ਕਿਸਾਨ ਅੰਦੋਲਨ ਤਾਂ ਸਹੀ ਅਰਥਾਂ ‘ਚ ਸ਼ੁਰੂ ਹੁਣ ਹੋਵੇਗਾ ..

ਜਦੋਂ ਡਿੱਗ ਕੇ ਉਠੀਦੈ ਤਾਂ ਤਾਂ ਤਾਕਤ ਚੌਗੁਣੀ ਹੁੰਦੀ ਐ…

ਜੇ ਆਪਣੇ ਬੇੜੀ ਵੱਟੇ ਨਾ ਪਾਉਂਦੇ ਤਾਂ ਪੂਰੀ ਦੁਨੀਆ ‘ਚ ਭੰਨ-ਤੋੜ ਦੀ ਥਾਂ ਕਿਸਾਨਾਂ ਦੀ ਅਸਲ ਤਸਵੀਰ ਦੀ ਚਰਚਾ ਹੋਣੀ ਸੀ। ਕਿਰਤੀਆਂ ਦੀ ਮਿਹਨਤ, ਹੌਂਸਲੇ ਅਤੇ ਆਸ਼ਾਵਾਂ ‘ਤੇ ਚੋਟ ਮਾਰੀ ਹੈ ਸਿਆਸਤ ਕਰਨ ਵਾਲਿਆਂ ਨੇ, ਕੁਦਰਤ ਕਰੇ ਕੱਖ ਨਾ ਰਹੇ ਇਨ੍ਹਾਂ ਦਾ।
ਜੋ ਹੋਇਆ ਸੋ ਹੋ ਚੁਕਿਆ ਹੈ ਹੁਣ ਆਪਾਂ ਗੱਲ ਸਿਰਫ਼ ਕਿਰਤੀਆਂ ਦੇ ਏਕੇ ਦੀ ਕਰੀਏ, ਬਹਿਸ ਦੀ ਲੱਸੀ ਹੋਰ ਨਾ ਰਿੜਕੀਏ! ਜ਼ਿੰਦਗੀ ਵਿਚ ਵੀ ਸਮਾਂ ਖਰਾਬ ਆ ਜਾਂਦਾ ਹੈ ਇਹ ਤਾਂ ਫਿਰ ਸੰਘਰਸ਼ ਹੈ। ਆਓ ਦੁਨੀਆ ਨੂੰ ਦੱਸੀਏ ਕਿ ਦਿੱਲੀ ਬਾਰਡਰਾਂ ‘ਤੇ ਨੈੱਟ ਬੰਦ ਹੋਇਆ ਹੈ, ਕਿਰਤੀਆਂ ਦਾ ਸੰਘਰਸ਼ ਨਹੀਂ। ਕਿਸਾਨ ਦੀਆਂ ਜੜ੍ਹਾਂ ਚ ਦਾਤੀ ਪਾਉਣ ਵਾਲਿਓ…ਤੁਹਾਡੀਆਂ ਉਹ ਬੁਲੰਦੀਆਂ ਵੀ ਕਿਸੇ ਕੰਮ ਦੀਆਂ ਨਹੀਂ, ਜਿੱਥੇ ਤੁਸੀਂ ਅੱਜ ਚੜ੍ਹੇ ਤੇ ਤੁਹਾਡੀ ਇਨਸਾਨੀਅਤ ਉੱਤਰ ਗਈ!
ਸਾਡੇ ਸਾਰਿਆਂ ਦੇ ਆਪਸੀ ਮੱਤਭੇਦ ਹੋ ਸਕਦੇ ਨੇ, ਪਰ ਜਿਹੜੇ ਝੁਰੜੀਆਂ ਵਾਲੇ ਚਿਹਰੇ, ਟਰਾਲੀਆਂ ‘ਚ ਬੈਠੇ ਨੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਜਾਪਦਾ ਮੈਨੂੰ…ਉਨ੍ਹਾਂ ਭੋਲਿਆਂ ਨੂੰ ਜਿਸਦੀ ਗੱਲ ਪਸੰਦ ਆ ਜਾਵੇ ਉਸੇ ਦੀ ਸ਼ੇਅਰ ਕਰ ਦਿੰਦੇ ਨੇ ਕਿਉਂਕਿ ਇਹ ਵਿਚਾਰੇ ਰਾਜਨੀਤਿਕ ਲੋਕ ਨਹੀਂ ਹਨ, ਹਾੜ੍ਹੇ ਨਾ ਖੇਡੋ ਮੇਰੇ ਬਾਬੇ ਨਾਨਕ ਦੇ ਵਾਰਿਸਾਂ ਦੀਆਂ ਭਾਵਨਾਵਾਂ ਨਾਲ, ਕੁਦਰਤ ਮੁਆਫ਼ੀ ਨਹੀਂ ਕਰੇਗੀ ਤੁਹਾਨੂੰ। ਇਹ ਬਸ ਅਪਣੇ ਖੇਤਾਂ ਲਈ ਆਏ ਨੇ….