ਚੰਨਣਵਾਲ ਪਿੰਡ ‘ਚ ਹੰਗਾਮਾ, ਪੁਲੀਸ ਤਾਇਨਾਤ

ਸਰਪੰਚ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਪੰਚਾਇਤ ਮੈਂਬਰਾਂ ਦਾ ਪਿੰਡ ਵਾਸੀਆਂ ਨੇ ਬਾਈਕਾਟ ਕੀਤਾ


ਜੀਓ ਪੰਜਾਬ ਬਿਊਰੋ
ਬਰਨਾਲਾ, 14 ਸਤੰਬਰ

ਇਸ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਦੇ ਸਰਪੰਚ ਵੱਲੋਂ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਕਰਕੇ ਪਿੰਡ ਵਿੱਚ ਸਥਿਤੀ ਤਣਾਅਪੂਰਨ ਬਣੀ ਹੋੲੀ ਹੈ।ਬੀਤੀ ਕੱਲ੍ਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇੜਲੇ ਪਿੰਡ ਚੰਨਣਵਾਲ ਦੇ ਮੌਜੂਦਾ ਸਰਪੰਚ ਬੂਟਾ ਸਿੰਘ ਅਤੇ ਤਿੰਨ ਪੰਚਾਂ ਦਾ ਸਮੁੱਚੇ ਪਿੰਡ ਵੱਲੋਂ ਇਕੱਠ ਕਰਕੇ ਬਾਈਕਾਟ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪਿੰਡ ਚੰਨਣਵਾਲ ਦੇ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਕੀਤੇ ਗਏ ਲੋਕ ਇਕੱਠ ਵੱਲੋਂ ਪਹਿਲਾਂ ਸਰਪੰਚ ਅਤੇ ਤਿੰਨਾਂ ਪੰਚਾਂ ਨੂੰ ਪਿੰਡ ਵਾਸੀਆਂ ਨੇ ਸੁਨੇਹਾ ਭੇਜਿਆ ਕਿ ਭਾਈਚਾਰਕ ਏਕਤਾ ਦੇ ਮੱਦੇਨਜ਼ਰ ਜਾਣੇ ਅਣਜਾਣੇ ਵਿੱਚ ਭਾਜਪਾ ਵਿੱਚ ਜਾਣ ਦਾ ਲਿਆ ਫੈਸਲਾ ਇਕੱਠ ਵਿੱਚ ਪਹੁੰਚ ਕੇ ਵਾਪਸ ਲੈ ਲਿਆ ਜਾਵੇ ਪਰ ਜਦ ਲੰਮੀ ਉਡੀਕ ਕਰਨ ‘ਤੇ ਉਹ ਨਾ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂਆਂ ਦੇ ਬਾਈਕਾਟ ਕਰਨ ਦੇ ਸੱਦੇ ਤਹਿਤ ਸਰਪੰਚ ਬੂਟਾ ਸਿੰਘ ਅਤੇ ਤਿੰਨਾਂ ਪੰਚਾਂ ਦੇ ਬਾਈਕਾਟ ਦਾ ਫੈਸਲਾ ਲੈ ਲਿਆ।
ਇਸ ਇਕੱਠ ਵਿੱਚ ਪਿੰਡ ਦਾ ਵੱਡਾ ਹਿੱਸਾ ਸ਼ਾਮਲ ਸੀ ਜਿਸ ਕਾਰਨ ਪਿੰਡ ਵਾਸੀਆਂ ਨੇ ਗ੍ਰਾਮ ਸਭਾ ਦੇ ਤੌਰ ‘ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੂਟਾ ਸਿੰਘ ਦੀ ਸਰਪੰਚੀ ਨੂੰ ਖਾਰਜ ਕੀਤਾ ਜਾਵੇ।ਲੋਕਾਂ ਦੇ ਰੋਹ ਨੂੰ ਵੇਖਦਿਆਂ ਪ੍ਰਸ਼ਾਸ਼ਨ ਵੱਲੋਂ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਪਿੰਡ ਵਿੱਚ ਤਾਇਨਾਤ ਕਰ ਦਿੱਤੇ ਹਨ।

Leave A Reply

Your email address will not be published.