ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਲਈ ਕਦੋਂ ਸ਼ੁਰੂ ਹੋਣਗੀਆਂ ਉਡਾਣਾਂ?

19
ਜੀਓ ਪੰਜਾਬ

ਚੰਡੀਗੜ੍ਹ, 18 ਅਕਤੂਬਰ

ਭਾਰਤ ਵਿੱਚ ਜਿਨ੍ਹਾਂ ਹਵਾਈ ਅੱਡਿਆਂ ’ਤੇ ਤੇਜ਼ੀ ਨਾਲ ਯਾਤਰੀਆਂ ਦੀ ਗਿਣਤੀ ਵਧ ਰਹੀ ਹੈ, ਉਨ੍ਹਾਂ ਵਿੱਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਸਥਾਨ ਚੋਟੀ ’ਤੇ ਬੋਲਦਾ ਹੈ। ਕੋਰੋਨਾ ਕਾਲ ਤੋਂ ਪਹਿਲਾਂ ਇਸ ਹਵਾਈ ਅੱਡੇ ’ਤੇ ਪ੍ਰਤੀ ਸਾਲ ਡੇਢ ਲੱਖ ਯਾਤਰੀਆਂ ਵਧ ਰਹੇ ਸਨ।

ਸਾਲ 2003 ਵਿੱਚ ਜਿੱਥੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਯਾਤਰੀਆਂ ਦੀ ਗਿਣਤੀ 3 ਲੱਖ ਸੀ, ਉੱਥੇ ਸਾਲ 2018 ਵਿੱਚ ਇਹ ਗਿਣਤੀ 20 ਲੱਖ ’ਤੇ ਪਹੁੰਚ ਗਈ। ਇਸ ਦੇ ਬਾਵਜੂਦ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਨਿਊਜ਼ੀਲੈਂਡ ਲਈ ਅਜੇ ਤੱਕ ਕੌਮਾਂਤਰੀ ਉਡਾਣਾਂ ਸ਼ੁਰੂ ਨਹੀਂ ਹੋਈਆਂ।

ਪਹਿਲਾਂ ਜਿੱਥੇ ਏਅਰਪੋਰਟ ਮੈਨੇਜਮੈਂਟ ਇਨ੍ਹਾਂ ਦੇਸ਼ਾਂ ਲਈ ਫਲਾਈਟਸ ਸ਼ੁਰੂ ਨਾ ਹੋਣ ਦੇ ਪਿੱਛੇ ਰਨਵੇ ਨੂੰ ਕਾਰਨ ਦੱੱਸਦਾ ਸੀ, ਉੱਥੇ ਸਾਲ 2019 ਵਿੱਚ ਹੀ ਰਨਵੇ ਦੀ ਲੰਬਾਈ ਨੂੰ 12 ਹਜ਼ਾਰ 500 ਕਰ ਦਿੱਤਾ ਸੀ, ਪਰ ਫਿਰ ਵੀ ਹੁਣ ਤੱਕ ਇਨ੍ਹਾਂ ਮੁਲਕਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਨਹੀਂ ਹੋਈਆਂ।

ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ ਉਕਤ ਮੁਲਕਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਨਾ ਹੋਣਾ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਪੰਜਾਬ ਦੇ ਜ਼ਿਆਦਾਤਰ ਲੋਕ ਇਨ੍ਹਾਂ ਮੁਲਕਾਂ ਵਿੱਚ ਹੀ ਰਹਿੰਦੇ ਹਨ। ਅਜਿਹੇ ਵਿੱਚ ਜੇਕਰ ਚੰਡੀਗੜ੍ਹ ਤੋਂ ਸਿੱਧੀਆਂ ਉਡਾਣਾਂ ਦੀ ਸਹੂਲਤ ਮਿਲ ਜਾਵੇ ਤਾਂ ਇਸ ਹਵਾਈ ਅੱਡੇ ’ਤੇ ਯਾਤਰੀਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਹੋ ਜਾਵੇਗਾ।

