ਕਿਸਾਨੀ ਅੰਦੋਲਨ ਦੀ ਕਹਾਣੀ ਤੱਥਾਂ ਦੀ ਬਿਆਨੀ

26 ਜਨਵਰੀ ਦੀ ਟਰੈਕਟਰ ਪਰੇਡ ਦੇ ਚੰਗੇ ਪੱਖ ਜੋ ਮੀਡੀਆ ਨੇ ਵਿਸਾਰ ਦਿੱਤੇ

ਅੰਮਿ੍ਰਤਪਾਲ ਸਿੰਘ ਧਾਲੀਵਾਲ

ਨਵੀਂ ਦਿੱਲੀ 28 ਜਨਵਰੀ

ਪੰਜਾਬ ’ਚ 32 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਪਹਿਲੀ ਅਕਤੂਬਰ ਤੋ ਵਿੱਢੇ ਸੰਘਰਸ਼ ਨੇ ਜਦੋਂ ਦਿੱਲੀ ਦੀਆਂ ਸਰਹੱਦਾਂ ’ਤੇ ਪੱਕਾ ਮੋਰਚਾ ਗੱਡ ਦਿੱਤਾ ਸੀ ਤਾਂ ਉਸੇ ਦਿਨ ਤੋਂ ਦਿੱਲੀ ਦਰਬਾਰ ਨੂੰ ਭਾਜੜਾ ਪੈ ਗਈਆਂ ਸਨ। ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਖੇਤੀ ’ਤੇ ਚਰਚਾ ਖਾਤਰ 3 ਦਸੰਬਰ ਨੂੰ ਮੀਟਿੰਗ ਬੁਲਾਈ ਹੋਈ ਸੀ।

ਪਰ ਜਿਵੇਂ ਹੀ ਕਿਸਾਨਾਂ ਨੇ 26 ਨਵੰਬਰ ਨੂੰ ਸਿੰਘੂ ਅਤੇ ਟਿੱਕਰੀ ਸਰਹੱਦਾਂ ’ਤੇ ਡੇਰਾ ਜਮਾ ਲਿਆ ਤਾਂ ਅਮਿਤ ਸ਼ਾਹ ਤੱਕ ਨੇ ਕਿਸਾਨ ਆਗੂਆਂ ਨੂੰ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਤੋਂ ਬਾਅਦ ਗੱਲਬਾਤ ਦਾ ਦੌਰ ਦੌਰਾ ਸ਼ੁਰੂ ਹੋਇਆ ਤਾਂ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸ ਤਰਾਂ ਦੇ ਤੇਵਰ ਅਪਣਾਏ ਹੋਏ ਸਨ। ਇਹ ਤੱਥ ਵੀ ਸਾਡੇ ਸਭਨਾਂ ਦੇ ਸਾਹਮਣੇ ਹਨ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਕੇਂਦਰ ਸਰਕਾਰ ਦੀ ਗੱਲਬਾਤ ਜਦੋਂ ਟੁੱਟੀ ਤਾਂ ਮੰਤਰੀਆਂ ਅਤੇ ਸਰਕਾਰ ਦੀ ਹੈਂਕੜ ਦੇਖਣ ਵਾਲੀ ਸੀ ਜਦੋਂ ਸਰਕਾਰ ਨੇ ਖੁਦ ਹੀ ਗੱਲਬਾਤ ਤੋੜਨ ਦਾ ਐਲਾਨ ਕਰ ਦਿੱਤਾ।

