Shiromani Akali Dal (Sanyukt) ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ `ਚ ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਭਾਰਤ ਬੰਦ ਦੀ ਹਮਾਇਤ ਕਰਨ ਦਾ ਅਹਿਦ

ਜੀਓ ਪੰਜਾਬ
ਚੰਡੀਗੜ੍ਹ, 28 ਅਗਸਤ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਇੱਕ ਅਹਿਮ ਬੈਠਕ ਸ਼ਨਿਚਰਵਾਰ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜਿਥੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਮਜਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾਂ ਚੋਣਾਂ ਦੇ ਮੱਦੇਨਜ਼ਰ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਉਥੇ ਹੀ ਕਿਸਾਨ ਜਥੇਬੰਦੀਆਂ ਦੇ ਸੱਦੇ `ਤੇ ਆਉਣ ਵਾਲੀ 25 ਸਤੰਬਰ ਨੂੰ ਐਲਾਨੇ ਗਏ ਭਾਰਤ ਬੰਦ ਦੀ ਹਮਾਇਤ ਕਰਨ ਦਾ ਅਹਿਦ ਲਿਆ ਗਿਆ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਸ ਵਿੱਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਅੱਜ ਕਰਨਾਲ ਵਿਖੇ ਕਿਸਾਨਾਂ `ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ਼ ਦੀ ਵੀ ਦੋਵੇਂ ਉਪਰੋਕਤ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਵੀ ਸੰਘਰਸ਼ ਨੂੰ ਜ਼ਬਰੀ ਕਦੇ ਦਬਾਇਆ ਨਹੀ ਜਾ ਸਕਦਾ ਸਗੋਂ ਸਰਕਾਰ ਨੂੰ ਫਰਾਖਦਿਲੀ ਨਾਲ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨਾਂ `ਤੇ ਜ਼ੁਲਮ ਢਾਹੁਣਾ ਕਦੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਕਰਨਾਲ ਵਿਖੇ ਕਿਸਾਨਾਂ `ਤੇ ਹੋਇਆ ਲਾਠੀਚਾਰਜ਼ ਕੇਂਦਰ ਦੀਆਂ ਜੜ੍ਹਾਂ ਪੱਟਣ ਵਿੱਚ ਆਖਰੀ ਕਿੱਲ ਸਾਬਿਤ ਹੋਵੇਗਾ।

ਅੱਜ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਾਰਟੀ ਵੱਲੋਂ ਨਿਯੁਕਤ ਆਬਜ਼ਰਵਰਾਂ ਦੀ ਨਿਗਰਾਨੀ ਹੇਠ ਪਾਰਟੀ ਨੂੰ ਮਜਬੂਤ ਕਰਨ ਲਈ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸਤੰਬਰ ਦੇ ਅੰਤ ਤੱਕ ਪੰਜਾਬ ਵਿੱਚ ਜਿ਼ਲ੍ਹਾ ਪੱਧਰ `ਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸਤੋਂ ਇਲਾਵਾ ਵੱਖ- ਵੱਖ ਕੰਮਾਂ ਲਈ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਮੀਟਿੰਗ ਵਿੱਚ ਆਗੂਆਂ ਨੂੰ ਜਾਬਤੇ ਵਿੱਚ ਰਹਿਣ ਦੀ ਵੀ ਸਖਤ ਹਦਾਇਤ ਕੀਤੀ ਗਈ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਮੁੱਚੇ ਅਹੁਦੇਦਾਰਾਂ ਨੂੰ ਕਮਰ ਕਸਾ ਕਰਕੇ ਬੂਥ ਪੱਧਰ ਤੱਕ ਤਿਆਰੀ ਵਿੱਢਣ ਲਈ ਕਿਹਾ ਗਿਆ।

