ਦਿਵਨੂਰ ਕੌਰ ਸੂਬੇ ਵਿਚ ਟੀਕਾ ਲਗਵਾਉਣ ਵਾਲੀ ਪਹਿਲੀ ਬੱਚੀ ਬਣੀ

ਜੀਓ ਪੰਜਾਬ

ਚੰਡੀਗੜ੍ਹ/ਡੇਰਾਬੱਸੀ, 25 ਅਗਸਤ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਧੀਨ ਨਿਊਮੋਕੋਕਲ ਕੰਜੂਗੇਟ ਟੀਕਾ ਲਾਂਚ ਕੀਤਾ।

ਉਪ ਮੰਡਲ ਡੇਰਾਬੱਸੀ ਦੇ ਹਸਪਤਾਲ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਸ: ਸਿੱਧੂ ਨੇ ਕਿਹਾ ਕਿ ਇਹ ਟੀਕਾ ਬੱਚਿਆਂ ਨੂੰ ਸਟ੍ਰੈਪਟੋਕੋਕਸ ਨਮੂਨੀਆ (ਨਮੂਨੀਆ, ਮੈਨਿਨਜੀਟਿਸ, ਸੈਪਟੀਸੀਮੀਆ) ਵਜੋਂ ਜਾਣੇ ਜਾਂਦੇ ਬੈਕਟੀਰੀਆ ਕਾਰਨ ਹੋਣ ਵਾਲੀਆਂ ਘਾਤਕ ਬਿਮਾਰੀਆਂ ਤੋਂ ਬਚਾਏਗਾ। ਇਹ 3 ਖੁਰਾਕਾਂ ਵਿੱਚ ਲਗਾਇਆ ਜਾਂਦਾ ਹੈ , ਜਿਸ ਵਿੱਚੋਂ 2 ਪ੍ਰਾਇਮਰੀ ਖੁਰਾਕਾਂ 6ਵੇਂ ਅਤੇ 14 ਹਫਤੇ ਵਿੱਚ ਦਿੱਤੀਆਂ ਜਾਂਦੀਆਂ ਹਨ ਅਤੇ ਤੀਜੀ ਬੂਸਟਰ ਖੁਰਾਕ 9 ਮਹੀਨੇ ਪੂਰੇ ਹੋਣ ਤੋਂ ਬਾਅਦ  ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾ ਨਿਯਮਤ ਟੀਕਾਕਰਣ ਅਧੀਨ ਹੋਰ ਟੀਕਿਆਂ ਦੀ ਤਰ੍ਹਾਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਲਗਾਇਆ ਜਾਵੇਗਾ। ਇਸ ਟੀਕੇ ਦੀ ਸ਼ੀਸ਼ੀ (ਵਾਇਲ) ਵਿੱਚ 5 ਖੁਰਾਕਾਂ ਹੁੰਦੀਆਂ ਹਨ ਜੋ ਨਵੇਂ ਜਨਮੇ ਬੱਚਿਆਂ ਦੇ ਇੱਕ ਸਮੂਹ ਨੂੰ ਦਿੱਤੀਆਂ ਜਾਂਦੀਆਂ।

ਸਾਡੀ ਨਵੀਂ ਪੀੜ੍ਹੀ ਨੂੰ ਵਾਇਰਸ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਇਸ ਮੁਹਿੰਮ ਨੂੰ ਮਹੱਤਵਪੂਰਨ ਕਰਾਰ ਦਿੰਦਿਆਂ, ਸਿਹਤ ਮੰਤਰੀ ਨੇ ਕਿਹਾ ਕਿ 0.5 ਮਿਲੀਲੀਟਰ ਦੀ ਖੁਰਾਕ ਸੱਜੇ ਪੱਟ ’ਤੇ ਇੰਟ੍ਰਾਮਸਕੂਲਰ ਰੂਟ ਰਾਹੀਂ ਦਿੱਤੀ ਜਾਵੇਗੀ। ਇਹ ਟੀਕੇ ਦੀ ਸੁਰੂਆਤ ਨਿਊਮੋਕੋਕਲ (ਨਮੂਨੀਆ ਨਾਲ ਸਬੰਧਤ) ਬਿਮਾਰੀਆਂ ਕਾਰਨ ਹੋਣ ਵਾਲੀਆਂ 5 ਫੀਸਦ ਮੌਤਾਂ ਨੂੰ ਘਟਾ ਦੇਵੇਗੀ, ਜੋ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਬਣਦੀ ਹੈ।

