ਕਿਸਾਨ ਅੰਦੋਲਨ ਵਿਚ ਰਹਿਣ ਬਾਰੇ 27 ਅਕਤੂਬਰ ਨੂੰ ਫੈਸਲਾ ਲੈਣਗੇ ਨਿਹੰਗ ਸਿੰਘ

0
ਜੀਓ ਪੰਜਾਬ, ਲੁਧਿਆਣਾ
ਸਿੰਘੂ ਬਾਰਡਰ ’ਤੇ ਬੇਰਹਿਮੀ ਨਾਲ ਹੋਏ ਕਤਲ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਮੋਰਚੇ ਤੋਂ ਹਟਾਉਣ ਦੀ ਮੰਗ ਉਠ ਰਹੀ ਹੈ। ਇਸ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਸਿੰਘੂ ਬਾਰਡਰ ’ਤੇ ਹੀ ਧਾਰਮਿਕ ਇਕੱਠ ਸੱਦ ਲਿਆ ਹੈ। ਜੋ 27 ਅਕਤੂਬਰ ਨੂੰ ਹੋਵੇਗਾ।

ਇਸ ਵਿਚ ਫੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਸਿੰਘੂ ਬਾਰਡਰ ’ਤੇ ਰਹਿਣਾ ਹੈ ਜਾਂ ਫੇਰ ਇੱਥੋਂ ਚਲੇ ਜਾਣਾ ਹੈ। ਨਿਹੰਗ ਸਿੰਘ ਅਜੇ ਵੀ ਅਪਣੀ ਗੱਲ ’ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਵਲੋਂ ਕੋਈ ਗਲਤੀ ਨਹੀਂ ਕੀਤੀ ਗਈ ਹੈ। ਉਕਤ ਵਿਅਕਤੀ ਨੇ ਬੇਅਦਬੀ ਕੀਤੀ, ਇਸ ਲਈ ਉਸ ਦੀ ਹੱਤਿਆ ਕੀਤੀ। ਸਾਡੀ ਭੱਜਣ ਵਾਲੀ ਕੌਮ ਨਹੀਂ ਹੈ ਅਸੀਂ ਜੋ ਕੀਤਾ ਹੈ ਉਸ ਨੂੰ ਕਬੂਲ ਕਰਦੇ ਹਨ।
ਸਾਡੇ ਚਾਰ ਸਿੰਘਾਂ ਨੇ ਗ੍ਰਿਫਤਾਰੀ ਦਿੱਤੀ ਹੈ ਅਤੇ ਜੱਜ ਸਾਹਮਣੇ ਮੰਨ ਵੀ ਲਿਆ ਹੈ ਕਿ ਉਨ੍ਹਾਂ ਵਲੋਂ ਹੱਤਿਆ ਕੀਤੀ ਗਈ ਹੈ। ਸਿੰਘੂ ਬਾਰਡਰ ’ਤੇ ਉਹ ਕਿਸਾਨਾਂ ਦੀ ਹਮਾਇਤ ਅਤੇ ਸੁਰੱਖਿਆ ਦੇ ਲਈ ਆਏ ਸੀ ਕਿਉਂਕਿ ਨਿਹੰਗ ਫੌਜ ਬਣੀ ਹੀ ਇਸ ਲਈ ਸੀ ਕਿ ਜਦ ਵੀ ਸਿੱਖ ਭਾਈਚਾਰੇ ’ਤੇ ਕੋਈ ਮੁਸੀਬਤ ਆਵੇਗੀ ਉਹ ਉਨ੍ਹਾਂ ਖ਼ਿਲਾਫ ਡੱਟ ਕੇ ਖੜ੍ਹੇ ਹੋਣਗੇ। ਇਸ ਘਟਨਾ ਤੋਂ ਬਾਅਦ ਇਹ ਆਵਾਜ਼ ਉਠ ਰਹੀ ਹੈ ਕਿ ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਤੇ ਅਸੀਂ ਇੱਥੋਂ ਚਲੇ ਜਾਣ ਲਈ ਤਿਆਰ ਹਨ। ਇਸ ਸਬੰਧ ਵਿਚ ਰਾਜਾ ਰਾਮ ਸਿੰਘ ਦਾ ਕਹਿਣਾ ਹੈ ਕਿ ਇਸ ਦੇ ਲਈ ਫੈਸਲਾ 27 ਅਕਤੂਬਰ ਨੂੰ ਕੀਤਾ ਜਾਵੇਗਾ। ਇਕੱਠ ਵਿਚ ਧਾਰਮਿਕ ਸ਼ਖ਼ਸੀਅਤਾਂ, ਬੁੱਧੀਜੀਵੀ ਅਤੇ ਹੋਰ ਸੰਗਤ ਹਾਜ਼ਰ ਰਹੇਗੀ। ਜੋ ਹੁਕਮ ਉਨ੍ਹਾਂ ਵਲੋਂ ਕੀਤਾ ਜਾਵੇਗਾ, ਉਸ ਨੂੰ ਮੰਨ ਲੈਣਗੇ।
ਲਖਵੀਰ ਸਿੰਘ ਦੀ ਹੱਤਿਆ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਮਾਮਲੇ ਤੋਂ ਪੱਲਾ ਝਾੜ ਲਿਆ ਸੀ। ਮੋਰਚੇ ਦਾ ਕਹਿਣਾ ਸੀ ਕਿ ਇਸ ਹੱਤਿਆ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਦੋਵਾਂ ਹੀ ਧਿਰਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ।
ਕਿਸਾਨ ਨੇਤਾ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ ਅਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਕੋਈ ਧਾਰਮਿਕ ਮੋਰਚਾ ਨਹੀਂ ਹੈ, ਬਲਕਿ ਕਿਸਾਨ ਮੋਰਚਾ ਹੈ। ਇੱਥੇ ਇਸ ਤਰ੍ਹਾਂ ਦੀ ਕਾਰਵਾਈਆਂ ਮੋਰਚੇ ਨੂੰ ਹੀ ਬਦਨਾਮ ਕਰਦੀਆਂ ਹਨ। ਅਸੀਂ ਹਰ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਦੇ ਹਨ। ਪ੍ਰੰਤੂ ਇਸ ਤਰ੍ਹਾਂ ਕਾਨੂੰਨ ਹੱਥ ਵਿਚ ਲੈਣ ਦੀ ਆਗਿਆ ਵੀ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਬਾਅਦ ਕਈ ਲੋਕ ਨਿਹੰਗ ਸਿੰਘਾਂ ਕੋਲੋਂ ਬੇਅਦਬੀ ਦੇ ਸਬੂਤ ਵੀ ਮੰਗ ਰਹੇ ਹਨ।

Leave A Reply

Your email address will not be published.