26 ਨੂੰ ਕਿਸਾਨ ਪਰੇਡ ਲਈ ਭਾਕਿਯੂ ਦੇ ਝੰਡੇ ਹੇਠ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਦਿੱਲੀ ਰਵਾਨਾ

ਪੰਜਾਬ ਬਿਊਰੋ

ਚੰਡੀਗੜ੍ਹ 23 ਜਨਵਰੀ

ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਆਨੀਂ-ਬਹਾਨੀਂ ਲਗਾਤਾਰ ਇਨਕਾਰੀ ਹੋ ਰਹੀ ਮੋਦੀ ਭਾਜਪਾ ਹਕੂਮਤ ਵਿਰੁੱਧ ਲੋਹੇ ਲਾਖੇ ਹੋਏ ਕਿਸਾਨਾਂ ਦੇ ਰੋਹ ਦੇ ਝਲਕਾਰੇ ਅੱਜ ਉਦੋਂ ਦੇਖਣ ਨੂੰ ਮਿਲ਼ੇ ਜਦੋਂ ਦਿੱਲੀ ਵਿੱਚ 26 ਜਨਵਰੀ ਨੂੰ ਕੀਤੀ ਜਾ ਰਹੀ ਕਿਸਾਨ ਪਰੇਡ ‘ਚ ਸ਼ਾਮਲ ਹੋਣ ਲਈ ਭਾਕਿਯੂ (ਏਕਤਾ ਉਗਰਾਹਾਂ) ਦੇ ਸੱਦੇ ‘ਤੇ ਦਿੱਲੀ ਨੂੰ ਖਨੌਰੀ ਅਤੇ ਡੱਬਵਾਲੀ ਤੋਂ ਮਿਥੇ ਹੋਏ ਜਿਲ੍ਹੇਵਾਰ ਪੂਰੇ ਕਾਫ਼ਲੇ ਜੁੜ ਕੇ 11 ਵਜੇ ਕੂਚ ਕਰਨ ਦੀ ਬਜਾਏ ਸੁਬਾਹ 8 ਵਜੇ ਹੀ ਛੋਟੇ ਵੱਡੇ ਕਾਫ਼ਲੇ ਵਾਹੋ ਦਾਹੀ ਲੰਘਣ ਲੱਗ ਪਏ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪ੍ਰੈਸ ਨੋਟ ਲਿਖੇ ਜਾਣ ਵੇਲੇ ਤੱਕ ਉਕਤ ਦੋਨਾਂ ਰੂਟਾਂ ‘ਤੇ 30000 ਦੇ ਕਰੀਬ ਟ੍ਰੈਕਟਰ ਟਰਾਲੀਆਂ ਲੰਘ ਚੁੱਕੇ ਸਨ ਅਤੇ ਹੋਰ ਛੋਟੇ ਵੱਡੇ ਕਾਫ਼ਲੇ ਲਗਾਤਾਰ ਲੰਘ ਰਹੇ ਸਨ। ਹੱਡਚੀਰਵੀਂ ਠੰਢ ਅਤੇ ਤੇਜ ਹਵਾ ਵਾਲੇ ਖਰਾਬ ਮੌਸਮ ਨੂੰ ਚੀਰ ਰਹੇ ਮੋਦੀ ਹਕੂਮਤ ਵਿਰੁੱਧ ਆਕਾਸ਼ ਗੁੰਜਾਊ ਨਾਹਰੇ ਕਿਸਾਨਾਂ ਦੇ ਅੰਤਮ ਦਮ ਤੱਕ ਘੋਲ਼ ਲੜਨ ਦੇ ਦ੍ਰਿੜ੍ਹ ਇਰਾਦਿਆਂ ਦਾ ਪ੍ਰਗਟਾਵਾ ਕਰ ਰਹੇ ਸਨ। ਕਿਸਾਨ ਵਲੰਟੀਅਰ ਟੀਮਾਂ ਦੀ ਬਾਜ ਅੱਖ ਚਾਰ ਚੁਫੇਰੇ ਘੁੰਮ ਰਹੀ ਸੀ। ਮਿਥੇ ਸਮੇਂ ‘ਤੇ ਬਾਕਾਇਦਾ ਕਾਫ਼ਲੇ ਤੋਰਨ ਸਮੇਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਆਗੂ ਜਨਕ ਸਿੰਘ ਭੁਟਾਲ, ਸੁਖਜੀਤ ਸਿੰਘ ਕੋਠਾਗੁਰੂ, ਜਸਵਿੰਦਰ ਸਿੰਘ ਬਰਾਸ ਅਤੇ ਹਰਜਿੰਦਰ ਸਿੰਘ ਬੱਗੀ ਸ਼ਾਮਲ ਸਨ। ਬੁਲਾਰਿਆਂ ਨੇ ਸਮੂਹ ਕਿਸਾਨਾਂ ਖਾਸਕਰ ਨੌਜਵਾਨਾਂ ਦੇ ਜੁਝਾਰੂ ਇਰਾਦਿਆਂ ਦੀ ਸ਼ਲਾਘਾ ਕਰਦੇ ਹੋਏ ਜਥੇਬੰਦੀ ਦੀਆਂ ਆਗੂ ਟੀਮਾਂ ਦੇ ਜ਼ਾਬਤੇ ਦੀ ਸਖਤ ਪਾਲਣਾ ਕਰਨ ਦਾ ਸੱਦਾ ਦਿੱਤਾ।

