾ ਐਲਾਨ

ਪੰਜਾਬ ਬਿਊਰੋ

ਚੰਡੀਗੜ੍ਹ, 10 ਫਰਵਰੀ 2021

ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 11 ਫਰਵਰੀ ਨੂੰ ਜਗਰਾਓਂ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵੀ ਸੰਕੇਤਕ ਸ਼ਮੂਲੀਅਤ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੋਦੀ ਭਾਜਪਾ ਸਰਕਾਰ ਦੇ ਕਿਸਾਨ ਮਾਰੂ ਅੜੀਅਲ ਵਤੀਰੇ ਨੂੰ ਭਾਂਜ ਦੇਣ ਲਈ ਹੋਰ ਵਧੇਰੇ ਵਿਸ਼ਾਲ ਲਾਮਬੰਦੀਆਂ ਖਾਤਰ ਵਿਸ਼ਾਲ ਕਿਸਾਨ ਏਕਤਾ ਨੂੰ ਮੁੱਖ ਰੱਖ ਕੇ ਇਹ ਫੈਸਲਾ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਮੋਦੀ ਭਾਜਪਾ ਸਰਕਾਰ ਦਿੱਲੀ ਦੀਆਂ ਬਰੂਹਾਂ ‘ਤੇ ਸ਼ਾਂਤਮਈ ਸੰਘਰਸ਼ ਵਿੱਚ ਡਟੇ ਹੋਏ ਕਿਸਾਨਾਂ ਵਿਰੁੱਧ ਵਿਦੇਸ਼ੀ ਧਾੜਵੀ ਦੁਸ਼ਮਣਾਂ ਨਾਲੋਂ ਵੀ ਸਖਤ ਕਿਲੇਬੰਦੀਆਂ ਲਈ ਉੱਚੀਆਂ ਚੌੜੀਆਂ ਕੰਕਰੀਟ ਕੰਧਾਂ ਉਸਾਰਨ ਤੇ ਤਿੱਖੇ ਕਿੱਲ ਗੱਡਣ ਸਮੇਤ ਫਿਰਕੂ ਫੁੱਟਪਾਊ ਸਾਜਿਸ਼ਾਂ ਰਚਣ ਅਤੇ ਪੁਲਿਸ, ਫੌਜ ਦੀ ਛਤਰਛਾਇਆ ਹੇਠ ਫ਼ਿਰਕੂ ਗੁੰਡਾ ਟੋਲਿਆਂ ਰਾਹੀਂ ਹਮਲੇ ਕਰਨ ਦੀ ਦੋਸ਼ੀ ਹੈ। ਮੌਜੂਦਾ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ; ਪੂਰੇ ਦੇਸ਼ ਵਿੱਚ ਲਾਭਕਾਰੀ ਸਮਰਥਨ ਮੁੱਲ ਉੱਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕਰਨ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਪੂਰੇ ਮੁਲਕ ‘ਚ ਲਾਗੂ ਕਰਨ ਦੀਆਂ ਮੰਗਾਂ ਸ਼ਾਮਲ ਹਨ। 26 ਜਨਵਰੀ ਨੂੰ ਫਿਰਕੂ ਸਾਜਿਸ਼ ਰਚ ਕੇ ਪੁਲਸੀ ਗੋਲੀਬਾਰੀ ਵਰਗੇ ਜਾਬਰ ਹਮਲੇ ਦੌਰਾਨ ਸ਼ਹੀਦ ਕੀਤੇ ਗਏ ਯੂ ਪੀ ਦੇ ਕਿਸਾਨ ਨਵਰੀਤ ਸਿੰਘ ਦੇ ਵਾਰਸਾਂ ਨੂੰ 1 ਕ੍ਰੋੜ ਰੁਪਏ ਦੀ ਸਹਾਇਤਾ ਦੇਣ, ਗ੍ਰਿਫਤਾਰ ਕੀਤੇ ਸਾਰੇ ਕਿਸਾਨਾਂ ਨੂੰ ਅਤੇ ਜ਼ਬਤ ਕੀਤੇ ਟ੍ਰੈਕਟਰਾਂ ਨੂੰ ਬਿਨਾਂ ਸ਼ਰਤ ਛੱਡਣ ਅਤੇ ਸੈਂਕੜੇ ਬੇਦੋਸ਼ੇ ਕਿਸਾਨਾਂ ਤੇ ਕਿਸਾਨ ਆਗੂਆਂ ਸਮੇਤ ਨਿਰਪੱਖ ਪੱਤਰਕਾਰਾਂ, ਬੁੱਧੀਜੀਵੀਆਂ  ਸਿਰ ਮੜ੍ਹੇ ਝੂਠੇ ਪੁਲਿਸ ਕੇਸ ਰੱਦ ਕਰਨ ਦੀਆਂ ਮੰਗਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸਾਨ ਘੋਲ਼ ਦੀ ਹਮਾਇਤ ‘ਚ ਮਜਦੂਰਾਂ ਨੂੰ ਲਾਮਬੰਦ ਕਰ ਰਹੀ ਪੰਜਾਬ ਦੀ ਜੰਮਪਲ ਦਿੱਲੀ ਦੀ ਮਜ਼ਦੂਰ ਕਾਰਕੁੰਨ ਉੱਤੇ ਧਾਰਾ 307 ਵਰਗੇ ਸੰਗੀਨ ਕੇਸ ਝੂਠੇ ਮੜ੍ਹ ਕੇ ਥਾਣੇ ਅੰਦਰ ਬੇਤਹਾਸ਼ਾ ਤਸ਼ੱਦਦ ਕਰਨ ਮਗਰੋਂ 12 ਜਨਵਰੀ ਤੋਂ ਜੇਲ੍ਹ ਵਿੱਚ ਡੱਕੀ ਨੌਦੀਪ ਕੌਰ ਗੰਧੜ ਨੂੰ ਵੀ ਤੁਰੰਤ ਰਿਹਾਅ ਕਰਨ ਦੀ ਮੰਗ ਸ਼ਾਮਲ ਹੈ। ਕਿਸਾਨ ਆਗੂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਵਿੱਚ ਭਾਜਪਾ ਆਗੂਆਂ,ਟੌਲ ਪਲਾਜ਼ਿਆਂ,ਸ਼ਾਪਿੰਗ ਮੌਲਾਂ ਤੇ ਸੈੱਲੋ ਗੋਦਾਮਾਂ ਆਦਿ ਵਿਰੁੱਧ 42 ਥਾਂਵਾਂ ‘ਉੱਤੇ 133 ਦਿਨਾਂ ਤੋਂ ਦਿਨੇ ਰਾਤ ਚੱਲ ਰਹੇ ਧਰਨੇ ਵੀ ਵਧ ਰਹੀਆਂ ਲਾਮਬੰਦੀਆਂ ਨਾਲ ਬਾਦਸਤੂਰ ਜਾਰੀ ਹਨ। ਇਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਦਾ ਕਹਿਣਾ ਹੈ ਕਿ ਸਮੂਹ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦਾ ਜੁਝਾਰੂ ਏਕਾ ਹੀ ਸਰਕਾਰ ਦੇ ਸਾਜਿਸ਼ੀ ਤੇ ਜਾਬਰ ਹੱਲਿਆਂ ਨੂੰ ਪਛਾੜ ਰਿਹਾ ਹੈ ਅਤੇ ਅੰਤਮ ਜਿੱਤ ਦੀ ਗਰੰਟੀ ਬਣਦਾ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਡਟੇ ਹੋਏ ਕਿਸਾਨਾਂ ਉੱਪਰ ਸਰਕਾਰ ਦੁਆਰਾ ਮੁੜ ਟਕਰਾਅ ਦੀ ਸਥਿਤੀ ਬਣਾਈ ਜਾ ਸਕਦੀ ਹੈ। ਇਸ ਲਈ ਦਿੱਲੀ ਵੱਲ ਹਜ਼ਾਰਾਂ ਕਿਸਾਨ ਮਜਦੂਰ ਭੈਣਾਂ ਭਰਾਵਾਂ ਦੇ ਛੋਟੇ ਵੱਡੇ ਕਾਫਲੇ ਰੋਜ਼ਾਨਾ ਮੋਰਚਿਆਂ ਵਾਲੀਆਂ ਥਾਂਵਾਂ ‘ਤੇ ਭੇਜਣ ਦਾ ਸੱਦਾ ਦਿੱਤਾ ਗਿਆ। ਸਰਕਾਰੀ ਸਾਜਿਸ਼ ਨੂੰ ਚਕਨਾਚੂਰ ਕਰਨ ਲਈ ਖਾਲਿਸਤਾਨੀ ਜਾਂ ਹੋਰ ਫਿਰਕਾਪ੍ਰਸਤ ਤੱਤਾਂ ਨਾਲ਼ੋਂ ਵੀ ਮੁਕੰਮਲ ਨਿਖੇੜਾ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਗਲਤ ਅਨਸਰਾਂ ਨੂੰ ਮੋਰਚੇ ਵਾਲੀ ਥਾਂ ਤੋਂ ਦੂਰ ਰੱਖਿਆ ਜਾਵੇ। ਉਨ੍ਹਾਂ ਨੇ ਸੱਦਾ ਦਿੱਤਾ ਕਿ ਇਸ ਸਾਜਿਸ਼ੀ ਅਤੇ ਜਾਬਰ ਹੱਲੇ ਵਿਰੁੱਧ ਪੂਰੇ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ, ਟੋਲ ਪਲਾਜ਼ਿਆਂ, ਵੱਡੇ ਸ਼ਾਪਿੰਗ ਮੌਲਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ 42 ਥਾਂਵਾਂ ‘ਤੇ ਚੱਲ ਰਹੇ ਪੱਕੇ ਮੋਰਚੇ ਵੀ ਹੋਰ ਵਿਸ਼ਾਲ ਅਤੇ ਮਜ਼ਬੂਤ ਕੀਤੇ ਜਾਣ।

Leave A Reply

Your email address will not be published.