ਸੇਵਾ ਸਿੰਘ ਸੇਖਵਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਬਾਰੇ ਬੋਲਦਿਆਂ  ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਦੇ ਇੱਕ ਆਗੂ  ਸੇਵਾ ਸਿੰਘ ਸੇਖਵਾਂ ਵੱਲੋਂ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਣਾ ਮੰਦਭਾਗਾ ਹੈ।  ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਵੱਡੇ ਆਗੂ ਅਤੇ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਣ ਦਾ ਫੈਸਲਾ ਸਿਧਾਂਤਕ ਪੱਧਰ `ਤੇ ਲਿਆ ਗਿਆ ਸੀ ਤਾਂ ਜੋ ਸਹੀ ਅਰਥਾਂ ਵਿੱਚ ਇੱਕ ਪੰਥਕ ਭਾਵਨਾ ਵਾਲੀ ਪਾਰਟੀ ਸੰਗਠਨ ਕੀਤਾ ਜਾ ਸਕੇ। ਇਸ ਨੂੰ ਮੁੱਖ ਰੱਖਦਿਆਂ ਸਾਡੇ ਵੱਲੋਂ ਵੱਖ- ਵੱਖ ਸਮਿਆਂ `ਤੇ ਐਲਾਨੇ ਗਏ ਵੱਖ- ਵੱਖ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਪੰਥਕ ਹਿੱਤਾਂ ਨਾਲ ਪ੍ਰਣਾਏ ਅਕਾਲੀ ਇਕਜੁੱਟ ਹੋ ਕੇ ਆਪਣੀ ਕੌਮ ਅਤੇ ਸਮਾਜ ਲਈ ਕੁੱਝ ਸਾਰਥਕ ਕਰ ਸਕਣ ਵਿੱਚ ਸਹਾਈ ਹੋਣ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਚੰਗੇ ਅਹੁਦੇ ਨਾਲ ਨਵਾਜਿਆ ਗਿਆ ਸੀ। ਹੁਣ ਉਨ੍ਹਾਂ ਨੇ ਕਿਸ ਸੋਚ ਅਤੇ ਭਾਵਨਾ ਅਧੀਨ ਆਪਣਾ ਇਹ ਫੈਸਲਾ ਕੀਤਾ ਹੈ। ਇਸ ਬਾਰੇ ਉਹੀ ਜਾਣਦੇ ਹੋਣਗੇ ਪਰ ਅਜਿਹਾ ਕਰਕੇ ਉਨ੍ਹਾਂ ਨੇ ਪੰਥਕ ਸਿਧਾਂਤਾਂ ਨਾਲ ਪ੍ਰਣਾਈ ਪਾਰਟੀ ਨੂੰ ਪਿੱਠ ਦਿਖਾਈ ਜੋ ਉਨ੍ਹਾਂ ਦੇ ਕਿਰਦਾਰ ਨਾਲ ਮੇਲ ਨਹੀ ਖਾਂਦੀ ਹੈ ਅਤੇ ਇਸ ਵਿਚੋਂ ਮੌਕਾਪ੍ਰਸਤੀ ਦੀ ਭਾਵਨਾ ਦੀ ਝਲਕ ਪੈਂਦੀ ਹੈ।  ਢੀਂਡਸਾ ਨੇ ਇਹ ਵੀ ਕਿਹਾ ਕਿ ਅਜਿਹੇ ਕਿਰਦਾਰ ਵਾਲੇ ਆਗੂ ਦੇ ਚਲੇ ਜਾਣ ਨਾਲ ਸਾਡੀ ਪਾਰਟੀ ਨੂੰ ਕੋਈ ਫਰਕ ਨਹੀ ਪੈਂਦਾ ਅਤੇ ਪਾਰਟੀ ਪੂਰੀ ਪ੍ਰਤੀਬੱਧਤਾ ਨਾਲ ਆਪਣੇ ਮਿੱਥੇ ਰਾਸਤੇ `ਤੇ ਅਤੇ ਆਪਣੇ ਮਿਸ਼ਨ `ਤੇ ਨਿਰੰਤਰ ਦ੍ਰਿੜਤਾ ਨਾਲ ਅੱਗੇ ਵਧਦੀ ਰਹੇਗੀ।

ਇਸ ਮੌਕੇ `ਤੇ  ਜਗਦੀਸ਼ ਸਿੰਘ ਗਰਚਾ,  ਬੀਰ ਦਵਿੰਦਰ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ,  ਹਰਵੇਲ ਸਿੰਘ ਮਾਧੋਪੁਰ,  ਮਨਮੋਹਨ ਸਿੰਘ ਸਠਿਆਲਾ,  ਤੇਜਿੰਦਰਪਾਲ ਸਿੰਘ ਸੰਧੂ,  ਸੁਖਵੰਤ ਸਿੰਘ ਸਰਾਓ,  ਮਨਜੀਤ ਸਿੰਘ ਦਸੂਹਾ, ਜਥੇਦਾਰ ਮੱਖਣ ਸਿੰਘ ਨੰਗਲ,  ਅਵਤਾਰ ਸਿੰਘ ਜੌਹਲ, ਜਥੇਦਾਰ ਅਰਜਨ ਸਿੰਘ ਸ਼ੇਰਗਿੱਲ,  ਹਰਸੁਖਇੰਦਰ ਸਿੰਘ (ਬੱਬੀ ਬਾਦਲ),  ਰਵਿੰਦਰ ਸਿੰਘ ਬ੍ਰਹਮਪੁਰਾ,  ਕਰਨੈਲ ਸਿੰਘ ਪੀਰ ਮੁਹੰਮਦ,  ਮਾਸਟਰ ਮਿੱਠੂ ਸਿੰਘ ਕਾਹਨੇਕੇ,  ਹਰਪ੍ਰੀਤ ਸਿੰਘ ਬੰਨੀ ਜੋਲੀ, ਐਡਵੋਕੇਟ ਮਹਿੰਦਰ ਸਿੰਘ ਸਿੱਧੂ,  ਰਾਮਪਾਲ ਸਿੰਘ ਬਹਿਣੀਵਾਲ,  ਦੇਸਰਾਜ ਸਿੰਘ ਧੁੱਗਾ,  ਗੁਰਚਰਨ ਸਿੰਘ ਚੰਨੀ,  ਜਸਪ੍ਰੀਤ ਸਿੰਘ ਹੋਬੀ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ,  ਦਵਿੰਦਰ ਸਿੰਘ ਸੋਢੀ,  ਜਸਵਿੰਦਰ ਸਿੰਘ ਓਐਸਡੀ,  ਬਰਜਿੰਦਰ ਸਿੰਘ ਹੁਸੈਨਪੁਰ ਅਤੇ  ਮਨਪ੍ਰੀਤ ਸਿੰਘ ਤਲਵੰਡੀ ਆਦਿ ਮੌਜੂਦ ਸਨ।

 Jeeo Punjab Bureau

Leave A Reply

Your email address will not be published.