ਦਰਅਸਲ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਬੇਹੱਦ ਘਬਰਾਈ ਹੋਈ ਸੀ। ਇਸ ਲਈ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਫੇਲ ਕਰਨ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਪਾੜਾ ਪਾਉਣ ਲਈ ਸਾਮ ਦਾਮ ਦੰਡ ਭੇਦ ਭਾਵ ਹਰ ਤਰਾਂ ਦਾ ਹਰਬਾ ਵਰਤਿਆ ਗਿਆ। ਦਰਅਸਲ ਕਿਸਾਨੀ ਅੰਦਲਨ ਦੇ ਦਿਨ ਪ੍ਰਤੀ ਦਿਨ ਕਾਮਯਬੀ ਵੱਲ ਵਧਦਿਆਂ ਦੇਖ ਮੋਦੀ ਸਰਕਾਰ ਦੀ ਨੀਂਦ ਹਰਾਮ ਹੋਈ ਪਈ ਸੀ। ਕਿਉਂਕਿ ਮੋਦੀ ਸਰਕਾਰ ਨੇ ਸਾਲ 2019 ਵਿੱਚ ਮੁੜ ਸੱਤਾ ’ਚ ਆਉਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਸੀਏਏ ਕਾਨੂੰਨ ਲਿਆਉਣ ਤਿੰਨ ਤਲਾਕ ਖਤਮ ਕਰਨ ਵਰਗੇ ਵੱਡੇ ਫੈਸਲੇ ਲਏ। ਇੱਕ ਵਰਗ ਦੇ ਲੋਕਾਂ ਨੇ ਵਿਰੋਧ ਤਾਂ ਕੀਤਾ ਪਰ ਇਹ ਵਿਰੋਧ ਰਾਸ਼ਟਰ ਵਿਰੋਧੀ ਵੱਖਵਾਦੀ ਪਾਕਿਸਤਾਨ ਪੱਖੀ ਤੇ ਅਤਿਵਾਦੀ ਪੱਖੀ ਹੋਣ ਦਾ ਠੱਪਾ ਲਾ ਕੇ ਦਬਾ ਦਿੱਤਾ ਗਿਆ।

ਕਿਹਾ ਜਾ ਸਕਦਾ ਹੈ ਕਿ ਕਿਸਾਨੀ ਅੰਦੋਲਨ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਖਿਲਾਫ ਕਿਸੇ ਵਹੀ ਤਰਾਂ ਦਾ ਵਿਰੋਧ ਮੋਦੀ ਸਰਕਾਰ ਦੀ ਨੀਂਦ ਹਰਾਮ ਨਾ ਕਰ ਸਕਿਆ। ਕਿਸਾਨ ਜਿਸ ਨੂੰ ਕਿ ਅੰਨਦਾਤਾ ਕਿਹਾ ਜਾਂਦਾ ਹੈ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਇਹ ਅੰਦੋਲਨ ਰਾਸ਼ਟਰੀ ਸੰਘਰਸ਼ ਬਣਦਾ ਦਿਖਾਈ ਦੇ ਰਿਹਾ ਹੈ। ਮੁੰਬਈ ਵਰਗੇ ਸ਼ਹਿਰਾਂ ਵਿੱਚ ਵੀ ਜਦੋਂ ਲੱਖਾਂ ਕਿਸਾਨ ਖੇਤੀ ਕਾਨੂੰਨਾਂ ਵਿਰੁਧ ਸੜਕਾਂ ’ਤੇ ਨਿੱਕਲਦੇ ਹਨ ਤੇ ਪੂਰੇ ਮੁਲਕ ਦੇ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਬੈਠੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦੇ ਹਨ ਤਾਂ ਹਾਕਮਾਂ ਨੂੰ ਤਰੇਲੀਆਂ ਆਉਣੀਆਂ ਸੁਭਾਵਿਕ ਹੈ।

