ਮੌਤ ਦੇ ਲਈ ਲੱਖਾਂ ਰਸਤੇ, ਪਰ ਜਨਮ ਦੇ ਲਈ ਸਿਰਫ਼ ਤੇ ਸਿਰਫ਼ ਇੱਕ ਹੈ ‘ਮਾਂ’

       ਪੀੜ ਕਲੇਜੇ, ਚੀਸ ਦਿਲ ਦੀ, ਉਠਦੀ ਗਹਿਰਾਈਆਂ ‘ਚੋਂ,                            

ਕੀ ਕਰਾਂ ਮੈਂ ਰੱਬਾ? ਮੈਥੋਂ ਤਾਂ ਦੱਬਦੀ ਨਹੀਂ ਦਬਾਇਆਂ ਤੋਂ!

       ਮਾਂ ਨੀ ਮਾਂ…ਅੱਜ ਤੇਰੇ ਨਾਂਅ!

              ਮੌਤ ਦੇ ਲਈ ਲੱਖਾਂ ਰਸਤੇ, ਪਰ ਜਨਮ ਦੇ ਲਈ ਸਿਰਫ਼ ਤੇ ਸਿਰਫ਼ ਇੱਕ ਹੈ ‘ਮਾਂ’…ਹਰ ਮਾਂ ਆਪਣੀ ਔਲਾਦ ਨੂੰ ਬਾਪ ਤੇ ਹੋਰ ਦੁਨੀਆਦਾਰਾਂ ਨਾਲੋਂ ਕਈ ਮਹੀਨੇ ਵੱਧ ਜਾਣਦੀ ਹੁੰਦੀ ਹੈ!

ਉਸ ਇਨਸਾਨ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਨੇ ਲੱਖ, ਜਿਸਦੇ ਸਿਰ ਹੈ ਮਾਂ ਦਾ ਹੱਥ, ਮੋਹ-ਮਮਤਾ ਦੀ, ਜਿਉਂਦੀ-ਜਾਗਦੀ ਮੂਰਤ ਹੁੰਦੀ ਐ ਮਾਂ, ਪੁੱਤਰ ਦਾ ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਹੈ ਮਾਂ, ਅੰਤਰਜਾਮੀ ਹੁੰਦੀ ਐ ਔਲਾਦ ਲਈ ਮਾਂ…

           ਬਹੁਤ ਜ਼ਿਆਦਾ ਪਿਆਰ ਕਰਦੀ ਸੀ ਮੈਨੂੰ ਵੀ ਮੇਰੀ ਮਾਂ…ਸ਼ਾਇਦ ਜਿਵੇਂ ਓਹ ਜਾਣਦੀ ਹੋਵੇ ਕਿ ‘ਮੈਂ ਪੁੱਤ ਤੋਂ ਬਹੁਤ ਜਲਦੀ ਵਿੱਛੜਨ ਵਾਲੀ ਹਾਂ’! ਮੈਂ ਬਚਪਨ ਵਿੱਚ, ਛੋਟੇ ਹੁੰਦਿਆ ਅਕਸਰ ਹੀ ਰੋਟੀ ਖਾਂਦਿਆ ਕਹਿਣਾ…’ਰੋਟੀ ਬਸ ਬੀਬੀ’…ਮਾਂ ਨੇ ਫਿਰ ਵੀ ਗਰਮ-ਗਰਮ, ਕਰਾਰੀ ਤੇ ਪਿਆਰੀ ਰੋਟੀ ਥਾਲੀ ਵਿੱਚ ਰੱਖ ਦੇਣੀ, ਰੋਟੀ ਐਨੀ ਪਿਆਰੀ ਕਿ ਮੈਂ ਰੱਜਿਆ ਹੋਇਆ ਵੀ ਖਾਂ ਜਾਂਦਾ ਸੀ। ਮਾਂ ਵਿਛੋੜੀ ਨੂੰ ਕੱਲ੍ਹ 25 ਸਾਲ ਹੋ ਗਏ! ਦਿਲ ਦੇ ਵਿਹੜੇ ਯਾਦਾਂ ਦੀ ਫ਼ਸਲ ਹਾਲੇ ਵੀ ਪੂਰੇ ਜ਼ੋਬਨ ‘ਤੇ ਹੈ। ਬਚਪਨ ਦੀਆਂ ਆਦਤਾਂ ਸਿਵਿਆਂ ਤੱਕ ਜਾਂਦੀਆਂ ਨੇ, ਅੱਜ ਵੀ ਮੇਰੀ ਆਦਤ ਹੈ ਮੈਂ ਵੀ ਰੋਟੀ ਖਾਂਦਾ-ਖਾਂਦਾ ਪਹਿਲਾਂ ਹੀ ਬੋਲ ਦਿੰਦਾ ਹਾਂ ਕਿ ‘ਰੋਟੀ ਬਸ’! ਮਾਂ ਤਾਂ ਖੌਰੇ ਕਿੱਧਰ ਚਲੀ ਗਈ? ਪਰ ਓਹਦੀ ਗਰਮ-ਗਰਮ, ਕਰਾਰੀ ਤੇ ਪਿਆਰੀ ਰੋਟੀ ਫਿਰ ਥਾਲੀ ਵਿਚ ਆ ਜਾਂਦੀ ਹੈ…ਇਹ ਮੇਰੇ ਨਸੀਬ ਹਨ ਜਾਂ ਮੇਰੀ ਬੇਗਮ ਦੀ ਸਿਆਣਪ ਤੇ ਲਿਆਕਤ ਜਾਂ ਫਿਰ ਮੇਰੇ ਕਰਮ ਦਾ ਫਲ ਜਾਂ ਮੇਰੀ ਅਮੜੀ ਦੀ ਕੋਈ ਅਸੀਸ? ਹਾਲੇ ਤੱਕ ਤਾਂ ਸਮਝ ਨਹੀਂ ਸਕਿਆ ਮਾਂ ਤੇਰਾ ਕਮਲਾ ਇਹ ਬੁਝਾਰਤ, ਪਰ ਦੁਆ ਜਰੂਰ ਕਰਦਾ ਹਾਂ ਕਿ ਹਰ ਬੱਚੇ ਦੀ ਮਾਂ ‘ਸਰਦਾਰਨੀ ਗੁਰਦੇਵ ਕੌਰ’ ਵਰਗੀ ਹੋਵੇ, ਜੋ ਸਾਰਿਆਂ ਤੋਂ ਮਗਰੋਂ ਸੌਂਦੀ ਤੇ ਸਾਰਿਆਂ ਤੋਂ ਪਹਿਲਾਂ ਜਾਗਦੀ ਹੋਵੇ, ਤੇ ਰੋਟੀ ਰਾਹੀਂ ਪਿਆਰ, ਮੁਹੱਬਤ, ਲਿਆਕਤ ਦੇ ਨਾਲ-ਨਾਲ ਉਮਰ ਭਰ ਲਈ ਅਸੀਸ ਵੀ ਦਿੰਦੀ ਹੋਵੇ…ਹਰਫੂਲ ਭੁੱਲਰ ਮੰਡੀ ਕਲਾਂ 9876870157

Leave A Reply

Your email address will not be published.