ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ

ਪੰਜਾਬ ਬਿਊਰੋ

ਨਵੀਂ ਦਿੱਲੀ, 23 ਜਨਵਰੀ

ਕੜਾਕੇ ਦੀ ਠੰਡ ਦੇ ਬਾਵਜੂਦ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਅੱਜ ਰੋਜ਼ਾਨਾ ਦੀ ਤਰ੍ਹਾਂ ਟਿੱਕਰੀ ਬਾਡਰ ‘ਤੇ ਪਕੌੜਾ ਚੌਂਕ ਨੇੜੇ ਲੱਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ‘ਤੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ,ਔਰਤਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਹੋਰ ਦੇਸ਼ ਭਰ ਤੋਂ ਆਏ ਮਿਹਨਤੀ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਧਰਨਾਕਾਰੀਆਂ ਦੇ ਓਦੋਂ ਹੌਸਲੇ ਹੋਰ ਬੁਲੰਦ ਹੋ ਗਏ ਜਦੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਦਾ ਵੱਡਾ ਜੱਥਾ ਪੰਡਾਲ ਵਿੱਚ ਸ਼ਾਮਲ ਹੋਇਆ।

ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਾਨੂੰਨ ਰੱਦ ਕਰਨ ਲਈ ਕੇਂਦਰ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ ਜਦੋਂ ਕਿ 70 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਅੜੀ ਦਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੀ ਹੈ। ਉਨ੍ਹਾ ਕਿਹਾ ਕਿ ਪਹਿਲਾਂ ਤਾਂ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਬਹੁਤ ਫਾਇਦੇਮੰਦ ਕਹਿ ਰਹੀ ਸੀ ਅਤੇ ਇਸ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਸੀ। ਜਦੋਂ ਕਿਸਾਨਾਂ ਨੇ ਇਹਨਾਂ ਕਨੂੰਨਾਂ ਖਿਲਾਫ਼ ਸੰਘਰਸ਼ ਤੇਜ ਕੀਤਾ ਤਾਂ ਸਰਕਾਰ ਇੰਨ੍ਹਾਂ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਕਿਸਾਨ ਜਥੇਬੰਦੀਆਂ ਨੂੰ ਸਹਿਮਤੀ ਜਤਾਉਣ ਲਈ ਕਹਿਣ ਲੱਗੀ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਮੀਟਿੰਗਾਂ ਵਿੱਚ ਪੂਰੀਆਂ ਦਲੀਲਾਂ ਸਹਿਤ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਵਿਰੋਧੀ ਸਾਬਤ ਕਰ ਦਿੱਤਾ। ਹੁਣ ਫੇਰ ਸਰਕਾਰ ਕਹਿ ਰਹੀ ਹੈ ਕਿ ਇਨ੍ਹਾਂ ਤਿੰਨੇ ਕਨੂੰਨਾਂ ਨੂੰ ਡੇਢ ਸਾਲ ਲਈ ਮੁਅਤਲ ਕਰ ਦਿੰਦੇ ਹਾਂ, ਬਿਜਲੀ ਸੋਧ ਬਿਲ 2020 ਦਾ ਖਰੜਾ ਪੇਸ਼ ਨਹੀਂ ਕਰਾਂਗੇ ਅਤੇ ਪ੍ਰਦੂਸ਼ਨ ਵਾਰੇ ਕਾਨੂੰਨਾ ‘ਚੋਂ ਪਰਾਲੀ ਵਾਲੀ ਸ਼ਰਤ ਹਟਾ ਦਿੰਦੇ ਹਾਂ ਪਰ ਕਾਨੂੰਨ ਕਿਸੇ ਹਾਲਤ ਵਿੱਚ ਰੱਦ ਨਹੀਂ ਕਰਾਂਗੇ।