ਬੀਤੀ ਰਾਤ ਸਿੰਘੂ ਬਾਰਡਰ ‘ਤੇ ਪਕੜੇ ਗਏ ਭਾੜੇ ਦੇ ਸਰਕਾਰੀ ਟਾਊਟ ਦਾ ਹਵਾਲਾ ਦਿੰਦੇ ਹੋਏ ਪੂਰੇ ਚੌਕਸ ਤੇ ਸ਼ਾਂਤਮਈ ਰਹਿਣ ਤੇ ਜੋਰ ਦਿੱਤਾ ਤਾਂ ਜੋ ਹਿੰਸਕ ਟਕਰਾਅ ਪੈਦਾ ਕਰਕੇ ਘੋਲ਼ ਨੂੰ ਖਦੇੜਨ ਦੀਆਂ ਸਰਕਾਰੀ ਸਾਜਿਸ਼ਾਂ ਨੂੰ ਫੇਲ੍ਹ ਕੀਤਾ ਜਾ ਸਕੇ ਅਤੇ ਵਿਸ਼ਾਲ ਜਨਤਕ ਦਬਾਅ ਰਾਹੀਂ ਕਾਲੇ ਖੇਤੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿੱਲ 2020 ਤੇ ਪਰਾਲ਼ੀ ਆਰਡੀਨੈਂਸ ਦੀ ਵਾਪਸੀ ਅਤੇ ਲਾਭਕਾਰੀ ਐਮ ਐਸ ਪੀ ‘ਤੇ ਪੂਰੇ ਦੇਸ਼ ਵਿੱਚ ਸਾਰੀਆਂ ਫਸਲਾਂ ਦੀ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਤੋਂ ਇਲਾਵਾ ਸਰਵਜਨਕ ਵੰਡ ਪ੍ਰਣਾਲੀ ਦੀਆਂ ਮੁੱਖ ਮੰਗਾਂ ਮੰਨਵਾਈਆਂ ਜਾ ਸਕਣ। ਲਗਭਗ ਸਾਰੀਆਂ ਜਥੇਬੰਦੀਆਂ ਤੋਂ ਅਤੇ ਸਾਰੇ ਜਿਲ੍ਹਿਆਂ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਦਿੱਲੀ ਵੱਲ ਕਿਸਾਨਾਂ ਦੇ ਛੋਟੇ ਵੱਡੇ ਕਾਫ਼ਲੇ ਕੱਲ੍ਹ ਪਰਸੋਂ ਤੱਕ ਵੀ ਪਹੁੰਚਦੇ ਰਹਿਣਗੇ। ਸਾਰੇ ਹਿਮਾਇਤੀ ਤਬਕਿਆਂ ਦੇ ਇਨਸਾਫਪਸੰਦ ਲੋਕਾਂ ਵੱਲੋਂ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਕੀਤੀ ਜਾ ਰਹੀ ਮੱਦਦ ਦਾ ਬੁਲਾਰਿਆਂ ਵੱਲੋਂ ਧੰਨਵਾਦ ਕੀਤਾ ਗਿਆ।

Leave A Reply

Your email address will not be published.