ਸਿਹਤ ਮੰਤਰੀ ਬਲਬੀਰ ਸਿੰਘ ਦਾ ਕਿਸਾਨਾਂ ਨੇ ਕਾਲੇ ਝੰਡੇ ਵਿਖਾਕੇ ਕੀਤਾ ਵਿਰੋਧ

ਜੀਓ ਪੰਜਾਬ
ਚੰਡੀਗੜ੍ਹ, 11 ਸਤੰਬਰ:
ਪਿੰਡ ਲਾਂਡਰਾਂ ਵਿੱਚ ਗਲੀਆਂ-ਨਾਲੀਆਂ ਦੇ ਕੰਮ ਦਾ ਨੀਂਹ ਪੱਥਰ ਰੱਖਣ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਕਿਸਾਨਾਂ ਨੇ ਕਾਲੇ ਝੰਡੇ ਵਿਖਾਕੇ ਵਿਰੋਧ ਕੀਤਾ। ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਚਲ ਰਹੇ ਕਿਸਾਨ ਅੰਦੋਲਨ ਦੇ ਚਲਦਿਆਂ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਰਾਜਨੀਤਿਕ ਪਾਰਟੀਆਂ ਦਾ ਪਿੰਡਾਂ ਵਿੱਚ ਸਿਆਸੀ ਪ੍ਰੋਗਰਾਮ ਕਰਨ ਨੂੰ ਲੈ ਕੇ ਵਿਰੋਧ ਲਗਾਤਾਰ ਜਾਰੀ ਹੈ। ਪਿੰਡ ਦੇ ਸਰਪੰਚ ਵੱਲੋਂ ਕਿਸਾਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਵਿਕਾਸ ਦੇ ਕੰਮਾਂ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਉਣ ਦੀ ਗੱਲ ਕਹੀ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਕਿਸਾਨ ਦਿੱਲੀ ਦੇ ਬਾਰਡਰ ਉਤੇ ਆਪਣੇ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ, ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਣ ਲਈ ਪਿੰਡਾਂ ਵਿੱਚ ਆ ਕੇ ਭਾਸ਼ਣ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਕਾਸ ਦੇ ਕੰਮ ਦੇ ਨੀਂਹ ਪੱਥਰ ਰੱਖਣ ਤੋਂ ਨਹੀਂ ਰੋਕਦੇ, ਪ੍ਰੰਤੂ ਸਟੇਜ ਉਤੋਂ ਕਿਸੇ ਤਰ੍ਹਾਂ ਦਾ ਸਿਆਸੀ ਭਾਸ਼ਣ ਨਹੀਂ ਹੋਣ ਦਿੱਤਾ ਜਾਵੇਗਾ। ਵਰ੍ਹਦੇ ਮੀਂਹ ਵਿੱਚ ਕਿਸਾਨਾਂ ਵੱਲੋਂ ਬਲਬੀਰ ਸਿੰਘ ਸਿੱਧੂ ਨੂੰ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਗਟਾਇਆ ਗਿਆ। ਨੀਂਹ ਪੱਥਰ ਰੱਖਣ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੁਝ ਮਿੰਟਾਂ ਵਿੱਚ ਹੀ ਨੀਂਹ ਪੱਥਰ ਰੱਖ ਕੇ ਭਾਰੀ ਪੁਲਿਸ ਸੁਰੱਖਿਆ ਹੇਠ ਵਾਪਸ ਚਲੇ ਗਏ।
ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਸਿਆਸੀ ਗਤੀਵਿਧੀਆਂ ਨਾ ਕਰਨ। ਕਿਸਾਨ ਮੋਰਚੇ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਲੋਕਾਂ ਦਾ ਧਿਆਨ ਹੋਰ ਪਾਸੇ ਜਾਂਦੇ ਹੈ। ਇਹ ਵੀ ਕਿਹਾ ਹੈ ਕਿ ਜੇਕਰ ਕੋਈ ਪਾਰਟੀ ਅਜਿਹਾ ਕਰਦੀ ਹੈ ਤਾਂ ਉਹ ਕਿਸਾਨ ਵਿਰੋਧੀ ਹੈ।

Leave A Reply

Your email address will not be published.