ਕਿਸਾਨ ਆਗੂ ਜਗਤਾਰ ਸਿੰਘ ਕਾਲਾ ਝਾੜ ਨੇ ਕਿਹਾ ਕਿ ਜਦੋਂ ਕਿਸਾਨ ਇਹ ਕਾਨੂੰਨ ਚਾਹੁੰਦੇ ਹੀ ਨਹੀਂ ਤਾਂ ਸਰਕਾਰ ਇਹਨਾਂ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਕਿਉਂ ਕਹਿ ਰਹੀ ਹੈ ਜਾਂ ਇਨ੍ਹਾਂ ਨੂੰ ਇੱਕ ਜਾਂ ਡੇੜ੍ਹ ਸਾਲ ਲਈ ਮੁਅੱਤਲ ਕਰਨ ਲਈ ਕਹਿ ਰਹੀ ਹੈ ਤਾਂ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਤੁਕ ਕੀ ਰਹਿ ਗਈ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਇਨ੍ਹਾਂ ਕਨੂੰਨਾਂ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਦੇ ਪਿੱਛੇ ਅਡਾਨੀਆਂ, ਅੰਬਾਨੀਆਂ,ਕਾਰਪੋਰੇਟ ਘਰਾਣਿਆਂ ਅਤੇ ਕੌਮਾਂਤਰੀ ਮੁਦਰਾ ਫੰਡ,ਸੰਸਾਰ ਵਪਾਰ ਜਥੇਬੰਦੀ ਅਤੇ ਸੰਸਾਰ ਬੈਂਕ ਵਰਗਿਆਂ ਦੀ ਵੱਡੀ ਤਾਕਤ ਖੜ੍ਹੀ ਹੈ ਅਤੇ ਮੋਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਦਾਅ ਤੇ ਲਾ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖ ਰਹੀ ਹੈ। 26 ਜਨਵਰੀ ਦੀ ਪਰੇਡ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪਰੇਡ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਪੂਰੇ ਜਬਤ  ਨਾਲ ਕੀਤੀ ਜਾਵੇਗੀ।ਇਸ ਦਿਨ ਜਿੱਥੇ ਸਰਕਾਰ ਆਪਣੀਆਂ ਪ੍ਰਾਪਤੀਆਂ ਨੂੰ ਚਮਕ ਦਮਕ ਰਾਹੀਂ ਪੇਸ਼ ਕਰੇਗੀ ਉੱਥੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦੇਸ਼ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ, ਦਲਿਤਾਂ ਤੇ ਅੱਤਿਆਚਾਰ ਅਤੇ ਔਰਤਾਂ ਨਾਲ ਹੋ ਰਹੇ ਬਲਾਤਕਾਰਾਂ ਦੀ ਤਸਵੀਰ ਪੇਸ਼ ਕਰ ਕੇ ਸਰਕਾਰਾਂ ਦਾ ਆਮ ਲੋਕਾਂ ਪ੍ਰਤੀ ਰਵੱਈਆ ਜ਼ਾਹਰ ਕੀਤਾ ਜਾਵੇਗਾ ਕਿਉਂ ਕਿ 72 ਸਾਲ ਤੋਂ ਮੁਲਕ ਦੀ ਇੱਕ ਪਾਸੜ ਤਸਵੀਰ ਹੀ ਪੇਸ਼ ਕੀਤੀ ਜਾਂਦੀ ਹੈ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਕਿਸਾਨਾਂ ਮਜਦੂਰਾਂ ਦੀ ਜੋਟੀ ਤੋਂ ਬਿਨਾਂ ਇਹੋ ਜਿਹੇ ਵੱਡੇ ਸੰਘਰਸ਼ਾਂ ਨੂੰ ਜਿੱਤਿਆ  ਨਹੀਂ ਜਾ ਸਕਦਾ।ਨਾਲ ਸੰਵਾਦ ਆਰਟ ਮੰਚ ਲੁਧਿਆਣਾ ਦੀ ਟੀਮ ਵੱਲੋਂ ‘ਸੱਚ ਦਾ ਸੰਗਰਾਮ’ ਨਾਟਕ ਪੇਸ਼ ਕੀਤਾ।

Leave A Reply

Your email address will not be published.