ਏਨਾ ਦੇ ਲਈ ਮੋਰਚਾ ਅਹਿਮ ਹੈ…ਏਨਾ ਦੇ ਕਰਕੇ ਹੀ ਮੋਰਚਾ ਸਾਡੇ ਲਈ ਵੀ ਅਹਿਮ ਹੋਣਾ ਚਾਹੀਦਾ ਹੈ। ਕੋਈ ਹੋਰ ਲੋਭ ਲਾਲਚ ਰੱਖਕੇ ਇਹਨਾਂ ਖੱਬਲ ਪੁਟਣਿਆਂ ਨੂੰ ਭੁਲੇਖੇ ਵਿਚ ਨਾ ਰੱਖਿਓ, ਆਖਰ ਆਪਾਂ ਸਭ ਨੇ ਛੱਡ ਸੰਸਾਰ ਜਾਣਾ, ਇਨ੍ਹਾਂ ਨਾਲ ਗਦਾਰੀ ਕਰਕੇ ਆਪਣੀਆਂ ਪੀੜ੍ਹੀਆਂ ਨੂੰ ਕਲੰਕ ਨਾ ਲਾਓ!
ਕਿਸਾਨ ਵੀਰੋ ਫਿਸਲ ਤਾਂ ਹਾਥੀ ਵੀ ਜਾਦੇ ਨੇ, ਇਹ ਤਾਂ ਲੜਾਈ ਹੀ ਹੋਂਦ ਦੀ ਐ। ਜਦੋਂ ਡਿੱਗ ਕੇ ਉੱਠੀਦਾ ਹੈ, ਚੌਗੁਣੀ ਤਾਕਤ ਨਾਲ ਉੱਠੀਦਾ ਹੈ..ਸੰਭਲੋ ਤੇ ਹੋਰ ਮਜ਼ਬੂਤ ਹੋਵੋ ਕੁਦਰਤ ਭਲੀ ਕਰੂਗੀ ਜਰੂਰ।
ਦਿਲੋਂ ਦੁਆਵਾਂ ਨੇ ਕੁਦਰਤ ਤੁਹਾਨੂੰ ਜੋਸ਼ ’ਚ ਰੱਖੇ, ਜ਼ਿੰਦਾਬਾਦ ਰੱਖੇ। ਸਭ ਧਰਮਾਂ ਦਾ ਸਤਿਕਾਰ ਕਰਨ ਦਾ ਬਲ ਉਦਮ ਬਖਸ਼ੇ, ਇੱਕ-ਦੂਜੇ ’ਤੇ ਤੋਹਮਤਾਂ ਲਾਉਣੀਆਂ ਬੰਦ ਹੋਣ। ਜੋ ਹੋ ਗਿਆ, ਉਹਦੇ ਤੋਂ ਅੱਗੇ ਲੰਘੀਏ। ਕਿਸੇ ਲਈ ਵੀ ਮਾੜੀ ਸ਼ਬਦਾਵਲੀ ਨਾ ਵਰਤੀਏ। ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਏ। ਭਵਿੱਖ ’ਚ ਕੋਈ ਵੀ ਗ਼ਲਤੀ ਨਾ ਹੋਵੇ, ਚੌਕਸ ਰਹੀਏ। ਜਿੱਤਾਂਗੇ-ਜਿੱਤਾਂਗੇ ਇਹ ਗਾਣ ਗਾਈਏ, ਕੱਲ੍ਹ ਦੀਆਂ ਕੁਝ ਖ਼ਬਰਾਂ ਉਦਾਸ ਮਨ ਨੂੰ ਖੁਸ਼ ਕਰ ਰਹੀਆਂ ਨੇ, ਸਾਡੇ ਸਾਰਿਆਂ ਅੱਖੋਂ ਹੰਝੂ ਜਰੂਰ ਆਏ ਪਰ ਇਹ ਸਾਡੇ ਲਈ ਇਨਕਲਾਬ ਦੀਆਂ ਮਸ਼ਾਲਾਂ ਨੇ, ਯਾਦ ਰੱਖਿਓ ਇਹ ਸਾਡੇ ਹੱਕ-ਸੱਚ ਲਈ ਵਗੇ ਹੰਝੂ ਅੰਦੋਲਨ ਦੇ ਹੱਕ ਚ ਭਾਂਬੜ ਬਣ ਕੇ ਬਲਣਗੇ, ਦਿਲੋਂ ਸਲਾਮ ਸਾਰੇ ਸੂਰਬੀਰ ਯੋਧਿਆਂ ਨੂੰ

ਹਰਫੂਲ ਭੁੱਲਰ
ਮੰਡੀ ਕਲਾਂ

9876870157

Leave A Reply

Your email address will not be published.