ਵਿਦੇਸ਼ੀ ਯਾਤਰੀਆਂ ਲਈ ਨਵੰਬਰ ਤੋਂ ਦਰਵਾਜ਼ੇ ਖੋਲ੍ਹੇਗਾ ਅਮਰੀਕਾ

7

ਜੀਓ ਪੰਜਾਬ

ਵਾਸ਼ਿੰਗਟਨ, 24 ਸਤੰਬਰ

ਲੰਬੀ ਉਡੀਕ ਮਗਰੋਂ ਅਮਰੀਕਾ ਵਿਦੇਸ਼ੀ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਅਮਰੀਕਾ ਦੇ ਵਿੱਤ ਮੰਤਰੀ ਨੇ ਕਿਹਾ ਕਿ ਅਮਰੀਕਾ ਨਵੰਬਰ ਦੇ ਪਹਿਲੇ ਹਫ਼ਤੇ ਆਪਣੇ ਜ਼ਿਆਦਾਤਰ ਹਵਾਈ ਅੱਡੇ ਤੋਂ ਵਿਦੇਸ਼ੀ ਉਡਾਣਾਂ ਸ਼ੁਰੂ ਕਰ ਦੇਵੇਗਾ।

ਭਾਵੇਂ ਅਮਰੀਕਾ ਵਿਦੇਸ਼ੀ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ, ਪਰ ਅਮਰੀਕਾ ਦੀ ਯਾਤਰਾ ਸਿਰਫ਼ ਉਹੀ ਲੋਕ ਕਰ ਸਕਣਗੇ, ਜਿਹੜੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਵੈਕਸੀਨ ਦੇ ਦੋਵੇਂ ਟੀਕੇ ਨਾ ਲਗਵਾਉਣ ਵਾਲੇ ਜਾਂ ਇੱਕ ਟੀਕਾ ਲਗਵਾਉਣ ਵਾਲੇ ਯਾਤਰੀਆਂ ਨੂੰ ਅਮਰੀਕਾ ਦੀ ਧਰਤੀ ’ਤੇ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਾਰਚ 2020 ’ਚ ਹੋਰਨਾਂ ਮੁਲਕਾਂ ਦੀ ਤਰ੍ਹਾਂ ਅਮਰੀਕਾ ਨੇ ਵੀ ਆਪਣੀਆਂ ਕੌਮਾਂਤਰੀ ਸਰਹੱਦਾਂ ਬੰਦ ਕਰ ਦਿੱਤੀਆਂ ਸਨ ਅਤੇ ਵਿਦੇਸ਼ੀ ਨਾਗਰਿਕਾਂ ਲਈ ਅਮਰੀਕਾ ਆਉਣ ’ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਹੁਣ ਭਾਰਤ, ਚੀਨ, ਸਾਊਥ ਅਫ਼ਰੀਕਾ, ਬ੍ਰਾਜ਼ੀਲ ਸਣੇ ਯੂਰਪ ਦੇ 33 ਦੇਸ਼ਾਂ ਲਈ ਅਮਰੀਕਾ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ।

ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਕੋਰੋਨਾ ਦੇ ਚਲਦਿਆਂ ਵਿਸ਼ਵ ਦੀ ਅਰਥਵਿਵਸਥਾ ਲੀਹ ਤੋਂ ਉੱਤਰ ਗਈ ਹੈ। ਕਈ ਰੋਜ਼ਗਾਰ ਬੰਦ ਹੋ ਗਏ ਹਨ ਅਤੇ ਕਈ ਦੇਸ਼ਾਂ ਦੀ ਜੀਡੀਪੀ ਹੇਠਲੇ ਪੱਧਰ ’ਤੇ ਪਹੁੰਚ ਚੁੱਕੀ ਹੈ। ਅਜਿਹੇ ਵਿੱਚ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦਾ ਹੋਇਆ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਸੈਲਾਨੀਆਂ ਦੇ ਸਹਾਰੇ ਚਲਦੀ ਹੈ। ਅਜਿਹੇ ਵਿੱਚ ਅਮਰੀਕਾ ਨਿਊਯਾਰਕ ਸਣੇ ਸੈਰ-ਸਪਾਟੇ ਵਾਲੇ ਖੇਤਰਾਂ ਨੂੰ ਕੌਮਾਂਤਰੀ ਯਾਤਰੀਆਂ ਲਈ ਖਾਸ ਤੌਰ ’ਤੇ ਖੋਲ੍ਹਣ ਜਾ ਰਿਹਾ ਹੈ, ਤਾਂ ਜੋ ਅਮਰੀਕਾ ਦੀ ਅਰਥਵਿਵਸਥਾ ਫਿਰ ਤੋਂ ਰਫ਼ਤਾਰ ਫੜ ਸਕੇ।

Leave A Reply

Your email address will not be published.