ਕਿਸਾਨ ਜਥੇਬੰਦੀਆਂ ਨੇ ਜਦੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਕੱਢਣ ਦਾ ਐਲਾਨ ਕਰ ਦਿੱਤਾ ਤਾਂ ਦਿੱਲੀ ਦਰਬਾਰ ਨੂੰ ਆਪਣਾ ਤਖਤ ਹਿੱਲਦਾ ਦਿਖਾਈ ਦੇਣ ਲੱਗਾ। ਇਸ ਲਈ ਸਰਕਾਰ ਅਤੇ ਸਰਕਾਰ ਦੇ ਏਜੰਟਾਂ ਨੇ ਉਸੇ ਤਰਾਂ ਦੇ ਹੱਥਕੰਡੇ ਅਪਣਾਏ ਜਿਸ ਤਰਾਂ ਦੇ ਹੱਥਕੰਡੇ ਆਪਣਾ ਕੇ ਆਜ਼ਾਦੀ ਸੰਗਰਾਮ ਦੇ ਸਮੇਂ ਬਸਤੀਵਾਦੀ ਤਾਕਤਾਂ ਵੱਲੋਂ ਅਪਣਾਏ ਜਾਂਦੇ ਸਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਉਸੇ ਸਮੇਂ ਸਮਝ ਜਾਣਾ ਚਾਹੀਦਾ ਸੀ ਜਦੋਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ 25 ਅਤੇ 26 ਜਨਵਰੀ ਦੀ ਰਾਤ ਸਿੰਘੂ ਸਰਹੱਦ ’ਤੇ ਸੰਯੁਕਤ ਮੋਰਚੇ ਦੀ ਸਟੇਜ਼ ’ਤੇ ਕਬਜ਼ਾ ਕਰ ਲਿਆ ਸੀ।

ਖੈਰ ਗਣਤੰਤਰ ਦਿਵਸ ਵਾਲੇ ਦਿਨ ਦੀਪ ਸਿੱਧੂ ਦੇ ਮਨਸ਼ਿਆਂ ਨੂੰ ਕਾਮਯਾਬ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦੋ ਆਗੂ ਸਤਨਾਮ ਸਿੰਘ ਪੰਨੂ ਅਤੇ ਸਰਬਨ ਸਿੰਘ ਪੰਧੇਰ ਨੇ ਵਾਕਿਆ ਹੀ ਗੱਦਾਰਾਂ ਵਾਲੀ ਭੂਮਿਕਾ ਨਿਭਾਈ ਜਿਸ ਤਰਾਂ ਦਾ ਖਿਤਾਬ ਕਿਸਾਨ ਮੋਰਚੇ ਦੇ ਆਗੂਆਂ ਨੇ ਇਨਾਂ ਦੋਹਾਂ ਨੂੰ ਦੇ ਦਿੱਤਾ ਹੈ। ਇਹ ਦੋਵੇਂ ਆਗੂ ਹਾਲੇ ਵੀ ਬੇਸ਼ਰਮੀ ਨਾਲ ਆਪਣੀਆਂ ਕਰਤੂਤਾਂ ’ਤੇ ਪਰਦਾਪੋਸ਼ੀ ਦੇ ਯਤਨਾਂ ’ਚ ਲੱਗੇ ਹੋਏ ਹਨ। ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਜੋ ਵੀ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਉਹ ਬੇਹੱਦ ਨਿੰਦਰਯੋਗ ਹਨ। ਇਨਾਂ ਘਟਨਾਵਾਂ ਨੇ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਲਈ ਵਿੱਢੇ ਸੰਘਰਸ਼ ਨੂੰ ਵੱਢੀ ਢਾਅ ਲਾਈ ਹੈ।

