ਖੇਤੀ ਕਾਨੂੰਨ ਖ਼ਿਲਾਫ਼ ਵਿਸ਼ਾਲ ਰੋਸ ਮਾਰਚ ਲਈ ਤਿਆਰੀਆਂ ਮੁਕੰਮਲ

ਪੰਜਾਬ ਬਿਊਰੋ

ਨਵੀਂ ਦਿੱਲੀ 25 ਜਨਵਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ ) ਨੇ ਅੱਜ ਟਿਕਰੀ ਬਾਰਡਰ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ  ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨ ਖ਼ਿਲਾਫ਼ ਕੀਤੇ ਜਾਣ ਵਾਲੇ ਰੋਸ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਨੇ ਦੱਸਿਆ  ਕਿ ਪੰਜਾਬ ਤੇ ਹਰਿਆਣੇ ਤੋਂ ਇੱਥੇ ਪਹੁੰਚਣ ਵਾਲੇ ਟਰੈਕਟਰਾਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਆਮਦ ਦਾ ਇਹ ਸਿਲਸਿਲਾ ਮੁੱਕ ਨਹੀਂ ਰਿਹਾ। 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ‘ਤੇ ਮਾਰਚ ਕਰਦਾ ਇਹ ਕਾਫ਼ਲਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਇਰਾਦੇ ਦਰਸਾਉਣ ਦੇ ਨਾਲ ਨਾਲ ਲੁੱਟ ਤੇ ਜਬਰ ਤੋਂ ਮੁਕਤ ਖ਼ਰਾ ਲੋਕਤੰਤਰ ਉਸਾਰਨ ਦੀ ਤਾਂਘ  ਦਾ ਇਜ਼ਹਾਰ ਵੀ ਬਣੇਗਾ। ਇਕ ਪਾਸੇ ਰਾਜਪੱਥ ਉਤੇ ਕਾਰਪੋਰੇਟਾਂ ਨਾਲ ਵਫ਼ਾਦਾਰੀ ਪੁਗਾਉਣ ਦਾ ਵਾਅਦਾ ਨਵਿਆਇਆ ਜਾਵੇਗਾ ਤੇ ਦੂਜੇ ਪਾਸੇ ਦਿੱਲੀ ਦੀਆਂ ਸੜਕਾਂ ‘ਤੇ ਕਾਰਪੋਰੇਟ ਲੁੱਟ ਤੋਂ ਛੁਟਕਾਰੇ ਲਈ ਜੂਝਣ ਦਾ ਅਹਿਦ ਦੁਹਰਾਇਆ ਜਾਵੇਗਾ। ਪੰਜਾਬ ਤੇ ਹਰਿਆਣੇ ਤੋਂ ਇਲਾਵਾ ਦੂਰ ਦੁਰਾਡੇ ਦੇ ਰਾਜਾਂ ਤੋਂ ਵੀ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ। ਇਸ ਮਾਰਚ ਦੌਰਾਨ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਹੋਰਨਾਂ ਤਬਕਿਆਂ ਉੱਪਰ ਬੀ ਜੇ ਪੀ ਹਕੂਮਤ ਵੱਲੋਂ ਢਾਹੇ ਜਾ ਰਹੇ  ਜ਼ੁਲਮਾਂ ਦੀ ਹਕੀਕਤ ਉਘਾੜੀ ਜਾਵੇਗੀ। 

ਅੱਜ ਪਕੌੜਾ ਚੌਕ ਵਿਚ ਹੋਈ ਵੱਡੀ ਰੈਲੀ ਨੂੰ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕੀਤਾ । ਆਗੂਆਂ ਨੇ ਕੀਤੇ ਜਾਣ ਵਾਲੇ ਮਾਰਚ ਵਿਚ ਅਨੁਸ਼ਾਸਨ ਦੀ ਪਾਲਣਾ ਲਈ ਜ਼ੋਰਦਾਰ ਅਪੀਲ ਕੀਤੀ ਤੇ ਮਾਰਚ ਦੌਰਾਨ ਅਪਣਾਏ ਜਾਣ ਵਾਲੇ ਜ਼ਬਤ ਲਈ ਹਦਾਇਤਾਂ ਵੀ ਜਾਰੀ ਕੀਤੀਆਂ। ਸ਼ਹੀਦ ਭਗਤ ਸਿੰਘ ਦੇ ਭਾਣਜੇ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਸਾਨਾਂ ਦੇ ਸੰਘਰਸ਼ ਨੂੰ ਜਮਹੂਰੀ ਹੱਕਾਂ ਦੀ ਲਹਿਰ ਲਈ ਵੀ ਬੇਹੱਦ ਮਹੱਤਵਪੂਰਨ ਵਰਤਾਰਾ ਕਰਾਰ ਦਿੱਤਾ ਜਿਹੜਾ ਜਮਹੂਰੀ ਹੱਕਾਂ ਦੀ ਲਹਿਰ ਦੇ ਵਧਾਰੇ ਲਈ ਵੀ ਜ਼ਮੀਨ ਤਿਆਰ ਕਰ ਰਿਹਾ ਹੈ। ਅੱਜ ਦੀ ਇਸ ਰੈਲੀ ਦੇ ਅਖ਼ੀਰ ‘ਤੇ ਛੱਤੀਸਗਡ਼੍ਹ ਤੋਂ ਜ਼ਿਲ੍ਹਾ ਕਿਸਾਨ ਸੰਘ ਰਾਜਨੰਦ ਦੇ ਕਿਸਾਨਾਂ ਦਾ ਜਥਾ ਸੰਘਰਸ਼ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਹਾਜ਼ਰ ਹੋਇਆ। ਅੱਜ ਦੀ ਇਸ ਰੈਲੀ ਨੂੰ ਔਰਤ ਆਗੂ ਕੁਲਦੀਪ ਕੌਰ ਕੁੱਸਾ, ਗੁਰਬਾਜ ਸਿੰਘ ਲੌਂਗੋਵਾਲ, ਗੁਰਪ੍ਰੀਤ ਕੌਰ ਭੰਗੂ ,ਸੋਹਣ ਸਿੰਘ, ਅਜੇਪਾਲ ਸਿੰਘ, ਬਾਲ ਕ੍ਰਿਸ਼ਨ ਜੀਂਦ (ਹਰਿਆਣਾ), ਅਸ਼ੋਕ ਕੁਮਾਰ( ਗ੍ਰਾਮੀਣ ਵਿਕਾਸ ਯੂਨੀਅਨ ਬਿਹਾਰ) ਨੇ ਵੀ ਸੰਬੋਧਨ ਕੀਤਾ। ਸੰਗਰੂਰ ਦੀ ਨਾਟਕ ਟੀਮ ਵੱਲੋਂ ਨਾਟਕ “ਕਦੋਂ ਜਾਗਾਂਗੇ ਕਦੋਂ ਜਾਗਾਂਗੇ” ਪੇਸ਼ ਕੀਤਾ ਗਿਆ।

Leave A Reply

Your email address will not be published.