ਪੰਜਾਬ ‘ਚ ਕਿਸਾਨ ਜਥੇਬੰਦੀਆਂ ਦੇ ਚੱਕਾ ਜਾਮ ਅੰਦੋਲਨ ‘ਚ ਲੋਕਾਂ ਦੀਆਂ ਵੱਡੀਆਂ ਭੀੜਾਂ ਜੁੜੀਆਂ

ਕਿਸਾਨ ਜਥੇਬੰਦੀਆਂ ਨੂੰ ਮਿਲਿਆ ਹਰ ਵਰਗ ਦਾ ਸਮਰਥਨ


ਅੰਮ੍ਰਿਤ ਪਾਲ ਸਿੰਘ ਧਾਲੀਵਾਲ
ਚੰਡੀਗੜ੍ਹ, 6 ਫਰਵਰੀ

ਪੰਜਾਬ ਭਰ ‘ਚ ਅੱਜ ਕਿਸਾਨ ਜਥੇਬੰਦੀਆਂ ਦੇ ਸੱਦੇ ਦੌਰਾਨ ਚੱਕਾ ਜਾਮ ਨੂੰ ਭਰਵਾਂ ਹੁੰਗਾਰਾ ਮਿਲਿਆ। ਔਰਤਾਂ ਅਤੇ ਨੌਜਵਾਨਾਂ ਦੀ ਵੱਡੀ ਗਿਣਤੀ ‘ਚ ਸ਼ਮੂਲੀਅਤ ਨੇ ਸੰਘਰਸ਼ ਨੂੰ ਨਵੀਂ ਤਾਕਤ ਦਿੱਤੀ ਹੈ।ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਚੱਕਾ-ਜਾਮ ਦੇ ਸੱਦੇ ਦੌਰਾਨ 32 ਕਿਸਾਨ ਜਥੇਬੰਦੀਆਂ ਵੱਲੋਂ 350 ਤੋਂ ਵੱਧ ਥਾਵਾਂ ‘ਤੇ ਧਰਨੇ ਲਾਉਂਦਿਆਂ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ-ਐਕਟ 2020 ਰੱਦ ਕਰਵਾਉਣ ਲਈ ਜ਼ਬਰਦਸਤ ਰੋਸ-ਪ੍ਰਦਰਸ਼ਨ ਕੀਤੇ ਗਏ। ਸੂਬੇ-ਭਰ ਦੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਸਮੇਤ ਅਹਿਮ-ਸੜਕੀ ਮਾਰਗ ਬਿਲਕੁਲ ਬੰਦ ਸਨ। ਸੂਬੇ ਨਾਲ ਲਗਦੇ ਸਾਰੇ ਗੁਆਂਢੀ ਰਾਜਾਂ ਤੋਂ ਆਵਜਾਈ ਬੰਦ ਕੀਤੀ ਗਈ। ਸੂਬੇ ਭਰ ‘ਚ ਕਿਸਾਨ ਜਥੇਬੰਦੀਆਂ ਦੇ ਚੱਕਾ-ਜਾਮ ਦੌਰਾਨ ਟਰਾਂਸਪੋਰਟਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵਪਾਰੀਆਂ ਵੱਲੋਂ ਸਹਿਯੋਗ ਕਰਦਿਆਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਸ਼ਾਂਤਮਈ ਅਤੇ ਅਨੁਸ਼ਾਸਨ ਨਾਲ ਸੂਬੇ ਭਰ ‘ਚ ਚੱਕਾ-ਜਾਮ ਕੀਤਾ ਗਿਆ, ਜਿਸਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।


ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮੋਦੀ ਭਾਜਪਾ ਸਰਕਾਰ ਦੀਆਂ ਸਾਜਿਸ਼ੀ ਫੁੱਟਪਾਊ ਚਾਲਾਂ ਅਤੇ ਜਬਰ ਤਸ਼ੱਦਦ ਵਿਰੁੱਧ ਰੋਸ ਵਜੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੁਆਰਾ ਅੱਜ ਮੁਲਕ ਭਰ ਵਿੱਚ ਚੱਕਾ ਜਾਮ ਦੇ ਸੱਦੇ ਤਹਿਤ 15 ਜਿਲ੍ਹਿਆਂ ਵਿੱਚ 33 ਥਾਂਵਾਂ ‘ਤੇ 12 ਤੋਂ 3 ਵਜੇ ਤੱਕ ਮੁੱਖ ਸੜਕ ਮਾਰਗ ਜਾਮ ਕੀਤੇ ਗਏ।ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 13 ਥਾਂਵਾਂ ‘ਤੇ 129 ਦਿਨਾਂ ਤੋਂ ਪੱਕੇ ਧਰਨੇ ਵੀ ਚੱਲ ਰਹੇ ਹਨ। ਸਾਰੇ ਥਾਂਵਾਂ ‘ਤੇ ਕੁੱਲ ਮਿਲਾ ਕੇ ਢਾਈ ਲੱਖ ਦੇ ਕਰੀਬ ਕਿਸਾਨ ਮਜ਼ਦੂਰ, ਨੌਜਵਾਨ, ਔਰਤਾਂ ਅਤੇ ਬੱਚੇ ਬੱਚੀਆਂ ਸ਼ਾਮਲ ਸਨ।

