ਨਗਰ ਨਿਗਮ ‘ਚ ਫ਼ੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ‘AAP’ ਨੇ ਕੀਤਾ ਰੋਸ ਪ੍ਰਦਰਸ਼ਨ- ਪ੍ਰਦੀਪ ਛਾਬੜਾ

ਜੀਓ ਪੰਜਾਬ
ਚੰਡੀਗੜ੍ਹ, 31 ਅਗਸਤ:

ਨਗਰ ਨਿਗਮ ਚੰਡੀਗੜ੍ਹ ‘ਚ ਫੈਲੇ ਭ੍ਰਿਸ਼ਟਾਚਾਰ ਅਤੇ ਟੈਕਸਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵੱਲੋਂ ਨਗਰ ਨਿਗਮ ਦੇ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਇੱਕਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਜਿਸ ਕਾਰਨ ‘ਆਪ’ ਵਰਕਰਾਂ ਸਮੇਤ ਪਾਰਟੀ ਦੇ ਨਗਰ ਨਿਗਮ ਚੋਣ ਮੁਹਿੰਮ ਸਮਿਤੀ ਦੇ ਚੇਅਰਮਨ ਚੰਦਰਮੁਖੀ ਸ਼ਰਮਾ ਦੇ ਸੱਟਾਂ ਵੀ ਵੱਜੀਆਂ।

‘ਆਪ’ ਚੰਡੀਗੜ੍ਹ ਦੇ ਸਹਿ ਪ੍ਰਭਾਰੀ ਪ੍ਰਦੀਪ ਛਾਬੜਾ ਅਤੇ ਪ੍ਰਧਾਨ ਪ੍ਰੇਮ ਗਰਗ ਨੇ ਪਾਰਟੀ ਵਰਕਰਾਂ ਵੱਲੋਂ ਕੀਤੇ ਗਏ ਸ਼ਾਂਤਮਈ ਰੋਸ ਪ੍ਰਦਰਸ਼ਨ ‘ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਦੇਸ਼ਵਾਸੀਆਂ ਦਾ ਸੰਵਿਧਾਨਕ ਹੱਕ ਹੈ, ਪਰ ਪੁਲੀਸ ਪ੍ਰਸ਼ਾਸਨ ਭਾਜਪਾ ਆਗੂਆਂ ਦੇ ਸ਼ਹਿ ‘ਤੇ ਚੰਡੀਗੜ੍ਹ ਦੇ ਲੋਕਾਂ ਕੋਲੋਂ ਸੰਵਿਧਾਨਕ ਹੱਕ ਖੋਹ ਰਿਹਾ ਹੈ।

ਜ਼ਖ਼ਮੀ ਹੋਏ ‘ਆਪ’ ਆਗੂ ਚੰਦਰਮੁਖੀ ਸ਼ਰਮਾ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਿਊਟੀ ਮੈਜਿਸਟ੍ਰੇਟ ਦੇ ਹੁਕਮਾਂ ਤੋਂ ਬਿਨ੍ਹਾਂ ਸ਼ਾਂਤਮਈ ਧਰਨਾਕਾਰੀਆਂ ‘ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਤੋਂ ਪਹਿਲਾ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਨਗਰ ਨਿਗਮ ਦਫ਼ਤਰ ਅੱਗੇ ਇੱਕਠੇ ਹੋਏ ਅਤੇ ਉਨ੍ਹਾਂ ਪਾਰਟੀ ਦੇ ਚੰਡੀਗੜ੍ਹ ਦੇ ਸਹਿ ਪ੍ਰਭਾਰੀ ਪ੍ਰਦੀਪ ਛਾਬੜਾ, ਚੋਣ ਸਮਿਤੀ ਦੇ ਚੇਅਰਮੈਨ ਚੰਦਰਮੁਖੀ ਸ਼ਰਮਾ ਅਤੇ ਸਟੇਟ ਪ੍ਰਧਾਨ ਪ੍ਰੇਮ ਗਰਗ ਦੀ ਅਗਵਾਈ ਵਿੱਚ ਨਿਗਮ ਦੇ ਦਫ਼ਤਰ ਅੱਗੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਨਿਗਮ ਦੇ ਮੇਅਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਜ਼ਬਰਦਸਤ ਨਾਅਰੇਬਾਜੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਚੰਡੀਗੜ੍ਹ ਦੇ ਸਹਿ ਪ੍ਰਭਾਰੀ ਪ੍ਰਦੀਪ ਛਾਬੜਾ ਨੇ ਕਿਹਾ, ‘ਨਿਗਮ ਦਫ਼ਤਰ ‘ਚ ਫੈਲੇ ਭ੍ਰਿਸ਼ਟਾਚਾਰ ਕਾਰਨ ਸ਼ਹਿਰ ਵਾਸੀਆਂ ਦੇ ਨੱਕ ‘ਚ ਦਮ ਕਰਕੇ ਰੱਖਿਆ ਹੋਇਆ ਹੈ। ਸ਼ਹਿਰਵਾਸੀਆਂ ਦੇ ਕੰਮ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੇ ਬਿਨਾਂ ਨਹੀਂ ਹੋ ਰਹੇ, ਜਿਸ ਦੇ ਲਈ ਸੱਤਾਧਾਰੀ ਭਾਜਪਾ ਅਤੇ ਮੇਅਰ ਜ਼ਿੰਮੇਵਾਰ ਹਨ।’ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਨਿਗਮ ਦੀ ਸੱਤਾ ਤੋਂ ਲਾਂਭੇ ਕਰਨ ਲਈ ਆਮ ਆਦਮੀ ਪਾਰਟੀ ਹਰ ਸ਼ਹਿਰੀ ਦੇ ਘਰ ਤੱਕ ਜਾਵੇਗੀ ਅਤੇ ਦਿੱਲੀ ਮਾਡਲ ਰਾਹੀਂ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਰੀਆਂ ਸਹੂਲਤਾਂ ਦੀ ਜਾਣਕਾਰੀ ਜਨ-ਜਨ ਨੂੰ ਦਿੱਤੀ ਜਾਵੇਗੀ।

ਨਿਗਮ ਚੋਣ ਅਭਿਆਨ ਸਮਿਤੀ ਦੇ ਚੇਅਰਮੈਨ ਚੰਦਰਮੁਖੀ ਸ਼ਰਮਾ, ਸੰਦੀਪ ਭਾਰਦਵਾਜ ਅਤੇ ਵਿਕਰਮ ਪੂੰਡੀਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀਆਂ ਕਲੋਨੀਆਂ ਦੇ ਵਸਨੀਕ ਸਹੂਲਤਾਂ ਤੋਂ ਸੱਖਣੀ ਜ਼ਿੰਦਗੀ ਜੀਅ ਰਹੇ ਹਨ। ਇਨ੍ਹਾਂ ਕਲੋਨੀਆਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਕੋਈ ਢੁਕਵੀ ਵਿਵਸਥਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਨੇ ਪਾਣੀ ਅਤੇ ਸੀਵਰੇਜ਼ ਦੇ ਬਿਲਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਗਰੀਬ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਭਾਰੀ ਹਾਨੀ ਹੋ ਰਹੀ ਹੈ। ਇਸ ਮੌਕੇ ਪਾਰਟੀ ਦੇ ਚੰਡੀਗੜ੍ਹ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ‘ਚ ਮੌਜ਼ੂਦ ਸਨ।

Jeeo Punjab Bureau

Leave A Reply

Your email address will not be published.