ਕੈਪਟਨ ਗਰੁੱਪ ਨੇ ਮੀਟਿੰਗ ਕਰਕੇ ਸਲਾਹਕਾਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਮੰਗ


ਜੀਓ ਪੰਜਾਬ

ਚੰਡੀਗੜ੍ਹ,24 ਅਗਸਤ
ਨਵਜੋਤ ਸਿੱਧੂ ਦੇ ਦੋ ਸਲਾਹਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਦੇਸ਼ ਵਿਰੋਧੀ ਅਤੇ ਪਾਕ-ਪੱਖੀ ਟਿੱਪਣੀਆਂ ਕਰਾਰ ਦਿੰਦਿਆਂ ਪੰਜਾਬ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇੱਕ ਸਮੂਹ ਨੇ ਅੱਜ ਮਾਲਵਿੰਦਰ ਮਾਲੀ ਅਤੇ ਪਿਆਰੇ ਲਾਲ ਗਰਗ ਵਿਰੁੱਧ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਦੀ ਮੰਗ ਕੀਤੀ।
ਮੰਤਰੀਆਂ ਬ੍ਰਹਮ ਮਹਿੰਦਰਾ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਤੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਇਨ੍ਹਾਂ ਦੋਵਾਂ ਨਿਯੁਕਤ ਸਲਾਹਕਾਰਾਂ ਦੇ ਬਿਆਨ ਸਪੱਸ਼ਟ ਤੌਰ ‘ਤੇ ਭਾਰਤ ਦੇ ਹਿੱਤਾਂ ਦੇ ਵਿਰੁੱਧ ਸਨ ਅਤੇ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਸਨ।
ਉਨ੍ਹਾਂ ਨੇ ਮਾਲੀ ਅਤੇ ਗਰਗ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਤੋਂ ਇਲਾਵਾ ਕਾਂਗਰਸ ਦੀ ਰਾਸ਼ਟਰੀ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਧੂ ਨੂੰ ਪਾਰਟੀ ਅਤੇ ਦੇਸ਼ ਦੇ ਹਿੱਤ ਵਿੱਚ ਤੁਰੰਤ ਆਪਣੇ ਸਲਾਹਕਾਰਾਂ ‘ਤੇ ਲਗਾਮ ਲਗਾਉਣ ਦਾ ਨਿਰਦੇਸ਼ ਦੇਣ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ।ਕਿਸੇ ਨੂੰ ਵੀ ਇਨ੍ਹਾਂ ਕੁਰਬਾਨੀਆਂ ਨੂੰ ਕਮਜ਼ੋਰ ਕਰਨ ਅਤੇ ਸਾਡੇ ਦੇਸ਼ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖਾਸ ਕਰਕੇ, ਅਜਿਹੇ ਬਿਆਨਾਂ ਦੇ ਸਰਹੱਦੀ ਰਾਜ ਪੰਜਾਬ ਲਈ ਗੰਭੀਰ ਪ੍ਰਭਾਵ ਪੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਸਲਾਹਕਾਰਾਂ ਬਾਰੇ ਸਿੱਧੂ ਦੀ ਚੁੱਪ ਕਾਂਗਰਸ ਦਾ ਨੁਕਸਾਨ ਕਰੇਗੀ।
ਪੰਜਾਬ ਕਾਂਗਰਸ ਦੇ ਕੈਪਟਨ ਪੱਖੀ ਨੇਤਾਵਾਂ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵਿਵਾਦਪੂਰਨ ਅਤੇ ਬਹੁਤ ਹੀ ਇਤਰਾਜ਼ਯੋਗ ਸਕੈਚ ਪੋਸਟ ਕਰਨ ਲਈ ਮਾਲੀ ਦੀ ਨਿੰਦਾ ਕੀਤੀ ਅਤੇ ਇਸਨੂੰ ਉਨ੍ਹਾਂ ਦੇ ਪਾਰਟੀ ਵਿਰੋਧੀ ਰੁਖ ਦੀ ਇੱਕ ਹੋਰ ਉਦਾਹਰਣ ਕਰਾਰ ਦਿੱਤਾ।

Jeeo Punjab Bureau

Leave A Reply

Your email address will not be published.