ਕਿਸਾਨੀ ਅੰਦੋਲਨ ਨੇ ਸਿੱਖਾਂ ਦੇ ਅਕਸ ਨੂੰ ਕੌਮੀ ਹੀ ਨਹੀਂ ਕੌਮਾਂਤਰੀ ਪੱਧਰ ਤੱਕ ਨਿਖਾਰ ਦਿੱਤਾ ਸੀ ਪਰ 26 ਜਨਵਰੀ ਦੀਆਂ ਘਟਨਾਵਾਂ ਨੇ ਮੀਡੀਆ ਦੇ ਉਸ ਹਿੱਸੇ ਲਈ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਡਾ ਹਥਿਆਰ ਦੇ ਦਿੱਤਾ ਜਿਹੜਾ ਮੀਡੀਆ ਮੋਦੀ ਸਰਕਾਰ ਖਿਲਾਫ ਉਠੇ ਸੰਘਰਸ਼ਾਂ ਨੂੰ ਦਬਾਉਣ ਲਈ ਤਤਪਰ ਰਹਿੰਦਾ ਹੈ। ਮੀਡੀਆ ਦੇ ਹਿੱਸੇ ਨੂੰ ਸਿੱਖਾਂ ਨੂੰ ਬਦਨਾਮ ਕਰਨ ਦਾ ਵੀ ਵੱਡਾ ਹਥਿਆਰ ਕਿਸਾਨੀ ਅੰਦੋਲਨ ਦੇ ਗੱਦਾਰਾਂ ਨੇ ਖੁਦ ਦੇ ਦਿੱਤਾ ਹੈ। ਗਣਤੰਤਰ ਦਿਵਸ ਦੀ ਪਰੇਡ ਦਾ ਇੱਕ ਵੱਡਾ ਤੇ ਗੌਰਵਮਈ ਪੱਖ ਇਹ ਵੀ ਹੈ ਕਿ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਵਿੱਚ ਤੈਅ ਸ਼ੁਦਾ ਰੂਟ ਰਾਹੀਂ ਕਿਸਾਨਾਂ ਦੀ ਟਰੈਕਟਰ ਪਰੇਡ ਪੂਰੇ ਅਨੁਸਾਸਨ ਨਾਲ ਨਿੱਕਲੀ। ਇਸ ਪਰੇਡ ਵਿੱਚ ਗੁਰਬਾਣੀ ਦਾ ਜਾਪ ਹੋਇਆ। ਦਿੱਲੀ ਦੇ ਲੋਕਾਂ ਨੇ ਦਿਲ ਖੋਲ ਕੇ ਪਰੇਡ ਵਿੱਚ ਸ਼ਾਮਲ ਕਿਸਾਨਾਂ ਦਾ ਸਵਾਗਤ ਕੀਤਾ।

ਫੁੱਲਾਂ ਦੀ ਵਰਖਾ ਕੀਤੀ। ਅਫਸੋਸ ਇਸ ਗੱਲ ਦਾ ਹੈ ਕਿ ਇਸ ਪੱਖ ਨੂੰ ਕਿਸੇ ਵੀ ਟੈਲੀਵਿਜ਼ਨ ਚੈਨਲ ਨੇ ਆਪਣੀਆਂ ਖਬਰਾਂ ਜਾਂ ਵਿਸ਼ੇਸ਼ ਰਿਪੋਰਟਾਂ ਦਾ ਹਿੱਸਾ ਨਹੀਂ ਬਣਾਇਆ। ਸ਼ਾਂਤਮਈ ਪਰੇਡ ਨੂੰ ਕਿਸੇ ਨੇ ਨਹੀਂ ਦਿਖਾਇਆ ਪਰ ਦੀਪ ਸਿੱਧੂ ਵੱਲੋਂ ਰਚਿਆ ਗਿਆ ਡਰਾਮਾ ਚੈਨਲਾਂ ਦੀ ਵੱਡੀ ਖੁਰਾਕ ਬਣ ਗਿਆ। ਇਸ ਦਾ ਵੱਡਾ ਕਾਰਨ ਇਹੀ ਮੰਨਿਆ ਜਾ ਸਕਦਾ ਹੈ ਕਿ ਜਿਸ ਤਰਾਂ ਦਿੱਲੀ ਦੀ ਟਰੈਕਟਰ ਪਰੇਡ ’ਚ ਸ਼ਮੂਲੀਅਤ ਲਈ ਲੱਖਾਂ ਦੀ ਗਿਣਤੀ ’ਚ ਟਰੈਕਟਰ ਦਿੱਲੀ ਦੀ ਸਰਹੱਦ ’ਤੇ ਪਹੁੰਚ ਗਏ ਸਨ।

