ਪਹਿਲੀ ਫਰਵਰੀ ਤੋਂ ਬੱਚਿਆਂ ਨੂੰ ਜੀ ਆਇਆਂ ਆਖਣਗੇ ਆਂਗਣਵਾੜੀ ਕੇਂਦਰ

ਪੰਜਾਬ ਬਿਊਰੋ

ਚੰਡੀਗੜ੍ਹ, 30 ਜਨਵਰੀ

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਇੱਥੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਅਨਲੌਕ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਸੂਬੇ ਭਰ ਦੇ ਬੱਚਿਆਂ ਅਤੇ ਹੋਰ ਲਾਭਪਾਤਰੀਆਂ ਲਈ 1 ਫਰਵਰੀ, 2021 ਤੋਂ ਆਂਗਣਵਾੜੀ ਕੇਂਦਰਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ, ਜਿਨ੍ਹਾਂ ਨੂੰ ਕੋਵਿਡ ਮਹਾਂਮਾਰੀ ਕਰਕੇ ਬੰਦ ਕਰ ਦਿੱਤਾ ਗਿਆ ਸੀ।

ਅਰੁਣਾ ਚੌਧਰੀ ਨੇ ਦੱਸਿਆ ਕਿ ਵਰਕਰਾਂ ਅਤੇ ਹੈਲਪਰਾਂ ਲਈ ਆਂਗਣਵਾੜੀ ਕੇਂਦਰ 8 ਦਸੰਬਰ ਤੋਂ ਖੋਲ੍ਹ ਦਿੱਤੇ ਗਏ ਸਨ ਪਰ ਬੱਚਿਆਂ ਦੀ ਹਾਜ਼ਰੀ ਸਬੰਧੀ ਫੈਸਲਾ ਨਹੀਂ ਲਿਆ ਗਿਆ ਸੀ। ਹੁਣ ਵਿਭਾਗ ਵੱਲੋਂ ਸਵੇਰ 10 ਵਜੇ ਤੋਂ ਦੁਪਿਹਰ 1 ਵਜੇ ਤੱਕ ਸਾਰੇ ਆਂਗਣਵਾੜੀ ਕੇਂਦਰਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ 1 ਫਰਵਰੀ ਤੋਂ ਪ੍ਰੀ ਪ੍ਰਾਇਮਰੀ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ ਹੁਣ ਤੋਂ ਸਾਰੇ ਲਾਭਪਾਤਰੀਆਂ ਨੂੰ ਗਰਮ ਪਕਾਇਆ ਹੋਇਆ ਭੋਜਨ ਪਰੋਸਿਆ ਜਾਵੇਗਾ। ਜੇ ਕੋਈ ਬੱਚਾ ਗੈਰਹਾਜ਼ਰ ਰਹਿੰਦਾ ਹੈ ਤਾਂ ਪਹਿਲਾਂ ਅਪਣਾਈ ਰੀਤ ਅਨੁਸਾਰ ਸੁੱਕਾ ਰਾਸ਼ਨ ਬੱਚੇ ਦੇ ਘਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਆਂਗਣਵਾੜੀ ਕੇਂਦਰ 8 ਦਸੰਬਰ ਤੋਂ ਖੋਲ੍ਹੇ ਗਏ ਹਨ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਪਹਿਲਾਂ ਹੀ ਮਾਰਚ 2020 ਤੋਂ ਸਾਰੇ ਲਾਭਪਾਤਰੀਆਂ ਨੂੰ ਘਰ-ਘਰ ਸੁੱਕਾ ਰਾਸ਼ਨ ਪਹੁੰਚਾਇਆ ਜਾ ਰਿਹਾ ਸੀ।

ਕੈਬਨਿਟ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ  ਸਿਹਤ ਪ੍ਰੋਟੋਕੋਲਾਂ ਅਤੇ ਤੈਅ ਸੁਰੱਖਿਆ ਮਾਪਦੰਡਾਂ (ਐਸ.ਓ.ਪੀ.) ਦੀ ਸਹੀ ਅਰਥਾਂ ਵਿੱਚ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪੀ੍ਰ- ਪ੍ਰਾਇਮਰੀ ਸਕੂਲਾਂ ਲਈ ਐਸ.ਓ.ਪੀ. ਤਿਆਰ ਕੀਤਾ ਗਿਆ ਹੈ ਜਿਸਦੀ ਆਂਗਣਵਾੜੀ ਕੇਂਦਰਾਂ ਵਿੱਚ ਵੀ ਪਾਲਣਾ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ (ਡੀ.ਪੀ.ਓਜ਼) ਅਤੇ ਬਾਲ ਵਿਕਾਸ ਤੇ ਸੁਰੱਖਿਆ ਅਧਿਕਾਰੀਆਂ (ਸੀ.ਡੀ.ਪੀ.ਓਜ਼) ਨੂੰ ਵਰਕਰਾਂ ਅਤੇ ਹੈਲਪਰਾਂ ਨੂੰ ਜੁਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇ ਕੋਈ ਮਸਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਅਧਿਕਾਰੀ ਨੂੰ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ ਗਿਆ ਹੈ।

Leave A Reply

Your email address will not be published.