ਚੰਡੀਗੜ੍ਹ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਦੇ ਮੁੱਦੇ ਨੂੰ ਲੈ ਕੇ ਜਮ ਕੇ ਸਿਆਸਤ ਹੁੰਦੀ ਰਹੀ ਹੈ। ਕਈ ਮੰਤਰੀਆਂ ਨੇ ਚੰਡੀਗੜ੍ਹ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਵਾਅਦਾ ਕੀਤਾ, ਪਰ ਹੁਣ ਤੱਕ ਉਨ੍ਹਾਂ ਦੇ ਵਾਅਦਿਆਂ ਨੂੰ ਬੂਰ ਨਹੀਂ ਪਿਆ। ਭਾਰਤ ਦੇ ਸਾਬਕਾ ਸ਼ਹਿਰੀ ਹਵਾਬਾਜ਼ੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਚੰਡੀਗੜ੍ਹ ਦੌਰਿਆਂ ਦੌਰਾਨ ਹਮੇਸ਼ਾ ਇਸ ਗੱਲ ਦਾ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਉਹ ਹਵਾਈ ਕੰਪਨੀਆਂ ਨਾਲ ਗੱਲ ਕਰਕੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਨਿਊਜ਼ੀਲੈਂਡ ਸਣੇ ਹੋਰਨਾਂ ਮੁਲਕਾਂ ਲਈ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਵਾਉਣਗੇ, ਪਰ ਉਨ੍ਹਾਂ ਦੇ ਕੀਤੇ ਗਏ ਵਾਅਦੇ ਵੀ ਪੂਰੇ ਨਹੀਂ ਹੋਏ। ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਾਲ 2019 ਵਿੱਚ ਜਦੋਂ ਪਵਨ ਬਾਂਸਲ ਲਈ ਵੋਟਾਂ ਮੰਗਣ ਵਾਸਤੇ ਚੰਡੀਗੜ੍ਹ ਆਏ ਸਨ, ਉਸ ਵੇਲੇ ਉਨ੍ਹਾਂ ਨੇ ਵੀ ਇਸ ਨੂੰ ਮੁੱਦਾ ਬਣਾ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਸੀ।  ਉਨ੍ਹਾਂ ਕਿਹਾ ਸੀ ਕਿ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਨਿਊਜ਼ੀਲੈਂਡ ਲਈ ਸਿੱਧੀਆਂ ਉਡਾਣਾਂ ਸ਼ੁਰੂ ਨਾ ਹੋਣ ਪਿੱਛੇ ਕੋਈ ਸਾਜ਼ਿਸ਼ ਲਗਦੀ ਹੈ।

ਮੌਜੂਦਾ ਸਮੇਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸਿਰਫ਼ ਦੋ ਕੌਮਾਂਤਰੀ ਉਡਾਣਾਂ ਚਲਦੀਆਂ ਹਨ, ਜੋ ਕਿ ਦੁਬਈ ਤੇ ਸ਼ਾਰਜਾਹ ਲਈ ਹਨ। ਇਸ ਤੋਂ ਇਲਾਵਾ ਇੱਥੋਂ ਸਿੱਧੀਆਂ ਘਰੇਲੂ ਉਡਾਣਾਂ ਜ਼ਰੂਰ ਚਲਦੀਆਂ ਹਨ, ਜਿਹੜੀਆਂ ਕਿ ਭਾਰਤ ਦੇ 20 ਸ਼ਹਿਰਾਂ ਤੱਕ ਮੁਸਾਫ਼ਰਾਂ ਨੂੰ ਛੱਡਦੀਆਂ ਹਨ। ਚੰਡੀਗੜ੍ਹ ਤੋਂ ਦਿੱਲੀ, ਕੋਲਕਾਤਾ, ਲਖਨਊ, ਮੁੰਬਈ, ਅਹਿਮਦਾਬਾਦ, ਸ੍ਰੀਨਗਰ, ਗੋਆ, ਬੰਗਲੁਰੂ, ਹੈਦਰਾਬਾਦ, ਕੁੱਲੂ, ਸ਼ਿਮਲਾ, ਪੁਣੇ ਲੇਹ ਅਤੇ ਧਰਮਸ਼ਾਲਾ ਜਿਹੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਚਲਦੀਆਂ ਹਨ। ਖਾਸ ਗੱਲ ਇਹ ਹੈ ਕਿ ਚੰਡੀਗੜ੍ਹ ਤੋਂ ਇਕੱਲੇ ਦਿੱਲੀ ਲਈ 17 ਉਡਾਣਾਂ ਚਲਦੀਆਂ ਹਨ, ਕਿਉਂਕਿ ਇਸ ਖੇਤਰ ਦੇ ਲੋਕ ਦਿੱਲੀ ਹਵਾਈ ਅੱਡੇ ਤੋਂ ਹੋਰਨਾਂ ਮੁਲਕਾਂ ਲਈ ਫਲਾਈਟ ਫੜ੍ਹਦੇ ਹਨ।

ਟੂਰ ਐਂਡ ਟਰੈਵਲਜ਼ ਕੰਪਨੀਆਂ ਦਾ ਕਹਿਣਾ ਹੈ ਕਿ ਕੈਨੇਡਾ, ਅਮਰੀਕਾ, ਯੂਰਪ, ਆਸਟਰੇਲੀਆ, ਨਿਊਜ਼ੀਲੈਂਡ, ਦੁਬਈ, ਸਿੰਗਾਪੁਰ ਅਤੇ ਥਾਈਲੈਂਡ ਜਿਹੇ ਦੇਸ਼ਾਂ ਵਿੱਚ ਇਸ ਖੇਤਰ, ਖਾਸ ਕਰ ਪੰਜਾਬ ਦੇ ਲੱਖਾਂ ਲੋਕ ਕੰਮ ਕਰਦੇ ਹਨ। ਲੱਖਾਂ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾ ਰਹੇ ਹਨ। ਇੱਥੋਂ ਹਵਾਈ ਕੰਪਨੀਆਂ ਚੰਗਾ ਮੁਨਾਫ਼ਾ ਖੱਟ ਸਕਦੀਆਂ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕੈਨੇਡਾ, ਅਮਰੀਕਾ ਸਣੇ ਕਈ ਮੁਲਕਾਂ ਲਈ ਜਲਦ ਤੋਂ ਜਲਦ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਏ।

Leave A Reply

Your email address will not be published.