ਪੂਰੀ ਦੁਨੀਆਂ ਤੋਂ 450 ਤੋਂ ਵੱਧ ਟੈਲੀਵਿਜ਼ਨ ਚੈਨਲਾਂ ਦੇ ਨੁਮਾਇੰਦਿਆਂ ਨੇ ਇਸ ਟਰੈਕਟਰ ਪਰੇਡ ਦੀ ਰਿਪੋਰਟਿੰਗ ਕਰਨ ਲਈ ਦਿੱਲੀ ਵਿੱਚ ਪਹਿਲਾਂ ਹੀ ਡੇਰੇ ਲਾ ਲਏ ਸਨ। ਕੌਮਾਂਤਰੀ ਪੱਧਰ ’ਤੇ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੇ ਚਰਚੇ ਹੋਣ ਲੱਗੇ ਸਨ। ਇਹ ਟਰੈਕਟਰ ਪਰੇਡ ਪੂਰੇ ਤਿੰਨ ਦਿਨ ਚੱਲਣ ਦਾ ਅਨੁਮਾਨ ਸੀ। ਇਸ ਤਰਾਂ ਨਾਲ ਜੇਕਰ ਭਾਰਤ ਸਰਕਾਰ ਦੇ ਦਲਾਲ ਆਪਣੇ ਮਨਸੂਬਿਆਂ ਨੂੰ ਸਿਰੇ ਚੜਾਉਂਦੇ ਹੋਏ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ’ਚ ਕਾਮਯਾਬ ਨਾ ਹੁੰਦੇ ਤਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ 29 ਜਨਵਰੀ ਜਦੋਂ ਪਾਰਲੀਮੈਂਟ ਦਾ ਬਜਟ ਸੈਸ਼ਨ ਸ਼ੁਰੂ ਹੋਣਾ ਹੈ ਤੇ ਸਰਕਾਰ ਨੂੰ ਪਹਿਲੇ ਜਾਂ ਦੂਜੇ ਹੀ ਦਿਨ ਖੇਤੀ ਕਾਨੂੰਨ ਵਾਪਸ ਕਰਨ ਦਾ ਐਲਾਨ ਕਰਨਾ ਪੈ ਸਕਦਾ ਸੀ।

ਖੈਰ ਕਿਸਾਨੀ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਵੱਡੇ ਅੰਦੋਲਨਾਂ ’ਚ ਇਸ ਤਰਾਂ ਦੀਆਂ ਘਟਨਾਵਾਂ ਅਕਸਰ ਵਾਪਰ ਜਾਂਦੀਆਂ ਹਨ। ਸ਼ੁਕਰ ਇਸ ਗੱਲ ਹੈ ਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਦੋ ਵਿਅਕਤੀਆਂ ਦੀਆਂ ਮੌਤਾਂ ਵੀ ਦੁੱਖਦਾਈ ਹਨ। ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਪਹਿਲਾਂ ਵਾਂਗ ਹੀ ਹਲੀਮੀ ਸੰਯਮ ਏਕਤਾ ਅਤੇ ਸ਼ਾਂਤੀ ਤੋਂ ਕੰਮ ਲੈ ਕੇ ਸੰਘਰਸ਼ ਨੂੰ ਅੱਗੇ ਤੋਰਨ।

ਇਤਿਹਾਸ ਗਵਾਹ ਹੈ। ਗੁਰੂ ਕੇ ਬਾਗ ਦਾ ਮੋਰਚਾ ਜੈਤੋ ਦਾ ਮੋਰਚਾ ਅਤੇ ਕੁੰਜੀਆਂ ਦੇ ਮੋਰਚਿਆਂ ਦੀਆਂ ਜਿੱਤਾਂ ਦੇ ਵਾਰਿਸਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿੱਤ ਅਕਸਰ ਸ਼ਾਂਤਮਈ ਅੰਦੋਲਨਾਂ ਦੀ ਹੀ ਹੁੰਦੀ ਹੈ।

Leave A Reply

Your email address will not be published.