ਪੁਰਾਣੇ ਸਮੇਂ ਵਿਚ ਨਵਾਂ ਸਾਕ ਜੋੜਨ ਲਈ ਵਿਚੋਲੇ ਬੜਾ ਅਹਿਮ ਰੋਲ ਅਦਾ ਕਰਦੇ ਸਨ ਅਤੇ ਅੱਜ ਪਿਛਲੇ 5-10 ਸਾਲ ਤੋਂ ਕੰਪਿਊਟਰ

ਅੱਜ ਕੱਲ੍ਹ ਦੇ ਸਮੇਂ ਦੀ ਤੇਜ਼ ਰਫ਼ਤਾਰ ਨਾਲ ਚੱਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਕੋਸ਼ਿਸ਼ ਹਰ ਕੋਈ ਕਰਦਾ ਆਪਣੀ ਹੈਸੀਅਤ ਮੁਤਾਬਿਕ ਅਤੇ ਹਰ ਇੱਕ ਚੀਜ਼ ਇਸ ਆਧੁਨਿਕ ਯੁੱਗ ਵਿਚ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਇਸੇ ਤਰ੍ਹਾਂ ਹੀ ਅੱਜ ਕੱਲ੍ਹ ਰਿਸ਼ਤੇ ਬੜੀ ਤੇਜ਼ੀ ਨਾਲ ਬਣਦੇ ਤੇ ਟੁੱਟ ਦੇ ਹਨ। ਪੁਰਾਣੇ ਸਮੇਂ ਦੀ ਜੇ ਗੱਲ ਕਰੀਏ ਤਾਂ ਬੜੀ ਪਰਖ ਕਰਕੇ ਕਿਸੇ ਵੀ ਰਿਸ਼ਤੇ ਦੀ ਨੀਂਹ ਰੱਖੀ ਜਾਂਦੀ ਸੀ ਅਤੇ ਉਹ ਰਿਸ਼ਤੇ ਵੀ ਉਮਰਾ ਨਾਲ ਨਿਭਦੇ ਵੇਖੇ ਹਨ। ਇਸੇ ਤਰ੍ਹਾਂ ਹੀ ਕੋਈ ਨਵਾਂ ਸਾਕ ਜੋੜਨ ਲਈ ਵਿਚੋਲੇ ਬੜਾ ਅਹਿਮ ਰੋਲ ਅਦਾ ਕਰਦੇ ਸਨ ਤੇ ਹੁਣ ਵੀ ਥੋੜ੍ਹਾ ਬਹੁਤ। ਜਿਸ ਵੀ ਪਰਿਵਾਰ ਦਾ ਮੁੰਡਾ ਜਾਂ ਕੁੜੀ ਵਿਆਹ ਦੇ ਯੋਗ ਹੁੰਦਾ ਜਾਂ ਹੁੰਦੀ ਪਿੰਡ ਵਿਚ ਜੋ ਵਿਚੋਲਗੀ ਦਾ ਕੰਮ ਕਰਦਾ ਉਸ ਨੂੰ ਬੁਲਾ ਕੇ ਆਪਣੀ ਹੈਸੀਅਤ ਮੁਤਾਬਿਕ ਚੰਗਾ ਪਰਿਵਾਰ ਦਾ ਰਿਸ਼ਤਾ ਲੱਭਣ ਦੀ ਗੱਲ ਆਖੀ ਜਾਂਦੀ। ਪੁਰਾਣੇ ਸਮੇਂ ਵਿਚ ਵਿਚੋਲੇ ਵੀ ਬਹੁਤ ਸਮਝਦਾਰੀ ਨਾਲ ਪਰਿਵਾਰ ਦੇ ਮੇਲ ਕਰਵਾਉਂਦੇ ਤੇ ਬੜੀ ਹੀ ਜ਼ਿੰਮੇਵਾਰੀ ਨਾਲ ਹਰ ਰਸਮ ਨੂੰ ਨੇਪਰੇ ਚੜ੍ਹਾਉਂਦੇ ਤੇ ਉਹ ਆਪਣੇ ਰਹਿੰਦੀ ਉਮਰ ਤੱਕ ਦੋਨਾਂ ਪਰਿਵਾਰਾਂ ਦੀ ਹਰ ਚੰਗੀ ਮਾੜੀ ਗੱਲ ਵਿਚ ਸ਼ਰੀਕ ਹੁੰਦੇ। (ਵੈਸੇ ਵਿਚੋਲੇ ਨੂੰ ਵਿਚਓਹਲੇ ਦੇ ਨਾਮ ਨਾਲ ਵੀ ਸੰਬੋਧਨ ਕਰਦੇ ਨੇ ਲੋਕ) ਪਰ ਅੱਜ ਦੇ ਆਧੁਨਿਕ ਯੁੱਗ ਨੇ ਸਭ ਸੌਖਾ ਕਰ ਦਿੱਤਾ ਹੈ ਤੇ ਹੁਣ ਪਿਛਲੇ 5-10 ਸਾਲ ਤੋਂ ਕੰਪਿਊਟਰ ‘ਤੇ ਰਿਸ਼ਤੇ ਲੱਭਣੇ ਹੋਰ ਵੀ ਸੋਖੇ ਹੋ ਗਏ ਹਨ। ਇਸ ਵਿਚ ਰਿਸ਼ਤੇ ਕਰਵਾਉਣ ਵਾਲੀ ਵੈੱਬਸਾਈਟ ‘ਤੇ ਮੁੰਡੇ ਜਾਂ ਕੁੜੀ ਦੀ ਪ੍ਰੋਫਾਈਲ ਬਣਾਉਣ ਤੇ ਆਪਣੀ ਜਾਣਕਾਰੀ ਕਿਸੇ ਵੀ ਪ੍ਰੋਫਾਈਲ ਨਾਲ ਸਾਂਝੀ ਕਰ ਸਕਦੇ ਹੋ। ਸਾਹਮਣੇ ਵਾਲਾ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ। ਜੇ ਸਾਹਮਣੇ ਵਾਲਾ ਸਹੀ ਲੱਗੇ ਤਾਂ ਫੋਨ ਜਾਂ ਈ-ਮੇਲਾਂ ਰਾਹੀਂ ਪਰਿਵਾਰ ਦਾ ਮੇਲ ਹੋ ਜਾਂਦਾ ਹੈ ‘ਤੇ ਪਰਿਵਾਰ ਸਿੱਧੇ ਤੌਰ ‘ਤੇ ਆਪਸ ਵਿਚ ਗੱਲਬਾਤ ਕਰਕੇ ਰਿਸ਼ਤੇ ਨੇਪਰੇ ਚਾੜ ਲੈਂਦੇ ਹਨ। ਇਹ ਤਾਂ ਇੱਕ ਪੱਖ ਚੰਗਾ ਹੋ ਗਿਆ ਅਤੇ ਹੁਣ ਗੱਲ ਉਹ ਕਰਦੇ ਹਾਂ ਜਿਸ ਲਈ ਇਹ ਲਿਖਣ ਦੀ ਕੋਸ਼ਿਸ਼ ਕੀਤੀ। ਮੇਰੇ ਖ਼ਿਆਲ ਨਾਲ ਇਨ੍ਹਾਂ ਰਿਸ਼ਤੇ ਲੱਭਣ ਵਾਲੀਆਂ ਵੈੱਬਸਾਈਟਾਂ ਦੇ ਅੱਜ ਕੱਲ੍ਹ ਨੁਕਸਾਨ ਵੀ ਹੋ ਰਹੇ ਹਨ।

ਖ਼ਾਸ ਕਰਕੇ ਉਨ੍ਹਾਂ ਲਈ ਜੋ ਕਿ ਭਾਰਤ ਜਾਂ ਪੰਜਾਬ ਵਿਚ ਬੈਠ ਕੇ ਵਿਦੇਸ਼ਾਂ ਦੇ ਰਿਸ਼ਤੇ ਲੱਭਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਜਾਂ ਬੱਚੀ ਦੀ  ਜ਼ਿੰਦਗੀ ਇੱਕ ਚੰਗੇ ਜੀਵਨ ਸਾਥੀ ਦੇ ਨਾਲ ਨਾਲ ਚੰਗੇ ਦੇਸ਼ ਗੁਜ਼ਰੇ ਬਸ ਏਸੇ ਚਾਹ ਹੀ ਉਨ੍ਹਾਂ ਨੂੰ ਮਾਂ-ਬਾਪ ਤੇ ਮੁੰਡੇ ਕੁੜੀਆਂ ਨੂੰ ਕੁੱਝ ਸਮੇਂ ਲਈ ਦਲਦਲ ਵਿਚ ਧੱਕ ਦਿੰਦੇ ਹਨ। ਇਹ ਸਭ ਖ਼ਾਸ ਕਰਕੇ ਕੁੜੀਆਂ ਨੂੰ ਮੇਰੇ ਖ਼ਿਆਲ ਵਿਚ ਸਭ ਤੋਂ ਜ਼ਿਆਦਾ ਸਹਿਣਾ ਪੈ ਰਿਹਾ ਹੈ ਕਿਉਂਕਿ ਜੋ ਮੁੰਡੇ ਵਿਦੇਸ਼ਾਂ ਵਿਚੋਂ ਆਪਣੀ ਜੀਵਨ ਸਾਥੀ ਦੀ ਤਲਾਸ਼ ਲਈ ਪ੍ਰੋਫਾਈਲ ਬਣਾ ਕੇ ਇੰਡੀਆ ਜਾਂ ਕਿਤੇ ਵੀ ਗੱਲ ਕਰਨੀ ਸ਼ੁਰੂ ਕਰਦੇ ਹਨ। ਉਨ੍ਹਾਂ ਵਿਚੋਂ ਕੁੱਝ ਕੁ ਸਿਰਫ਼ ਫ਼ਾਇਦਾ ਪਾਸ਼ ਲਈ ਅਤੇ ਮਾਨਸਿਕ ਸ਼ੋਸ਼ਣ ਜ਼ਿਆਦਾ ਕਰਦੇ ਹਨ। ਆਪਣੇ ਵਿਦੇਸ਼ ਹੋਣ ਦੀ ਧੌਂਸ ਤੋਂ ਸ਼ੁਰੂ ਹੋ ਕੇ ਕੁੜੀਆਂ ਨਾਲ ਅਸ਼ਲੀਲ ਗੱਲਾਂ ਵੱਲ ਜ਼ਿਆਦਾ ਪ੍ਰੇਰਿਤ ਕਰਦੇ ਹਨ। ਕਈ ਵਾਰ ਕੁੜੀਆਂ ਵੀ ਉਨ੍ਹਾਂ ਦੇ ਝਾਂਸੇ ਵਿਚ ਆ ਕੇ ਉਹ ਸਭ ਕਰ ਬੈਠਦੀਆਂ ਹਨ ਜੋ ਕਿ ਸਮਾਜਿਕ ਮਰਿਆਦਾ ਦੇ ਉਲਟ ਹੁੰਦਾ ਤੇ ਉਸ ਦੀ ਨਤੀਜੇ ਅੰਤ ਵਿਚ ਬਲੈਕਮੇਲਿੰਗ ਤੇ ਜਾ ਕੇ ਰੁਕਦੇ ਹਨ। ਇਹ ਸਭ ਇੱਥੇ ਨਹੀਂ ਰੁਕਦਾ ਅੱਜ ਕੁੱਝ ਸਕੈਨਰ ਵੀ ਇਨ੍ਹਾਂ ਵੈੱਬਸਾਈਟਾਂ ਤੇ ਐਕਟਿਵ ਹਨ। ਇੱਕ ਸੱਚੀ ਘਟਨਾ ਜੋ ਮੇਰੇ ਮਿੱਤਰ ਦੀ ਭੈਣ ਨਾਲ ਹੋਈ ਉਸ ਨੇ ਵੀ ਇੱਕ ਬਹੁਚਰਚਿਤ ਵੈੱਬਸਾਈਟ ਤੇ ਆਪਣੀ ਪ੍ਰੋਫਾਈਲ ਬਣਾਈ ਹੋਈ ਸੀ ਉਸ ਨੂੰ ਇੱਕ ਅਮਰੀਕੀ ਲੜਕਾ ਸੰਪਰਕ ਕਰਦਾ, ਆਪਣੇ ਆਪ ਨੂੰ ਲੁਧਿਆਣੇ ਦਾ ਦੱਸਦਾ ਜੋ ਕਿ ਅਮਰੀਕਾ ਦੇ ਕਿਸੇ ਸੀਕਰਟ ਸਰਵਿਸ ਤੇ ਹੈ ਅਤੇ ਹੋਰ ਵੀ ਦੇਸ਼ ਵਿਦੇਸ਼ਾਂ ਵਿਚ ਆਉਣਾ ਜਾਣਾ ਹੈ। ਉਸ ਦੀ ਅਤੇ ਉਸ ਨੂੰ ਥੋੜ੍ਹੀ ਬਹੁਤ ਪੰਜਾਬੀ ਬੋਲਣ ਦਾ ਦਿਖਾਵਾ ਕਰਦਾ। ਉਹ ਮੇਰੇ ਮਿੱਤਰ ਦੀ ਭੈਣ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਉਸ ਨੂੰ ਉਹ ਮਿਲਣਾ ਚਾਹੁੰਦਾ ਹੈ। ਇਸ ਕਰਕੇ ਉਹ ਇੰਡੀਆ ਆ ਰਿਹਾ ਹੈ। ਪਰਿਵਾਰ ਕਿਸੇ ਮੈਂਬਰ ਨੂੰ ਨਾਲ ਲੈ ਕੇ ਇਹ ਸਭ ਗੱਲ ਮੇਰੇ ਦੋਸਤ ਦੀ ਭੈਣ ਨੇ ਆਪਣੇ ਪਰਿਵਾਰ ਨਾਲ ਗੱਲ ਸਾਂਝੀ ਕੀਤੀ ਅਤੇ ਸਭ ਖ਼ੁਸ਼ ਵੀ ਸਨ ਕੇ ਸ਼ਾਇਦ ਚੰਗੇ ਪੜੇ ਲਿਖੇ ਪਰਿਵਾਰ ਨਾਲ ਰਿਸ਼ਤਾ ਜੁੜਦਾ ਹੈ ਤਾਂ ਬੱਚੀ ਦੀ ਜ਼ਿੰਦਗੀ ਬਣ ਜਾਵੇਗੀ। ਉਸ ਦੇ ਆਉਣ ਦੀ ਤਾਰੀਖ਼ ਵੀ ਫਿਕਸ ਹੋ ਜਾਂਦੀ ਹੈ। ਟਿਕਟ ਦੀ ਫ਼ੋਟੋ ਵੀ ਆਉਂਦੀ ਹੈ ਜਿਸ ਦਿਨ ਉਸ ਨੇ ਦਿੱਲੀ ਉੱਤਰਨਾ ਹੁੰਦਾ ਉਸ ਸ਼ਾਮ ਨੂੰ ਦਿੱਲੀ ਦੇ ਲੋਕਲ ਨੰਬਰ ਤੋਂ ਕਾਲ ਆਉਂਦੀ ਹੈ। ਜੋ ਉਸ ਅਮਰੀਕੀ ਮੁੰਡੇ ਨੇ ਕੀਤੀ ਜੋ ਬੜੇ ਉਦਾਸ ਮਨ ਨਾਲ ਕੁੜੀ ਨੂੰ ਕਹਿੰਦਾ ਹੈ ਕਿ ਉਸ ਦਾ ਬੈਗ ਗੁੰਮ ਹੋ ਗਿਆ ਹੈ। ਜਿਸ ਵਿਚ ਉਸ ਦੇ ਸਾਰੇ ਜ਼ਰੂਰੀ ਕਾਗ਼ਜ਼ਾਤ ਤੇ ਪਾਸਪੋਰਟ ਕਰੈਡਿਟ ਕਾਰਡ ਆਦਿ ਸਨ ਅਤੇ ਉਹ ਕਹਿੰਦਾ ਹੈ ਉਸ ਨੂੰ ਕੁੱਝ ਪੈਸੇ ਚਾਹੀਦੇ ਹਨ ਜੋ ਕਿ ਉਹ ਘਰ ਪਹੁੰਚੇ ਕੇ ਵਾਪਸ ਕਰ ਦੇਵੇਗਾ। ਉਸ ਨੇ ਆਪਣੀ ਇੱਜ਼ਤ ਤੇ ਬੇਇੱਜ਼ਤੀ ਦਾ ਵਾਸਤਾ ਪਾ ਕੇ ਕਿਹਾ ਕਿ ਲੈਣ ਨੂੰ ਤਾਂ ਉਹ ਆਪਣੇ ਪਰਿਵਾਰ ਤੋਂ ਵੀ ਲੈ ਲਵੇ ਪਰ ਉਨ੍ਹਾਂ ਨੂੰ ਗੈਰ-ਜ਼ਿੰਮੇਵਾਰ ਸਮਝਣਗੇ ਜੋ ਉਹ ਨਹੀਂ ਚਾਹੁੰਦਾ ਅਤੇ ਉਹ ਖੜੇ ਪੈਰ 1,50,000 ਦੀ ਮੰਗ ਕਰ ਦਿੰਦਾ ਜਾਂ ਜਿੰਨਾ ਵੀ ਹੋ ਸਕੇ ਕੁੜੀ ਨੂੰ ਪੂਰੇ ਵਿਸ਼ਵਾਸ ਵਿਚ ਲੈ ਕੇ ਡੈਬਿਟ ਕਾਰਡ ਦੀ ਸਾਰੀ ਜਾਣਕਾਰੀ ਲੈ ਲੈਂਦਾ ਅਤੇ ਕਾਰਡ ਵਿਚ ਤਕਰੀਬਨ 1,15,000 ਹਜ਼ਾਰ ਸੀ ਜੋ 30 ਮਿੰਟ ‘ਚ ਸਾਫ਼ ਕਰ ਦਿੰਦਾ ਅਤੇ ਉਸ ਤੋਂ ਬਾਅਦ ਵਿਚ ਫ਼ੋਨ ਬੰਦ ਹੋ ਜਾਂਦਾ ਤੇ ਵੈੱਬਸਾਈਟ ‘ਤੇ ਅਕਾਊਂਟ ਬੰਦ ਹੋ ਜਾਂਦਾ ਹੈ ਅਤੇ ਮੇਰੇ ਦੋਸਤ ਪਰਿਵਾਰ ਆਪਣੀ ਬਦਨਾਮੀ ਦੇ ਡਰੋਂ ਕੋਈ ਵੀ ਗੱਲ ਬਾਹਰ ਕਿਸੇ ਨੂੰ ਸਹੀ ਦੱਸਦੇ ਰਿਪੋਰਟ ਤਾਂ ਦੂਰ ਦੀ ਗੱਲ ਸੀ। ਪਰਿਵਾਰ ਤਾਂ ਸ਼ਾਇਦ ਇਹ ਗੱਲ ਨੂੰ ਕੁੱਝ ਸਮੇਂ ਬਾਅਦ ਭੁੱਲ ਜਾਵੇ ਪਰ ਉਸ ਬੱਚੀ ਤੇ ਇਸ ਧੋਖੇ ਦੀ ਛਾਪ ਹਮੇਸ਼ਾ ਬਣੀ ਰਹੇਗੀ। ਚਲੋ ਮੈਂ ਸੋਚਦਾ ਫਿਰ ਵੀ ਬਚਾਅ ਹੋ ਗਿਆ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀ। ਪਰ ਕਈ ਵਾਰ ਅਕਸਰ ਹੀ ਅੱਜ ਕੱਲ੍ਹ ਫੇਸ ਬੁੱਕ ਤੇ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਦੂਜੇ ਨੂੰ ਪਸੰਦ ਕਰ ਵਿਆਹ ਤਾਂ ਹੋ ਜਾਂਦੇ ਹਨ। ਜੋ 90 ਫ਼ੀਸਦੀ ਨਿਭਦੇ ਨਹੀਂ ਤੇ ਕੁੜੀਆਂ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੀਆਂ ਹਨ। ਹਿਨਾ ਕੋਈ ਨਜ਼ਦੀਕੀ ਜਾਣ ਪਹਿਚਾਣ ਦੇ ਬਣੇ ਇਸ ਤਰ੍ਹਾਂ ਦੇ ਰਿਸ਼ਤੇ ਹੋ ਜਾਂਦੇ ਹਨ ਕੁੜੀਆਂ ਵਿਆਹ ਤੋਂ ਬਾਅਦ ਵਿਦੇਸ਼ ਵੀ ਆ ਜਾਂਦੀਆਂ ਹਨ ਪਰ ਇੱਥੇ ਉਨ੍ਹਾਂ ਨੂੰ ਕੀ ਕੁੱਝ ਸਹਿਣਾ ਪੈਂਦਾ ਹੈ ਉਹ ਆਮ ਬੰਦੇ ਵੀ ਸੋਚ ਤੋਂ ਵੀ ਪਰੇ ਹੈ। ਮੈਂ ਕਈ ਐਸੇ ਪਰਿਵਾਰਾਂ ਨੂੰ ਜਾਣਦਾ ਹਾਂ ਜੋ ਇੰਡੀਆ ਜਾ ਕੇ ਵਿਆਹ ਕਰਵਾ ਕੇ ਕੁੜੀਆਂ ਤਾਂ ਲੈ ਆਏ ਪਰ ਇਨ੍ਹਾਂ ਨੂੰ ਬਿਨਾ ਗ਼ੁਲਾਮੀ ਦੀ ਜ਼ਿੰਦਗੀ ਤੋਂ ਕੁੱਝ ਨਹੀਂ ਦਿੱਤਾ ਨਾ ਹੀ ਉਹ ਕੁੜੀਆਂ ਉਸ ਗ਼ੁਲਾਮੀ ਦਾ ਵਿਰੋਧ ਕਰ ਸਕੀਆਂ ਜੇ ਉਨ੍ਹਾਂ ਨੇ ਕਿਤੇ ਬਾਹਰ ਜਾਣਾ ਤਾਂ ਉਹ ਨਹੀਂ ਜਾ ਸਕਦੀਆਂ ਕਿਸੇ ਸਾਕ ਸੰਮਬੰਦੀ ਦੇ ਨਾਲ ਮਿਲ ਵਰਤਣ ਤੋਂ ਵੀ ਰੋਕ ਹੈ ਜਾਂ ਤੇ ਹਾਸੋਹੀਣੀ ਗੱਲ ਤਾਂ ਉਦੋਂ ਪਤਾ ਲੱਗੀ ਕਿ ਇੱਕ ਦਾ ਘਰਵਾਲਾ ਤਾਂ ਇੱਥੋਂ ਤੱਕ ਕਹਿੰਦਾ ਕੇ ਜਦੋਂ ਉਹ ਬਾਹਰੋਂ ਘਰ ਆਵੇ ਤਾਂ ਗੱਡੀ ਵਿਚ ਉੱਤਰਨ ਤੋਂ ਪਹਿਲਾਂ ਤੂੰ ਦਰਵਾਜ਼ੇ ਤੇ ਮੇਰਾ ਇੰਤਜ਼ਾਰ ਕਰਦੀ ਹੋਣੀ ਚਾਹੀਦੀ ਹੈ। ਮੁੱਕਦੀ ਗੱਲ ਕੇ ਆਪਣੇ ਪਰਿਵਾਰ ਵਿਚ ਲਾਡਾਂ ਚਾਵਾਂ ਨਾਲ ਪਲੀ ਧੀ ਰਾਣੀ ਕਿਸੇ ਪਾਲਤੂ ਪੰਛੀ ਵਾਂਗ ਪਿੰਜਰੇ ਵਿਚ ਕੈਦ ਹੋ ਕੇ ਰਹਿ ਜਾਂਦੀ ਹੈ। ਤੇ ਪਰਿਵਾਰ ਨੂੰ ਪਿੱਛੇ ਦੁੱਖ ਨਾ ਹੋਵੇ ਸਾਰੀ ਉਮਰ ਗ਼ਮ ਨੂੰ ਹੱਸ ਕੇ ਜ਼ਰ ਲੈਂਦੀ ਹੈ। ਪਤਾ ਨਹੀਂ ਪ੍ਰਮਾਤਮਾ ਨੇ ਕਿੰਨੀ ਕੁ ਸਹਿਣ ਸ਼ਕਤੀ ਦੇ ਦਿੱਤੀ ਹੈ ਔਰਤ ਨੂੰ ਕਈ ਵਾਰ ਮੁੰਡੇ ਵੀ ਪੱਕੇ ਹੋਣ ਦੇ ਚੱਕਰ ਵਿਚ ਇਹ ਸਭ ਸਹਿਣ ਕਰਦੇ ਸੁਣੇ ਹਨ। ਪਰ ਉਹ ਫਿਰ ਵੀ ਮਰਦ ਜਾਤ ਹੋਣ ਕਰਕੇ ਆਜ਼ਾਦੀ ਹੱਕ ਕਿਵੇਂ ਨਾ ਕਿਵੇਂ ਵਸੂਲ ਕਰ ਹੀ ਲੈਂਦੇ ਹਨ। ਫਿਰ ਆਪਣੀ ਵਿਚੋਲੇ ਵਾਲੀ ਗੱਲ ‘ਤੇ ਆਵਾਂ ਤਾਂ ਸੋਚਦਾ ਹਾਂ ਕਿ ਸਾਡੇ ਬਜ਼ੁਰਗਾਂ ਨੇ ਜੋ ਵੀ ਰੀਤੀ ਰਿਵਾਜ ਜਾਂ ਤੋਰ ਤਰੀਕੇ ਵਰਤੇ ਉਹ ਜ਼ਿੰਦਗੀ ਵਿਚ ਸਾਦਗੀ ਤੇ ਸਕੂਨ ਜ਼ਰੂਰ ਦਿੰਦੇ ਸਨ। ਉਨ੍ਹਾਂ ਦਾ ਸੋਚ ਸਮਝ ਕੇ ਹਰ ਫ਼ੈਸਲਾ ਕਰਨਾ ਕਿਸੇ ਕੰਮ ਵਿਚ ਜਲਦ-ਬਾਜ਼ੀ ਕਰਨ ਨਾਲੋਂ ਕਿਤੇ ਚੰਗਾ ਹੈ। ਸਾਨੂੰ ਵੀ ਅਜੋਕੇ ਆਧੁਨਿਕ ਯੁੱਗ ਵਿਚ ਇਹ ਸਭ ਆਖੋ ਪਰੋਖੇ ਨਹੀਂ ਕਰਨਾ ਚਾਹੀਦਾ ਕਿਤੇ  