ਸਿੱਧੂ ਨੇ ਅੱਗੇ ਕਿਹਾ ਕਿ ਟੀਕਾ 146 ਦੇਸ਼ਾਂ ਦੇ ਨਿਯਮਿਤ ਟੀਕਾਕਰਣ ਸ਼ਡਿਊਲ ਵਿੱਚ ਪਹਿਲਾਂ ਹੀ ਲਿਆਂਦਾ ਜਾ ਚੁੱਕਾ ਹੈ। ਸਾਲ 2017 ਵਿੱਚ ਇਹ ਭਾਰਤ ਵਿੱਚ ਸੁਰੂ ਕੀਤਾ ਗਿਆ ਸੀ ਅਤੇ 2021 ਤੱਕ ਸਮੁੱਚੇ ਦੇਸ਼ ਵਿੱਚ ਸ਼ੁਰੂ ਕਰਨ ਦਾ ਟੀਚਾ ਹੈ  ਇਹ ਪਿਛਲੇ ਕਈ ਸਾਲਾਂ ਤੋਂ ਪ੍ਰਾਈਵੇਟ ਸੈਕਟਰ ਵਿੱਚ ਵੀ ਵਰਤਿਆ ਜਾ ਰਿਹਾ ਹੈ। ਇਹ ਸਭ ਤੋਂ ਸੁਰੱਖਿਅਤ ਅਤੇ ਮਹਿੰਗੀ ਵੈਕਸੀਨ ਹੈ ਜੋ ਕਿ ਸਰਕਾਰ ਦੁਆਰਾ ਟੀਕਾਕਰਣ ਦੇ ਨਿਯਮਿਤ ਕਾਰਜਕ੍ਰਮ ਵਿੱਚ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਨਮੂਨੀਆ ਤੋਂ ਇਲਾਵਾ, ਨਿਊਮੋਕੋਕਲ ਬੈਕਟੀਰੀਆ ਕੰਨ , ਸਾਈਨਸ ਦੀ ਲਾਗ, ਮੈਨਿਨਜੀਟਸ (ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਕਵਰ ਕਰਨ ਵਾਲੇ ਟਿਸ਼ੂ ਦੀ ਲਾਗ), ਬੈਕਟੀਰੇਮੀਆ (ਖੂਨ ਦੀ ਲਾਗ) ਦਾ ਕਾਰਨ ਵੀ ਬਣ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਮੈਡੀਕਲ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਵਚਨਬੱਧ ਹੈ। ਕੋਰੋਨਾ ਦੀ ਤੀਜੀ ਲਹਿਰ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਤੀਜੀ ਲਹਿਰ ਨੂੰ ਠੱਲ੍ਹਣ ਲਈ ਸੂਬੇ ਕੋਲ ਲੋੜੀਂਦੀ ਮਾਤਰਾ ਵਿੱਚ ਮੈਡੀਕਲ ਆਕਸੀਜਨ ਅਤੇ ਹੋਰ ਬੁਨਿਆਦੀ ਢਾਂਚਾ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿੱਚ ਪੀ.ਐਸ.ਏ ਪਲਾਂਟ ਸਥਾਪਤ ਕੀਤੇ ਗਏ ਹਨ ਜਾਂ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਹਰ ਬੈੱਡ ਲਈ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਨੇ ਡੇਰਾਬਸੀ ਉਪ-ਮੰਡਲ ਦਫਤਰ ਦੀ ਇਮਾਰਤ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਹਸਪਤਾਲ ਤੇ ਸਿਹਤ ਸੰਸਥਾਵਾਂ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕੀਤਾ ਸਕੇ। ਇਸ ਤੋਂ ਪਹਿਲਾਂ ਦਿਵਨੂਰ ਕੌਰ ਪੁੱਤਰੀ ਰਮਨਦੀਪ ਕੌਰ , ਨਿਊਮੋਕੋਕਲ ਕੰਜੂਗੇਟ ਵੈਕਸੀਨ ਦੀ ਖੁਰਾਕ ਪ੍ਰਾਪਤ ਕਰਨ ਵਾਲੀ ਰਾਜ ਦੀ ਪਹਿਲੀ ਬੱਚੀ ਬਣੀ।

ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡਾ: ਜੀ.ਬੀ ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ, ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਅੰਦੇਸ਼ ਕੰਗ , ਰਾਜ ਟੀਕਾਕਰਨ ਅਫਸਰ ਡਾ: ਬਲਵਿੰਦਰ ਕੌਰ , ਡਾ: ਆਦਰਸ਼ਪਾਲ ਕੌਰ ਸਿਵਲ ਸਰਜਨ ਮੁਹਾਲੀ, ਸੀਨੀਅਰ ਮੈਡੀਕਲ ਅਫਸਰ ਡਾ: ਸੰਗੀਤਾ ਜੈਨ, ਡਾ: ਵਿਕਰਮ ਗੁਪਤਾ, ਡਾ: ਮਨੀਸ਼ਾ, ਜਤਿੰਦਰ ਮੋਹਨ ਸਟੇਟ ਕੋਲਡ ਚੇਨ ਅਫਸਰ, ਪਰੀਤੋਸ਼ ਧਵਨ ਜੇ.ਐਸ.ਆਈ., ਡੇਰਾਬਸੀ ਦੇ ਐਸਡੀਐਮ ਕੁਲਦੀਪ ਬਾਵਾ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। 

Jeeo Punjab Bureau

Leave A Reply

Your email address will not be published.