ਵੱਖ ਵੱਖ ਥਾਂਵਾਂ ‘ਤੇ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਮੋਦੀ ਸਰਕਾਰ ਉੱਤੇ ਕਿਸਾਨਾਂ ਵਿਰੁੱਧ ਵਿਦੇਸ਼ੀ ਧਾੜਵੀ ਦੁਸ਼ਮਣਾਂ ਨਾਲੋਂ ਵੀ ਸਖਤ ਕਿਲੇਬੰਦੀਆਂ ਲਈ ਉੱਚੀਆਂ ਚੌੜੀਆਂ ਕੰਕਰੀਟ ਕੰਧਾਂ ਉਸਾਰਨ ਤੇ ਤਿੱਖੇ ਕਿੱਲ ਗੱਡਣ ਸਮੇਤ ਫੁੱਟਪਾਊ ਸਾਜਿਸ਼ਾਂ ਰਚਣ ਅਤੇ ਪੁਲਿਸ, ਫੌਜ ਦੀ ਛਤਰਛਾਇਆ ਹੇਠ ਫ਼ਿਰਕੂ ਗੁੰਡਾ ਟੋਲਿਆਂ ਰਾਹੀਂ ਹਮਲੇ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ; ਪੂਰੇ ਦੇਸ਼ ਵਿੱਚ ਲਾਭਕਾਰੀ ਸਮਰਥਨ ਮੁੱਲ ਉੱਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ।

