ਸਾਈਕਲ ਯਾਤਰਾ ਕਰਕੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਲਾਮਬੰਦ

ਪੰਜਾਬ ਬਿਊਰੋ

ਚੰਡੀਗੜ, 29 ਜਨਵਰੀ

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਬੈਠਕ ਦੌਰਾਨ ਸਰਵਸੰਮਤੀ ਨਾਲ ਫੈਸਲਾ ਲਿਆ ਕਿ 30 ਜਨਵਰੀ ਦਿਨ ਸ਼ਨੀਵਾਰ ਨੂੰ ਫਤਿਹਗੜ੍ਹ ਸਾਹਿਬ ਤੋਂ ਸਾਈਕਲ ਯਾਤਰਾ ਸ਼ੁਰੂ ਕਰਕੇ ਲੋਕਾਂ ਨੂੰ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਲਈ ਲਾਮਬੰਦ ਕਰਦੇ ਹੋਏ ਅਤੇ ਥਾਂ-ਥਾਂ ਤੋਂ ਵੱਡੇ ਜੱਥੇ ਰਵਾਨਾ ਕਰੇਗੀ ਅਤੇ 2 ਫਰਵਰੀ ਦਿਨ ਮੰਗਲਵਾਰ ਨੂੰ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਇਕ ਵਿਸ਼ਾਲ ਜੱਥੇ ਨਾਲ ਦਿੱਲੀ ਵੱਲ ਕੂਚ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਾਈਕਲ ਯਾਤਰਾ ਦੇ ਤਹਿਤ 30 ਜਨਵਰੀ ਦਿਨ ਸ਼ਨੀਵਾਰ ਤੋਂ “ਦਿੱਲੀ ਚਲੋ-ਮੋਰਚਾ ਮੱਲੋ” ਸਲੋਗਨ ਤਹਿਤ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕਰਕੇ ਇਕ ਵੱਡਾ ਕਾਫਲਾ ਟਰੈਕਟਰ-ਟਰਾਲੀਆਂ, ਕਾਰਾਂ, ਮੋਟਰਸਾਈਕਲਾਂ ਆਦਿ ਤੇ ਦਿੱਲੀ ਵੱਲ ਨੂੰ ਰਵਾਨਾ ਕੀਤਾ ਜਾਵੇਗਾ। ਫਿਰ ਇਹ ਸਾਈਕਲ ਯਾਤਰਾ ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ, ਲੁਧਿਆਣਾ ਵਿਖੇ ਪੁੱਜੇਗੀ ਅਤੇ ਰਾਤ ਇਥੇ ਰੁੱਕੇਗੀ ਅਤੇ ਐਤਵਾਰ ਸਵੇਰੇ ਸੈਂਕੜੇ ਟਰੈਕਰ ਟਰਾਲੀਆਂ, ਕਾਰਾਂ ਦਾ ਕਾਫਲਾ ਦਿੱਲੀ ਨੂੰ ਤੋਰ ਕੇ ਸਾਈਕਲ ਯਾਤਰਾ ਅੱਗੇ ਵੱਧੇਗੀ ਅਤੇ ਲੋਕਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਦੇ ਹੋਏ ਰਾਤ ਨੂੰ ਗੁਰਦੁਆਰਾ ਗੁਰੂ ਰਵੀਦਾਸ, ਜੀ.ਟੀ. ਰੋਡ ਚੱਕ ਹਕੀਮ ਫਗਵਾੜਾ ਵਿੱਖੇ ਪੁਜੇਗੀ। ਤੀਜੇ ਦਿਨ ਸੋਮਵਾਰ ਨੂੰ ਦੁਆਬੇ ਦਾ ਇਕ ਬਹੁਤ ਵੱਡਾ ਕਾਫਲਾ ਦਿੱਲੀ ਨੂੰ ਰਵਾਨਾ ਕੀਤਾ ਜਾਵੇਗਾ, ਇਸ ਉਪਰੰਤ ਇਥੋਂ ਚੱਲ ਕੇ ਸਾਈਕਲ ਯਾਤਰਾ ਗੁਰਦੁਆਰਾ ਮਲ੍ਹੀਆਂ ਸਾਹਿਬ ਨਜਦੀਕ ਰਈਆ ਵਿਖੇ ਮਾਝਾ ਵਾਸੀਆਂ ਦਾ ਇਕ ਵਿਸ਼ਾਲ ਕਾਫਲਾ ਦਿੱਲੀ ਨੂੰ ਤੋਰਿਆ ਜਾਵੇਗਾ ਅਤੇ ਰਾਤ ਨੂੰ ਅਰਾਮ ਕਰਕੇ 2 ਫਰਵਰੀ ਦਿਨ ਮੰਗਲਵਾਲ ਨੂੰ ਦਰਬਾਰ ਸਾਹਿਬ ਨਤਮਸਤਕ ਹੋ ਕੇ ਅਰਦਾਸ ਬੇਨਤੀ ਕੀਤੀ ਜਾਵੇਗੀ ਕਿ ਅੰਦੋਲਨਕਾਰੀ ਚੜ੍ਹਦੀ ਕਲਾ ਵਿਚ ਰਹਿਣ ਅਤੇ ਸੰਘਰਸ਼ ਦੀ ਜਿੱਤ ਹੋਵੇ। ਇਸ ਉਪਰੰਤ ਇਕ ਵਿਸ਼ਾਲ ਕਾਫਲੇ ਨਾਲ ਦਿੱਲੀ ਦੇ ਸਿੰਘੂ ਬਾਰਡਰ ਵੱਲ ਚਾਲੇ ਪਾਏ ਜਾਣਗੇ।

ਬੈਂਸ ਨੇ ਕਿਹਾ ਕਿ ਇਹ ਅੰਦੋਲਨ ਸ਼ਾਂਤਮਈ ਢੰਗ ਨਾਲ ਹੀ ਕੀਤਾ ਜਾਵੇਗਾ ਅਤੇ ਮੋਦੀ ਸਰਕਾਰ ਨੂੰ ਮਜਬੂਰ ਕਰ ਦਿੱਤਾ ਜਾਵੇਗਾ ਕਿ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਲਵੇ। ਬੈਂਸ ਨੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸਿਰਫ ਤੇ ਸਿਰਫ ਕਾਲੇ ਕਾਨੂੰਨਾਂ ਖਿਲਾਫ ਹੀ ਬਿਆਨਬਾਜ਼ੀ ਕੀਤੀ ਜਾਵੇ।

Leave A Reply

Your email address will not be published.