ਕਿਸਾਨ ਸੰਘਰਸ਼ ਨੇ ਲੋਕਾਂ ਦੇ ਦੁਸ਼ਮਣ ਕੀਤੇ ਨੰਗੇ

ਪੰਜਾਬ ਬਿਊਰੋ

ਨਵੀਂ ਦਿੱਲੀ, 3 ਫਰਵਰੀ

ਜਿੰਨਾ ਚਿਰ ਮੋਦੀ ਸਰਕਾਰ  ਫੜੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਕੇ ਤੇ ਬਾਕੀ ਦੇ ਜਾਬਰ ਕਦਮ ਵਾਪਸ ਲੈ ਕੇ ਸੁਖਾਵਾਂ ਮਾਹੌਲ ਨਹੀ ਬਣਾਉਦੀ ਉਨਾਂ ਚਿਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਟਿੱਕਰੀ ਬਾਰਡਰ ‘ਤੇ ਪਕੌੜਾ ਚੌਂਕ ‘ਚ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।ਉਹਨਾਂ ਮੰਗ ਕੀਤੀ ਕਿ  ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀ ਪੁਲਿਸ ਫੋਰਸ ਵਲੋਂ ਕੀਤੀ ਘੇਰਾਬੰਦੀ ਖਤਮ ਕੀਤੀ ਜਾਵੇ , ਬਿਜਲੀ-ਪਾਣੀ ,ਇੰਟਰਨੈਟ ਸੇਵਾਵਾਂ ਬਹਾਲ ਕੀਤੀਆਂ ਜਾਣ, 26 ਜਨਵਰੀ ਵਾਲੀ ਘਟਨਾ ਨਾਲ਼ ਜੋੜ ਕੇ ਜੇਲਾਂ ਵਿੱਚ ਬੰਦ ਕਿਸਾਨ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਥਾਣਿਆਂ ‘ਚ ਜਬਤ ਕੀਤਾ ਸਾਮਾਨ ਵਾਪਸ ਕੀਤਾ ਜਾਵੇ, ਕਿਸਾਨ ਆਗੂਆਂ ਉਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ। ਜੇਲਾਂ ਵਿੱਚ ਬੰਦ ਕਿਸਾਨਾਂ ਬਾਰੇ ਉਨ੍ਹਾਂ ਕਿਹਾ ਕਿ ਜਥੇਬੰਦੀ ਦੀਆਂ ਟੀਮਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਲਗਭਗ 65 ਕਿਸਾਨਾਂ ਬਾਰੇ ਪਤਾ ਲੱਗ ਚੁੱਕਿਆ ਹੈ ਜਦੋਂ ਕਿ ਬਾਕੀਆਂ ਦੀ ਪੜਤਾਲ ਜਾਰੀ ਹੈ। ਉਨ੍ਹਾਂ  ਹਾਲੇ ਵੀ ਗੁੰਮਸ਼ੁਦਾ ਕਿਸਾਨਾਂ ਬਾਰੇ ਪੀੜਤ ਪਰਿਵਾਰਾਂ ਨੂੰ  9417539714  ਉਤੇ ਸੂਚਨਾ ਦੇਣ ਦੀ ਵੀ ਅਪੀਲ ਕੀਤੀ।ਉਹਨਾਂ ਐਲਾਨ ਕੀਤਾ ਕਿ ਕਿਸਾਨਾਂ ਦੀ ਰਿਹਾਈ ਲਈ ਹੋਣ ਵਾਲ਼ਾ ਸਾਰਾ ਕਾਨੂੰਨੀ ਖਰਚਾ ਜਥੇਬੰਦੀ ਵੱਲੋਂ ਕੀਤਾ ਜਾਵੇਗਾ।

ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ  ਜਲੰਧਰ ਵੱਲੋਂ ਪਹੁੰਚੇ ਉੱਘੇ ਸਮਾਜਿਕ ਕਾਰਕੁੰਨ ਡਾਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ  ਬਸਤੀਵਾਦੀ ਅੰਗਰੇਜ਼ ਹਕੂਮਤ ਵਿਰੁੱਧ ਚੱਲੇ ਸੰਘਰਸ਼ ਵਿਚ ਵੀ ਹਰਿਆਣਾ (ਜੋ ਕਿ ਉਦੋਂ ਪੰਜਾਬ ਦਾ ਹੀ ਹਿੱਸਾ ਸੀ) ਦਾ  ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਹੁਣ ਵੀ ਹਰਿਆਣਾ ਦੇ ਕਿਸਾਨ ਉੱਭਰਵਾਂ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਬਸਤੀਵਾਦੀ ਹਕੂਮਤ ਖਿਲਾਫ ਚੱਲੇ   ਸੰਘਰਸ਼ਾਂ ਵਿੱਚ  ਲੋਕਾਂ ਨੂੰ ਲੁੱਟਣ ਵਾਲੇ ਅੰਗਰੇਜ਼   ਲੋਕਾਂ ਨੂੰ ਆਪਣੇ ਦੁਸ਼ਮਣ ਵਜੋਂ ਪ੍ਰਤੱਖ ਦਿਖਾਈ ਦਿੰਦੇ ਸਨ । ਪਰ ਸੰਨ ਸੰਤਾਲੀ ਦੀ ਸਤਾ ਬਦਲੀ ਤੋਂ ਬਾਅਦ  ਕਿਸਾਨਾਂ ਮਜ਼ਦੂਰਾਂ ਸਮੇਤ ਦੇਸ਼ ਦੇ ਸਮੂਹ ਕਿਰਤੀ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਵਾਲੀਆਂ ਦੇਸੀ ਵਿਦੇਸ਼ੀ ਬਹੁ ਕੌਮੀ ਕੰਪਨੀਆਂ ਸਾਫ ਦਿਖਾਈ ਨਹੀਂ ਸੀ ਦਿੰਦੀਆਂ । ਉਹਨਾਂ ਕਿਹਾ ਮੌਜੂਦਾ  ਇਤਹਾਸਕ ਕਿਸਾਨ ਘੋਲ਼ ਦੀ ਇਹ ਬਹੁਤ ਵੱਡੀ ਪ੍ਰਾਪਤੀ  ਹੈ ਕਿ ਇਸਨੇ ਇਹਨਾਂ ਲੁਟੇਰੀਆਂ ਦੇਸੀ ਵਿਦੇਸ਼ੀ ਧੜਵੈਲ ਕੰਪਨੀਆਂ ਨੂੰ ਕਿਸਾਨਾਂ ਤੇ ਲੋਕਾਂ ਦੇ ਅਸਲ ਦੁਸ਼ਮਣਾਂ ਵਜੋਂ ਨੰਗੇ ਕਰ ਦਿੱਤਾ ਹੈ ਜੋ ਭਾਰਤੀ ਹਾਕਮਾਂ  ਦੇ ਮੋਢਿਆਂ ‘ਤੇ ਚੜ੍ਹਕੇ ਲੋਕਾਂ ਦੀ ਕਿਰਤ ਤੇ ਦੇਸ਼ ਦੇ ਅਮੀਰ ਕੁਦਰਤੀ ਸਰੋਤਾਂ ਨੂੰ ਲੁੱਟ ਰਹੀਆਂ ਹਨ।  ਉਹਨਾਂ ਕਿਹਾ ਕਿ ਦੇਸ਼ ਦੀਆਂ ਹਕੂਮਤਾਂ ਵੱਲੋਂ  ਇਹਨਾਂ ਲੁਟੇਰੀਆਂ ਜਮਾਤਾਂ ਦੀ ਲੁੱਟ ਨੂੰ ਕਾਇਮ ਰੱਖਣ ਤੇ ਵਧਾਉਣ ਲਈ ਲੋਕਾਂ ਨੂੰ ਧਰਮਾਂ, ਜਾਤਾਂ ਇਲਾਕਿਆਂ ਦੇ ਨਾਂ ਤੇ ਲੋਕਾਂ ਨੂੰ ਆਪਸ ਵਿੱਚ  ਉਲਝਾ ਰੱਖਿਆ ਹੋਇਆ ਹੈ ਅਤੇ ਮੋਦੀ ਸਰਕਾਰ ਇਸ ਪਾੜੋ ਤੇ ਰਾਜ ਕਰੋ ਦੀ ਨੀਤੀ ਦੀ ਚੈਂਪੀਅਨ ਬਣੀ ਹੋਈ ਹੈ।ਇਸੇ ਦੌਰਾਨ ਅੱਜ ਜੀਂਦ ਵਿਖੇ ਮਹਾਂ ਪੰਚਾਇਤ ਦੌਰਾਨ ਮੰਚ  ਟੁੱਟਣ ਕਾਰਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਰਿਕੇਸ ਟਿਕੈਤ ਦੇ ਡਿੱਗ ਜਾਣ ਦੀ ਘਟਨਾ ‘ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਫੋਨ ਉੱਤੇ ਇਹਨਾਂ ਆਗੂਆਂ ਦਾ  ਹਾਲ ਚਾਲ ਪੁੱਛਿਆ ਗਿਆ। ਅੱਜ ਦੇ ਧਰਨੇ ਨੂੰ ਅਮਰਜੀਤ ਸਿੰਘ ਸੈਦੋਕੇ, ਦਰਸ਼ਨ ਫੌਜੀ, ਦਰਸ਼ਨ ਸਿੰਘ ਭੈਣੀ ਮਹਿਰਾਜ ,ਗੁਰਪ੍ਰੀਤ ਸਿੰਘ ਲੁਧਿਆਣਾ, ਹਰਪ੍ਰੀਤ ਕੌਰ ਜੇਠੂਕੇ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਹਰਿਆਣਾ ਤੋਂ ਵਰਿੰਦਰ ਕੈਥਲ ਅਤੇ ਚਤਰ ਸਿੰਘ ਝੱਜਰ ਨੇ ਵੀ ਸੰਬੋਧਨ ਕੀਤਾ।

Leave A Reply

Your email address will not be published.