26 ਜਨਵਰੀ ਨੂੰ ਸਰਕਾਰੀ ਅਧਿਕਾਰੀਆਂ ਨਾਲ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੇ ਤਹਿਸ਼ੁਦਾ ਰੂਟ ਪੁਲਿਸ ਵੱਲੋਂ ਜਾਮ ਕਰਕੇ ਅਤੇ ਆਪਣੇ ਸਿਆਸੀ ਹੱਥਠੋਕਿਆਂ ਰਾਹੀਂ ਭੋਲੇ ਭਾਲੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲੇ ਉੱਤੇ ਸਿੱਖਾਂ ਦਾ ਨਿਸ਼ਾਨ ਸਾਹਿਬ ਚੜ੍ਹਵਾ ਕੇ ਸ਼ਾਂਤਮਈ ਕਿਸਾਨ ਮੋਰਚਿਆਂ ਉੱਤੇ ਖਾਲਿਸਤਾਨ ਦਾ ਠੱਪਾ ਲਾਉਣ ਦੀ ਸਾਜਿਸ਼ ਰਚਣ ਅਤੇ ਪੁਲਸੀ ਗੋਲੀਬਾਰੀ ਵਰਗੇ ਜਾਬਰ ਹਮਲੇ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ ਮੌਕੇ ਸ਼ਹੀਦ ਹੋਏ ਯੂ ਪੀ ਦੇ ਕਿਸਾਨ ਨਵਰੀਤ ਸਿੰਘ ਦੇ ਵਾਰਸਾਂ ਨੂੰ 1 ਕ੍ਰੋੜ ਰੁਪਏ ਦੀ ਸਹਾਇਤਾ ਦੇਣ, ਗ੍ਰਿਫਤਾਰ ਕੀਤੇ ਸਾਰੇ ਕਿਸਾਨਾਂ ਨੂੰ ਬਿਨਾਂ ਸ਼ਰਤ ਛੱਡਣ, ਜ਼ਬਤ ਕੀਤੇ ਸਾਰੇ ਟ੍ਰੈਕਟਰ ਛੱਡਣ ਅਤੇ ਕਿਸਾਨਾਂ ਤੇ ਕਿਸਾਨ ਆਗੂਆਂ ਸਿਰ ਮੜ੍ਹੇ ਝੂਠੇ ਪੁਲਿਸ ਕੇਸ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਕਿਸਾਨ ਘੋਲ਼ ‘ਚ ਲਗਾਤਾਰ ਆ ਰਹੀ ਪੰਜਾਬ ਦੀ ਵਸਨੀਕ ਦਿੱਲੀ ਦੀ ਮਜ਼ਦੂਰ ਆਗੂ ਨੌਦੀਪ ਗੰਧੜ ਉੱਤੇ ਧਾਰਾ 307 ਵਰਗਾ ਸੰਗੀਨ ਕੇਸ ਝੂਠਾ ਮੜ੍ਹ ਕੇ ਥਾਣੇ ਅੰਦਰ ਬੇਤਹਾਸ਼ਾ ਤਸ਼ੱਦਦ ਕਰਨ ਮਗਰੋਂ ਜੇਲ੍ਹ ਵਿੱਚ ਡੱਕਣ ਦੀ ਸਖਤ ਨਿਖੇਧੀ ਕਰਦਿਆਂ ਉਸਨੂੰ ਵੀ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।ਥਾਂ ਥਾਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕੇਂਦਰੀ ਬਜਟ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਦੋਸ਼ ਲਾਇਆ ਕਿ ਪਿਛਲੇ ਸਾਲ ਨਾਲੋਂ ਖੇਤੀ ਖੇਤਰ ਲਈ ਕੁੱਲ ਬਜਟ ਵਿੱਚ ਵੀ ਅਤੇ ਖੇਤੀ ਸਬਸਿਡੀਆਂ ਲਈ ਰਾਖਵੀਂ ਰਾਸ਼ੀ ਵਿੱਚ ਵੀ ਭਾਰੀ ਕਟੌਤੀਆਂ ਤੋਂ ਇਲਾਵਾ ਫਸਲਾਂ ਦੀ ਖਰੀਦ ਖਾਤਰ ਐਫ ਸੀ ਆਈ ਲਈ ਰਾਖਵੀਂ ਰਾਸ਼ੀ ਜ਼ੀਰੋ ਕਰਕੇ ਸਰਕਾਰ ਵੱਲੋਂ ਕਿਸਾਨਾਂ ਨਾਲ ਜੱਦੀ ਦੁਸ਼ਮਣੀ ਅਤੇ ਸਾਮਰਾਜੀ ਕਾਰਪੋਰੇਟਾਂ ਨਾਲ ਗੂੜ੍ਹੀ ਯਾਰੀ ਦਾ ਸਬੂਤ ਦਿੱਤਾ ਗਿਆ ਹੈ।

ਬੁਲਾਰਿਆਂ ਦਾ ਕਹਿਣਾ ਸੀ ਕਿ ਮਿਹਨਤਕਸ਼ ਲੋਕਾਂ ਦਾ ਜੁਝਾਰੂ ਏਕਾ ਹੀ ਸਰਕਾਰ ਦੇ ਸਾਜਿਸ਼ੀ ਤੇ ਜਾਬਰ ਹੱਲਿਆਂ ਨੂੰ ਪਛਾੜ ਰਿਹਾ ਹੈ ਅਤੇ ਅੰਤਮ ਜਿੱਤ ਦੀ ਗਰੰਟੀ ਬਣਦਾ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਡਟੇ ਹੋਏ ਕਿਸਾਨਾਂ ਉੱਪਰ ਸਰਕਾਰ ਦੁਆਰਾ ਮੁੜ ਟਕਰਾਅ ਦੀ ਸਥਿਤੀ ਬਣਾਈ ਜਾ ਸਕਦੀ ਹੈ। ਇਸ ਲਈ ਦਿੱਲੀ ਵੱਲ ਹਜ਼ਾਰਾਂ ਕਿਸਾਨ ਮਜਦੂਰ ਭੈਣਾਂ ਭਰਾਵਾਂ ਦੇ ਛੋਟੇ ਵੱਡੇ ਕਾਫਲੇ ਰੋਜ਼ਾਨਾ ਮੋਰਚਿਆਂ ਵਾਲੀਆਂ ਥਾਂਵਾਂ ਤੇ ਭੇਜੇ ਜਾਣੇ ਚਾਹੀਦੇ ਹਨ।