ਰਿਸ਼ਤੇ ਜੋੜਨ ਤੋਂ ਪਹਿਲਾਂ ਆਪਣੇ ਕੁੜੀ ਮੁੰਡੇ ਦੀ ਜ਼ਿੰਦਗੀ ਬਾਰੇ ਸੋਚ ਪਰਿਵਾਰ ਬਾਰੇ ਸਹੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਈ ਵਾਰ ਅਸੀਂ ਸਿਰਫ਼ ਜ਼ਮੀਨ, ਜਾਇਦਾਦ, ਪੜਾਈ ਲਿਖਾਈ ਨੌਕਰੀ ਦੇਖ ਕੇ ਹੀ ਲੋਭ ਹੋ ਜਾਂਦੇ ਹਾਂ ਫਿਰ ਚਾਹੇ ਉਹ ਪਰਿਵਾਰ ਸਮਾਜਿਕ ਤੌਰ ਅਤੇ ਬੁਨਿਆਦੀ ਤੌਰ ਤੇ ਅਨਪੜ੍ਹ ਹੀ ਕਿਉਂ ਨਾਂ ਹੋਵੇ। ਚੰਗੇ ਕਦਰਾਂ ਕੀਮਤਾਂ ਵਾਲੇ ਪਰਿਵਾਰ ਚੁਣੋ ਜੋ ਸਾਰੀ ਉਮਰ ਸਾਡੇ ਬੱਚੇ ਨੂੰ  ਆਪਣਾ ਬੱਚਿਆਂ ਵਾਂਗ ਸਮਝਣ ਇਸੇ ਕਰਕੇ ਰਿਸ਼ਤੇ ਜੋੜਨ ਤੋਂ ਪਹਿਲਾਂ ਜ਼ਿੰਮੇਵਾਰ ਵਿਅਕਤੀ ਭਾਵ ਵਿਚੋਲਾ ਜ਼ਰੂਰ ਹੋਵੇ ਜੋ ਪਰਿਵਾਰਾਂ ਦੀ ਹਰ ਸਮੇਂ ਦੁੱਖ ਸੁੱਖ ਦਾ ਸਾਂਝੀ ਹੋਵੇ ਅਤੇ ਵਿਚੋਲੇ ਵੀ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਕਿਸੇ ਲਾਲਚ ਨੂੰ ਛੱਡ ਓਹਲੇ ਦਾ ਕੰਮ ਨਾ ਕਰਨ ਜੋ ਬਾਅਦ ਵਿਚ ਹੱਸਦੇ ਵੱਸਦੇ ਪਰਿਵਾਰਾਂ ਨੂੰ ਮੁਸੀਬਤ ਵਿਚ ਪਾ ਦੇਵੇ। ਸਾਨੂੰ ਸਭ ਨੂੰ ਆਪਣੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਧੀਆਂ ਧੇਆਨੀਆਂ ਦੇ ਹੱਕ ਵਿਚ ਹਮੇਸ਼ਾ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।

ਲੇਖਕ ਦਾ ਨਾਮ – ਹਰਸਿਮਰਨਪਾਲ ਵਿਰਕ, ਸਟਾਕਟਨ (ਕੈਲੀਫੋਰਨੀਆ)

ਸੰਪਰਕ ਨੰਬਰ – 001209-751-7593

ਈ-ਮੇਲ- harsimranpalvirk@gmail.com

Leave A Reply

Your email address will not be published.