ਸ਼ਹਿਰੀ ਚੋਣਾਂ ‘ਚ ਪੁਲਿਸ ਤੇ ਸਿਵਲ ਅਧਿਕਾਰੀ ਕੈਪਟਨ ਦੇ ਇਸ਼ਾਰੇ ‘ਤੇ ਲੋਕਤੰਤਰ ਦੀਆਂ ਉਡਾ ਰਹੇ ਹਨ ਧੱਜੀਆਂ

ਪੰਜਾਬ ਬਿਊਰੋ

ਚੰਡੀਗੜ੍ਹ, 1 ਫਰਵਰੀ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੋ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਕਾਗਜ਼ ਨਾ ਭਰਨ ਦੇਣ ਦਾ ਦੋਸ਼ ਲਗਾਇਆ ਹੈ। ਪਾਰਟੀ ਹੈੱਡਕੁਆਟਰ ਉੱਤੇ ਬੁਲਾਈ ਪ੍ਰੈਸ ਕਾਨਫਰੰਸ ‘ਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾਂ ਨੇ ਕਿਹਾ ਅੱਜ ਜਦੋਂ ਜਲਾਲਾਬਾਦ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਗਜ਼ ਦਾਖਲ ਕਰਨ ਲਈ ਐਸ ਡੀ ਐਮ ਦਫ਼ਤਰ ਪੁੱਜੇ ਤਾਂ ਐਸ ਡੀ ਐਮ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਤਾਂ ਸੱਤਾਧਾਰੀ ਕਾਂਗਰਸ ਪਾਰਟੀ ਦੇ ਲੋਕ ਦਫ਼ਤਰ ਵਿੱਚ ਸ਼ਰ੍ਹੇਆਮ ਗੁੰਡਾਗਰਦੀ ਕਰਦੇ ਹੋਏ ਪੁਲਿਸ ਦੀ ਮਦਦ ਨਾਲ ਉਮੀਦਵਾਰਾਂ ਦੇ ਕਾਗਜ਼ ਖੋਹ ਕੇ ਲੈ ਗਏ ਅਤੇ ਉਮੀਦਵਾਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਧੱਕੇ ਮਾਰ ਕੇ ਕਚਹਿਰੀ ਵਿੱਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰਾ ਕੁਝ ਐਸ ਐਚ ਓ ਜਲਾਲਾਬਾਦ ਸਿਟੀ ਦੀ ਅਗਵਾਈ ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਹਰਸਹਾਏ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਹੈ, ਉਥੇ ਅੱਜ ਸਵੇਰ ਤੋਂ ਸਾਡੇ ਵਿਧਾਇਕ ਕੁਲਵੰਤ ਸਿੰਘ ਪੰਡੌਰੀ ਸਾਡੇ ਉਮੀਦਵਾਰਾਂ ਨਾਲ ਐਸਡੀਐਮ ਦਫ਼ਤਰ ਬੈਠੇ ਹੋਏ ਹਨ, ਪ੍ਰੰਤੂ ਉਥੇ ਕਾਗਜ਼ ਭਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ, ਸਿਰਫ ਕਾਂਗਰਸੀਆਂ ਨੂੰ ਹੀ ਕਾਗਜ਼ ਭਰਨ ਦਿੱਤੇ ਜਾ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੀਰਾ ਵਿਚ ‘ਆਪ’ ਉਮੀਦਵਾਰਾਂ ਦੇ ਘਰ ਕਾਂਗਰਸੀ ਪੁਲਿਸ ਨੂੰ ਲੈ ਕੇ ਜਾ ਰਹੇ ਹਨ ਤੇ ਧਮਕੀ ਦੇ ਰਹੇ ਹਨ ਕਿ ਜੇਕਰ ਤੁਸੀਂ ਆਪਣੇ ਕਾਗਜ਼ ਭਰੇ ਤਾਂ ਤੁਹਾਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਵਾਰ ਵਾਰ ਅਫ਼ਸਰਾਂ ਨਾਲ ਰਾਬਤਾ ਬਣਾ ਰਹੇ ਹਨ, ਪ੍ਰੰਤੂ ਅਫਸਰ ਕੋਈ ਵੀ ਰਾਹ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਦੋ ਸ਼ਿਕਾਇਤਾਂ ਐਸਐਸਪੀ ਫਾਜ਼ਿਲਕਾ, ਫਿਰੋਜ਼ਪੁਰ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਫਿਰੋਜ਼ਪੁਰ ਨੂੰ ਕੀਤੀਆਂ ਹਨ। ਇਨ੍ਹਾਂ ਸ਼ਿਕਾਇਤਾਂ ਰਾਹੀਂ ਮੰਗ ਕੀਤੀ ਹੈ ਕਿ ਸਬੰਧਤ ਐਸਐਚਓ ਫਾਜ਼ਿਲਕਾ, ਜ਼ੀਰਾ ਅਤੇ ਗੁਰੂ ਹਰਸਾਹਏ ਵਿਰੁਧ ਕਾਰਵਾਈ ਕਰਕੇ ਤੁਰੰਤ ਡਿਊਟੀ ਤੋਂ ਲਾਂਬੇ ਕੀਤਾ ਜਾਵੇ ਅਤੇ ਇਥੋਂ ਦੇ ਆਰਓ ਨੂੰ ਤੁਰੰਤ ਬਦਲਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਥੇ ਤੁਰੰਤ ਪੈਰਾਮਿਲਟਰੀ ਲਗਾਈ ਜਾਵੇ ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਉਤੇ ਹੀ ਪੁਲਿਸ ਅਤੇ ਸਿਵਲ ਅਧਿਕਾਰੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੁੱਖ ਮੰਤਰੀ ਦੀ ਹੁਕਮਾਂ ਉੱਤੇ ਅੱਜ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਕਿ ਉਮੀਦਵਾਰਾਂ ਨੂੰ ਕਾਗਜ਼ ਵੀ ਦਾਖਲ ਨਹੀਂ ਕਰ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਮਿਲਕੇ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਹੈ, ਇਸ ਲਈ ਚੋਣਾਂ ਨੂੰ ਲੁੱਟਣਗੇ ਅਤੇ ਲੋਕਾਂ ਨੂੰ ਕੁੱਟਣਗੇ, ਇਸ ਲਈ ਇਥੇ ਪੈਰਾ ਮਿਲਟਰੀ ਸੁਰੱਖਿਆ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਗੁੰਡਾਗਰਦੀ ਕਰਦੀ ਰਹੇ ਹੈ, ਉਸੇ ਤਰ੍ਹਾਂ ਹੀ ਹੁਣ ਕੈਪਟਨ ਸਰਕਾਰ ਇਨ੍ਹਾਂ ਚੋਣਾਂ ਵਿੱਚ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਵਿੱਚ ਦਹਿਸ਼ਤ ਪਾ ਰਹੀ ਹੈ ਕਿ ਲੋਕ 14 ਫਰਵਰੀ ਨੂੰ ਵੋਟਾਂ ਪਾਉਣ ਦੀ ਲਈ ਘਰਾਂ ਵਿੱਚੋਂ ਬਾਹਰ ਨਾਲ ਨਿਕਲਣ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਰਾਜ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਫਾਜ਼ਿਲਕਾ, ਜੀਰਾ ਅਤੇ ਗੁਰੂ ਹਰਸਹਾਏ ਦੇ ਐਸਐਚਓ ਅਤੇ ਡੀਐਸਪੀ ਦੀ ਤੁਰੰਤ ਬਦਲੀ ਕੀਤੀ ਜਾਵੇ ਅਤੇ ਉਥੇ ਨਵੇਂ ਅਫਸਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਅੱਜ ਅਫਸਰਸ਼ਾਹੀ ਇਸ ਤਰ੍ਹਾਂ ਕੰਮ ਕਰ ਰਹੇ ਹਨ ਜਿਵੇਂ ਉਹ ਕਾਂਗਰਸ ਦੇ ਆਗੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਇਸ ਤਰ੍ਹਾਂ ਇਕ ਧਿਰ ਵਜੋਂ ਕੰਮ ਕਰਨ ਵਾਲੇ ਅਫਸਰਾਂ ਨੂੰ ਸਬਕ ਸਿਖਾਇਆ ਜਾਵੇਗਾ।

Leave A Reply

Your email address will not be published.