ਸਰਕਾਰੀ ਸਾਜਿਸ਼ ਨੂੰ ਚਕਨਾਚੂਰ ਕਰਨ ਲਈ ਖਾਲਿਸਤਾਨੀ ਜਾਂ ਹੋਰ ਫਿਰਕਾਪ੍ਰਸਤ ਤੱਤਾਂ ਨਾਲ਼ੋਂ ਵੀ ਮੁਕੰਮਲ ਨਿਖੇੜਾ ਕੀਤਾ ਜਾਣਾ ਚਾਹੀਦਾ ਹੈ। ਬੁਲਾਰਿਆਂ ਨੇ ਰੇਲਾਂ ਰਾਹੀਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਲਈ ਰੋਹਤਕ ਤੋਂ ਅੱਗੇ ਰੇਲਵੇ ਰੂਟ ਬਦਲਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਸਾਨਾਂ ਨੂੰ ਆਪਣੇ ਵਹੀਕਲਾਂ ਰਾਹੀਂ ਹੀ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਗਲਤ ਅਨਸਰਾਂ ਨੂੰ ਮੋਰਚੇ ਵਾਲੀ ਥਾਂ ਤੋਂ ਦੂਰ ਰੱਖਿਆ ਜਾਵੇ। ਉਨ੍ਹਾਂ ਨੇ ਸੱਦਾ ਦਿੱਤਾ ਕਿ ਇਸ ਸਾਜਿਸ਼ੀ ਅਤੇ ਜਾਬਰ ਹੱਲੇ ਵਿਰੁੱਧ ਪੂਰੇ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ, ਟੋਲ ਪਲਾਜ਼ਿਆਂ, ਵੱਡੇ ਸ਼ਾਪਿੰਗ ਮੌਲਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ 42 ਥਾਂਵਾਂ ‘ਤੇ ਚੱਲ ਰਹੇ ਪੱਕੇ ਮੋਰਚੇ ਵੀ ਹੋਰ ਵਿਸ਼ਾਲ ਅਤੇ ਮਜ਼ਬੂਤ ਕੀਤੇ ਜਾਣ। ਕਿਸਾਨ ਮਜਦੂਰ ਏਕਤਾ ਨੂੰ ਹੋਰ ਵਿਸ਼ਾਲ ਤੇ ਮਜਬੂਤ ਕੀਤਾ ਜਾਵੇ।

ਪਿੰਡਾਂ ਸ਼ਹਿਰਾਂ ਦੇ ਹਰੇਕ ਮਿਹਨਤੀ ਪ੍ਰਵਾਰ ਨੂੰ ਪ੍ਰੇਰਿਤ ਕਰਕੇ ਦਿੱਲੀ ਮੋਰਚੇ ‘ਤੇ ਜਾਣ ਸੰਬੰਧੀ ਲਾਮਬੰਦ ਕੀਤਾ ਜਾਵੇ।ਪ੍ਰੰਤੂ ਕੁੱਝ ਪੰਚਾਇਤਾਂ ਦੁਆਰਾ ਦਿੱਲੀ ਨਾ ਜਾ ਸਕਣ ਵਾਲੇ ਲੋਕਾਂ ਨੂੰ ਜੁਰਮਾਨੇ ਕਰਨ ਵਾਲੇ ਮਤਿਆਂ ਨਾਲ਼ੋਂ ਸਪੱਸ਼ਟ ਨਿਖੇੜਾ ਵੀ ਕੀਤਾ ਜਾਵੇ। ਅੱਜ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਰਾਮ ਸਿੰਘ ਭੈਣੀਬਾਘਾ, ਜਗਤਾਰ ਸਿੰਘ ਕਾਲਾਝਾੜ, ਸੁਨੀਲ ਕੁਮਾਰ ਭੋਡੀਪੁਰਾ, ਹਰਜਿੰਦਰ ਸਿੰਘ ਬੱਗੀ, ਗੁਰਮੀਤ ਸਿੰਘ ਕਿਸ਼ਨਪੁਰਾ, ਜਸਪਾਲ ਸਿੰਘ ਨੰਗਲ, ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਮੱਤੇਨੰਗਲ, ਜਸਵੀਰ ਸਿੰਘ ਗੰਡੀਵਿੰਡ,ਮੋਹਨ ਸਿੰਘ ਨਕੋਦਰ, ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਭਾਗ ਸਿੰਘ ਮਰਖਾਈ ਆਦਿ ਸ਼ਾਮਲ ਸਨ।

Leave A Reply

Your email address will not be published.