ਜਿੰਦਗੀ ਮੌਤ ਦੀ ਲੜ੍ਹਾਈ ਬਣ ਚੁੱਕਾ ਸੰਘਰਸ਼ ਚੁਣੌਤੀਆਂ ਸਰ ਕਰਦਾ ਹੋਇਆ ਜਿੱਤ ਦੀ ਮੰਜਿਲ ਵੱਲ ਅੱਗੇ ਵਧੇਗਾ-ਬੁਰਜਗਿੱਲ

ਪੰਜਾਬ ਬਿਊਰੋ

ਨਵੀਂ ਦਿੱਲੀ, 1 ਫਰਵਰੀ

26 ਨਵੰਬਰ ਤੋਂ ਪੰਜਾਬ ਤੋਂ ਚੱਲਿਆ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਦਿੱਲੀ ਦੀਆਂ ਬਰੂਹਾਂ ਉੱਤੇ ਆਣ ਪੁੱਜਾ ਸਾਂਝਾ ਕਿਸਾਨ/ਲੋਕ ਸੰਘਰਸ਼ ਨਿਰਣਾਇਕ ਮੋੜ ਵਿੱਚ ਦਾਖਲ ਹੋ ਗਿਆ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਪਣੀ ਗੱਲ ਜਾਰੀ ਰੱਖਦਿਆਂ ਦੋਵੇਂ ਆਗੂਆਂ ਕਿਹਾ ਕਿ ਜਦ 5 ਜੂਨ 2020 ਨੂੰ ਮੋਦੀ ਹਕੂਮਤ ਨੇ ਖੇਤੀ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਸਨ ਤਾਂ ਇਹ ਉਹ ਸਮਾਂ ਜਦੋਂ ਸਮੁੱਚਾ ਮੁਲਕ ਕਰੋਨਾ ਦੀ ਦਹਿਸ਼ਤ ਹੇਠ ਘਰਾਂ ਵਿੱਚ ਕੈਦ ਕੀਤਾ ਹੋਇਆ ਸੀ।ਸਾਰਾ ਕਾਰੋਬਾਰ ਠੱਪ ਪਿਆ ਸੀ, ਵੱਡੀ ਪੱਧਰ ਤੇ ਕਰੋੜਾਂ ਦੀ ਤਾਦਾਦ’ਚ ਮਜਦੂਰ ਸੈਕੜੇ/ਹਜਾਰਾਂ ਕਿਲੋਮੀਟਰ ਦਾ ਸਫਰ ਪੈਦਲ ਤਹਿ ਕਰਕੇ ਆਪਣੇ ਜੱਦੀ ਘਰਾਂ ਵੱਲ ਪਰਤਣ ਲਈ ਮਜਬੂਰ ਸਨ।ਮੋਦੀ ਹਕੂਮਤ ਨੂੰ ਇਨਾਂ ਕਰੋੜਾਂ ਮਜਦੂਰਾਂ ਦੀ ਕੋਈ ਪ੍ਰਵਾਹ ਨਹੀਂ ਸੀ। ਸਗੋਂ ਮੋਦੀ ਹਕੂਮਤ ਤਾਂ ਕਰੋਨਾ ਸੰਕਟ ਨੂੰ ਗਨੀਮਤ ਮੌਕਾ ਸਮਝਕੇ ਕਰੋੜਾਂ-ਕਰੋੜ ਕਿਸਾਨਾਂ ਦੇ ਮੌਤ ਦੇ ਵਰੰਟ ਜਾਰੀ ਕਰਨ ਲਈ ਉਤਾਵਲੀ ਸੀ। ਮੋਦੀ ਹਕੂਮਤ ਅਜਿਹਾ ਸਾਰਾ ਕੁੱਝ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਬੈਂਕ ਦੀਆਂ ਥੋਪੀਆਂ ਸ਼ਰਤਾਂ ਤਹਿਤ ਚਂੰਦ ਉੱਚ ਅਮੀਰ ਘਰਾਣਿਆਂ ਅਡਾਨੀ-ਅੰਬਾਨੀ ਸਮੇਤ ਹੋਰਨਾਂ ਦੇ ਹਿੱਤਾਂ ਲਈ ਕਰ ਰਹੀ ਸੀ।2016 ਦੀ ਨੋਟਬੰਦੀ ਤੋਂ ਸ਼ੁਰੂ ਕੀਤੇ ਆਰਥਿਕ ਹੱਲੇ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ,ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ੱਿਵਚ ਤਬਦੀਲ ਕਰਨ, ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ, ਜੰਮੂਕਸ਼ਮੀਰ ਵਿੱਚੋਂ ਧਾਰਾ-370 ਖਤਮ ਕਰਨ ਸਮੇਤ ਰਾਜ ਦਾ ਦਰਜਾ ਖਤਮ ਕਰਨ ਵੇਲੇ ਕਿਸੇ ਵੱਡੇ ਵਿਰੋਧ ਦਾ ਸਾਹਮਣਾ ਨਹੀ ਕਰਨਾ ਪਿਆ ਸੀ। ਮੋਦੀ ਹਕੂਮਤ ਸਮਝਦੀ ਸੀ ਕਿ ਉਸ ਦੇ ਅੱਥਰੇ ਘੋੜੇ ਦੀ ਕੋਈ ਲਗਾਮ ਫੜ੍ਹਨ ਵਾਲਾ ਨਹੀਂ ਹੈ।ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵਾਲੀ ਸਥਿਤੀ ਦੇ ਚਲਦਿਆਂ ਮੋਦੀ ਹਕੂਮਤ ਨੇ ਕਿਸਾਨੀ ਦੇ ਅਜਿਹੇ ਜਥੇਬੰਦਕ ਵਿਰੋਧ ਦੀ ਕਲਪਨਾ ਵੀ ਨਹੀਂ ਕੀਤੀ ਸੀ। ਪੰਜਾਬ ਦੀਆਂ ਸੰਗਰਾਮਾਂ ਦੇ ਮੈਦਾਨ ਵਿੱਚ ਸਰਗਰਮ ਕਿਸਾਨ ਜਥੇਬੰਦੀਆਂ ਨੇ ਪੂਰੀ ਤਿਆਰੀ ਨਾਲ ਸੰਘਰਸ਼ ਦਾ ਅਜਿਹਾ ਵੇਗ ਤੋਰਿਆ ਕਿ ਹੁਣ ਮੁਲਕ ਦੀਆਂ 472 ਕਿਸਾਨ ਜਥੇਬੰਦੀਆਂ ਸੰਗ ਸਾਂਝ ਦੀ ਜੋਟੀ ਪਾ ਮੋਦੀ ਹਕੂਮਤ ਨੂੰ ਕੰਬਣੀਆਂ ਛੇੜ ਰਿਹਾ ਹੈ।ਹਰ ਸਾਜਿਸ਼ ਨੂੰ ਜਥੇਬੰਦਕ ਕਿਸਾਨ/ਲੋਕ ਤਾਕਤ ਨਾਲ ਪਛਾੜਿਆ ਜਾ ਰਿਹਾ ਹੈ।ਇਸ ਸਾਂਝੇ ਕਿਸਾਨ/ਲੋਕ ਸੰਘਰਸ਼ ਦੀ ਗੂੰਜ ਸਭ ਹੱਦਾਂ ਬੰਨ੍ਹੇ ਟੱਪ ਸੰਸਾਰ ਦੇ ਕੋਨੇ ਕੋਨੇ ਵਿੱਚ ਸੁਣਾਈ ਦੇ ਰਹੀ ਹੈ। ਹਰ ਤਬਕਾ ਇਸ ਸੰਘਰਸ਼ ਨਾਲ ਸਾਂਝ ਦੀ ਜੋਟੀ ਪਾ ਚੁੱਕਾ ਹੈ। 26 ਜਨਵਰੀ ਦੇ ਕਿਲੇ ਉੱਪਰ ਕੇਸਰੀ ਝੰਡਾ ਝੁਲਾਏ ਜਾਣ ਵਾਲੀ ਸਾਜਿਸ਼ ਦਾ ਵੀ ਪਰਦਾਚਾਕ ਕਰਕੇ ਮੂੰਹ ਤੋੜ ਜਵਾਬ ਦੇ ਦਿੱਤਾ ਹੈ। ਵਕਤੀ ਇੱਕ ਦੋ ਦਿਨ ਦੇ ਠਹਿਰਾਅ ਤੋਂ ਬਾਅਦ ਸੰਘਰਸ਼ ਨੇ ਨਵੀਂ ਵੇਗ ਫੜ੍ਹ ਲਈ ਹੈ।ਆਗੂਆਂ ਕਿਹਾ ਕਿ ਮੋਦੀ ਹਕੂਮਤ ਦੀ ਗੋਦੀ ਮੀਡੀਆ ਦੇ ਆਸਰੇ ਚੱਲੀ ਕੋਈ ਪਹਿਲੀ ਜਾਂ ਆਖਰੀ ਸਾਜਿਸ਼ ਨਹੀਂ ਹੈ। ਪਰ ਹਰ ਸਾਜਿਸ਼ ਦਾ ਕਿਸਾਨ/ਲੋਕ ਤਾਕਤ ਦੇ ਆਸਰੇ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ ਕਿਉਂਕਿ ਇਸ ਸਾਂਝੇ ਕਿਸਾਨ/ਲੋਕ ਸੰਘਰਸ਼ ਦੀਆਂ ਜੜ੍ਹਾਂ ਲੋਕ ਮਨਾਂ ਵਿੱਚ ਏਨੀਆਂ ਮਜਬੂਤ ਲੱਗ ਚੁੱਕੀਆਂ ਹਨ ਕਿ ਕੋਈ ਵੀ ਤਾਕਤ ਇਸ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕੇਗੀ। ਖੇਤੀ ਵਿਰੋਧੀ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਬਿਲ 2020 ਖਿਲ਼ਾਫ ਲੜਾਈ ਹਰ ਹਾਲਤ ਵਿੱਚ ਜਿੱਤੀ ਜਾਵੇਗੀ।

Leave A Reply

Your email address will not be published.