ਸਿੱਬਲ ਦਾ ਵਿਚਾਰ ਪ੍ਰਗਟਾਉਣਾ ਲੀਡਰਸ਼ਿਪ ਨੂੰ ਪਸੰਦ ਨਹੀਂ ਆਇਆ: ਕੈਪਟਨ

24

ਜੀਓ ਪੰਜਾਬ

ਨਵੀਂ ਦਿੱਲੀ, 1 ਅਕਤੂਬਰ

ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇ ਆਪਣੇ ਕੁਝ ਜੀ -23 ਸਾਥੀਆਂ ਨਾਲ ਵੀਰਵਾਰ ਨੂੰ ਕਪਿਲ ਸਿੱਬਲ ਦੇ ਘਰ ਦੇ ਬਾਹਰ ਕਾਂਗਰਸੀ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ਨੂੰ ‘ਗੁੰਡਾਗਰਦੀ’ ਕਰਾਰ ਦਿੱਤਾ। ਸ਼ਰਮਾ ਨੇ ਕਿਹਾ ਕਿ ਏਆਈਸੀਸੀ ਦੀ ਪ੍ਰਧਾਨ ਸੋਨੀਆ ਗਾਂਧੀ ਇਸ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਕਰੇ। ਜ਼ਿਕਰਯੋਗ ਹੈ ਕਿ ਸਿੱਬਲ ਵੱਲੋਂ ਪਾਰਟੀ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਣ ਤੋਂ ਬਾਅਦ ਇਹ ਪ੍ਰਦਰਸ਼ਨ ਹੋਇਆ ਹੈ।

ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਵਰਕਰਾਂ ਵੱਲੋਂ ਸਿੱਬਲ ਦੇ ਘਰ ’ਤੇ ਹਮਲਾ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਿੱਬਲ ਨੇ ਵਿਚਾਰ ਪ੍ਰਗਟਾਉਣ ਦਾ ਰਾਹ ਚੁਣਿਆ ਜੋ ਪਾਰਟੀ ਲੀਡਰਸ਼ਿਪ ਨੂੰ ਪਸੰਦ ਨਹੀਂ ਆਇਆ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਪਾਰਟੀ ਲਈ ਚੰਗਾ ਨਹੀਂ ਹੈ।

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਆਜ਼ਾਦ ਨੇ ਵੀ ਸਿੱਬਲ ਦੀ ਰਿਹਾਇਸ਼ ’ਤੇ ਗੁੰਡਾਗਰਦੀ ਦੀ ਨਿੰਦਾ ਕੀਤੀ। ਆਜ਼ਾਦ ਨੇ ਟਵੀਟ ਕਰਦਿਆਂ ਕਿਹਾ, ‘ਉਹ (ਸਿੱਬਲ) ਕਾਂਗਰਸ ਦੇ ਵਫ਼ਾਦਾਰ ਵਰਕਰ ਹਨ ਜਿਨ੍ਹਾਂ ਸੰਸਦ ਦੇ ਅੰਦਰ ਤੇ ਬਾਹਰ ਪਾਰਟੀ ਲਈ ਲੜਾਈ ਲੜੀ। ਜੇ ਉਨ੍ਹਾਂ ਨੇ ਕੋਈ ਸੁਝਾਅ ਦਿੱਤਾ ਸੀ ਤਾਂ ਉਸ ਨੂੰ ਦਬਾਉਣ ਦੀ ਬਜਾਏ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਹ ਗੁੰਡਾਗਰਦੀ ਪ੍ਰਵਾਨ ਨਹੀਂ।’ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗਾਂਧੀ ਨੂੰ ਚਿੱਠੀ ਲਿਖ ਕੇ ਪਾਰਟੀ ਨੂੰ ਢਾਂਚਾਗਤ ਕਰਨ ਦੀ ਮੰਗ ਕਰਨ ਵਾਲੇ ਗਰੁੱਪ-23 ਵਿੱਚ ਸ਼ਾਮਲ ਸਨ। ਇਸੇ ਦੌਰਾਨ ‘ਜੀ-23’ ਵਿੱਚ ਸ਼ਾਮਲ ਆਨੰਦ ਸ਼ਰਮਾ ਨੇ ਕਪਿਲ ਸਿੱਬਲ ਦੇ ਘਰ ਦੇ ਬਾਹਰ ਪਾਰਟੀ ਵਰਕਰਾਂ ਵੱਲੋਂ ਹੁੱਲੜਬਾਜ਼ੀ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਲੜੀਵਾਰ ਟਵੀਟ ਕਰਦਿਆਂ ਲਿਖਿਆ,‘ਕਪਿਲ ਸਿੱਬਲ ਦੇ ਘਰ ਦੇ ਬਾਹਰ ਗੁੰਡਾਗਰਦੀ ਤੇ ਹਮਲੇ ਦੀ ਖ਼ਬਰ ਸੁਣ ਕੇ ਬਹੁਤ ਹੈਰਾਨ ਹਾਂ। ਇਸ ਕਾਰਵਾਈ ਨਾਲ ਪਾਰਟੀ ਦਾ ਅਕਸ ਖ਼ਰਾਬ ਹੋਇਆ ਹੈ। ਇਸ ਦੀ ਕਰੜੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਪਾਰਟੀ ਆਗੂਆਂ ਨੂੰ ਅੰਦਰੂਨੀ ਮਸਲਿਆਂ ਨੂੰ ਜਨਤਕ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਆਮ ਵਰਕਰਾਂ ਨੂੰ ਠੇਸ ਪੁੱਜਦੀ ਹੈ।

Leave A Reply

Your email address will not be published.