‘ਕਿਸਾਨ ਟਰੈਕਟਰ ਪਰੇਡ’ ਦੇ ਸਮਰਥਨ ‘ਚ ‘ਆਪ’ ਨੇ ਸੂਬੇ ਭਰ ਵਿੱਚ ਕੱਢੀਆਂ ਮੋਟਰਸਾਈਕਲ ਰੈਲੀਆਂ

ਪੰਜਾਬ ਬਿਊਰੋ

ਚੰਡੀਗੜ੍ਹ 23 ਜਨਵਰੀ

ਆਮ ਆਦਮੀ ਪਾਰਟੀ ਨੇ ਅੱਜ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੀਤੇ ਜਾ ਰਹੇ ਕਿਸਾਨ ਟਰੈਕਟਰ ਪਰੇਡ ਦੇ ਸਮਰਥਨ ‘ਚ ਮੋਟਰਸਾਈਕਲ ਰੈਲੀ ਕੱਢਕੇ ਪੰਜਾਬ ਵਾਸੀਆਂ ਨੂੰ ‘ਕਿਸਾਨ ਟਰੈਕਟਰ ਪਰੇਡ’ ਵਿੱਚ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਅੱਜ ਕੱਢੀਆਂ ਗਈਆਂ ਮੋਟਰਸਾਈਕਲ ਰੈਲੀਆਂ ਵਿੱਚ ਵਿਧਾਇਕਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਪਾਰਟੀ ਵੱਲੋਂ ਅੱਜ ਸੂਬੇ ਭਰ ਵਿੱਚ ਮੋਟਰਸਾਈਕਲ ਰੈਲੀਆਂ ਕੱਢੀਆਂ ਗਈਆਂ।

ਭਗਵੰਤ ਮਾਨ ਨੇ ਕਿਹਾ ਕਿ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੀਤੀ ਜਾ ਰਹੀ ‘ਕਿਸਾਨ ਟਰੈਕਟਰ ਪਰੇਡ’ ਦੇ ਸਮਰਥਨ ‘ਚ ਇਹ ਮੋਟਰਸਾਈਕਲ ਰੈਲੀ ਕੱਢੀ ਗਈ। ‘ਆਪ’ ਵਰਕਰਾਂ ਨੇ ਮੋਟਰਸਾਈਕਲ ਰੈਲੀ ਰਾਹੀਂ ਲੋਕਾਂ ਨੂੰ 26 ਜਨਵਰੀ ਨੂੰ ਹੋਣ ਵਾਲੇ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਕੜਾਕੇ ਦੀ ਠੰਢ ਵਿੱਚ ਧਰਨੇ ਉੱਤੇ ਬੈਠੇ ਆਪਣੇ ਕਿਸਾਨ ਭੈਣ-ਭਰਾਵਾਂ ਦੇ ਸਮਰਥਨ ‘ਚ ਡਟਣ ਦਾ ਸੱਦਾ ਦਿੱਤਾ।

ਭਗਵੰਤ ਮਾਨ ਨੇ ਕਿਹਾ ਕਿ ਇਹ ਰੈਲੀਆਂ ਕੋਈ ਰਾਜਨੀਤਿਕ ਮਕਸਦ ਤੋਂ ਨਹੀਂ ਕੱਢੀਆਂ ਗਈਆਂ ਅਤੇ ਨਾ ਹੀ ਇਸ ਨੂੰ ਰਾਜਨੀਤਿਕ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ। ਅਸੀਂ ਸਭ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਹਾਂ ਅਤੇ ਕਿਸਾਨੀ ਸਾਡੇ ਖ਼ੂਨ ਵਿੱਚ ਹੈ। ਪੰਜਾਬ ਦੇ 80 ਫ਼ੀਸਦੀ ਤੋਂ ਜ਼ਿਆਦਾ ਲੋਕ ਖੇਤੀ ਨਾਲ ਜੁੜੇ ਹੋਏ ਹਨ। ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਅਸੀਂ 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਵਿੱਚ ਆਪਣਾ ਸਹਿਯੋਗ ਦੇਣ ਲਈ ਇਸ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਹੈ। ਇਸ ਰੈਲੀ ਦਾ ਮਕਸਦ ਕਿਸਾਨ ਸੰਗਠਨਾਂ ਵੱਲੋਂ ਆਯੋਜਿਤ ਗਣਤੰਤਰ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ ਉੱਤੇ ਕੀਤੇ ਜਾਣ ਵਾਲੇ ‘ਕਿਸਾਨ ਟਰੈਕਟਰ ਪਰੇਡ’ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਅਪੀਲ ਕਰਦੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਅਤੇ ਕਿਸਾਨਾਂ ਉੱਤੇ ਅੱਤਿਆਚਾਰ ਕਰਨ ਵਾਲੀ ਮੋਦੀ ਸਰਕਾਰ ਦਾ ਹੰਕਾਰ ਤੋੜਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਪਰੇਡ ਹੋਵੇਗੀ ਕਿ ਇੱਕ ਪਾਸੇ ਜਵਾਨ ਪਰੇਡ ਕਰਨਗੇ ਅਤੇ ਦੂਜੇ ਪਾਸੇ ਦੇਸ਼ ਦਾ ਕਿਸਾਨ ਆਪਣੀ ਹਾਲਤ ਪ੍ਰਗਟਾਉਂਦੀਆਂ ਹੋਈਆਂ ਝਾਕੀਆਂ ਨਾਲ ਦਿੱਲੀ ਦੀਆਂ ਸੜਕਾਂ ਉੱਤੇ ਟਰੈਕਟਰ ਪਰੇਡ ਕਰੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਸਮੂਹ ਅਹੁਦੇਦਾਰ ਕਿਸਾਨ ਟਰੈਕਟਰ ਪਰੇਡ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਪਰੇਡ ਵਿੱਚ ਕਿਸੇ ਰਾਜਨੀਤਿਕ ਪਾਰਟੀ ਦੇ ਤੌਰ ‘ਤੇ ਨਹੀਂ, ਇੱਕ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ‘ਅੰਨਦਾਤੇ’ ਵੱਲੋਂ ਕੀਤੀ ਜਾ ਰਹੀ ਪਰੇਡ ਵਿੱਚ ਸ਼ਾਮਲ ਹੋਵੇਗੀ।

Leave A Reply

Your email address will not be published.