ਮਨੀਸ਼ ਤਿਵਾੜੀ ਨੇ ਨਵਜੋਤ ਸਿੱਧੂ ਦੇ ਦੋ ਸਲਾਹਕਾਰਾਂ ਨੂੰ ਲੈ ਕੇ ਕੀਤੀ ਟਿੱਪਣੀ

ਜੀਓ ਪੰਜਾਬ

ਚੰਡੀਗੜ, 23 ਅਗਸਤ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਲਾਹਕਾਰਾਂ ਬਾਰੇ ਸਖਤ ਸਲਾਹ ਦਿੱਤੀ ਸੀ ਅਤੇ ਹੁਣ ਸੀਨੀਅਰ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਵੀ ਇਸ ਮਾਮਲੇ ‘ਤੇ ਟਿੱਪਣੀ ਕੀਤੀ ਹੈ। ਮਨੀਸ਼ ਤਿਵਾੜੀ ਨੇ ਸੋਮਵਾਰ ਨੂੰ ਪਾਰਟੀ ਲੀਡਰਸ਼ਿਪ ਨੂੰ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੀਆਂ ਕਥਿਤ ਵਿਵਾਦਤ ਟਿੱਪਣੀਆਂ ‘ਤੇ ਸਵੈ-ਪੜਚੋਲ ਕਰਨ ਦੀ ਅਪੀਲ ਕਰਦਿਆਂ ਸੁਆਲ ਕੀਤਾ ਹੈ ਕਿ ਕੀ ਅਜਿਹੇ ਲੋਕ ਪਾਰਟੀ ਵਿੱਚ ਹੋਣੇ ਚਾਹੀਦੇ ਹਨ ਜੋ ਜੰਮੂ -ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਅਤੇ ਜਿਨ੍ਹਾਂ ਦਾ ਰੁਝਾਨ ਪਾਕਿਸਤਾਨ–ਪੱਖੀ ਹੈ।

 ਮਨੀਸ਼ ਤਿਵਾੜੀ ਨੇ ਇਹ ਬਿਆਨ ਸਿੱਧੂ ਦੇ ਦੋ ਸਲਾਹਕਾਰਾਂ ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਦੀਆਂ ਕਥਿਤ ਟਿੱਪਣੀਆਂ ਦੇ ਸੰਬੰਧ ਵਿੱਚ ਦਿੱਤਾ ਹੈ, ਜਿਸ ਤੋਂ ਬਾਅਦ ਸੂਬਾਈ ਸਿਆਸਤ ਭਖ ਸਕਦੀ ਹੈ। ਸਾਬਕਾ ਕੇਂਦਰੀ ਮੰਤਰੀ ਤਿਵਾੜੀ ਨੇ ਟਵੀਟ ਕੀਤਾ, ਮੈਂ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਗੰਭੀਰਤਾ ਨਾਲ ਸਵੈ-ਪੜਚੋਲ ਕਰਨ ਦੀ ਅਪੀਲ ਕਰਦਾ ਹਾਂ ਕਿ ਕੀ ਉਹ ਜਿਹੜੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਅਤੇ ਜਿਨ੍ਹਾਂ ਦਾ ਪਾਕਿਸਤਾਨ–ਪੱਖੀ ਰਵੱਈਆ ਹੈ, ਕੀ ਉਨ੍ਹਾਂ ਨੂੰ ਇਸ  ਪਾਰਟੀ ਦਾ ਹਿੱਸਾ ਹੋਣਾ ਚਾਹੀਦਾ ਹੈ? ਇਹ ਉਨ੍ਹਾਂ ਸਾਰਿਆਂ ਦਾ ਮਜ਼ਾਕ ਹੈ ਜਿਨ੍ਹਾਂ ਨੇ ਭਾਰਤ ਲਈ ਆਪਣਾ ਖੂਨ ਵਹਾਇਆ ਹੈ।

 ਪਿਆਰੇ ਲਾਲ ਗਰਗ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਆਲੋਚਨਾ ‘ਤੇ ਸਵਾਲ ਚੁੱਕੇ ਸਨ। ਦੂਜੇ ਪਾਸੇ, ਮਾਲੀ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ ‘ਤੇ ਗੱਲ ਕੀਤੀ ਸੀ, ਜਿਸ ਤਹਿਤ ਜੰਮੂ-ਕਸ਼ਮੀਰ ਨੂੰ ਸਾਬਕਾ ਰਾਜ ਨੂੰ ਵਿਸ਼ੇਸ਼ ਦਰਜਾ ਮਿਲਿਆ। ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਅਤੇ 35 ਏ ਹਟਾਉਣ ਦੀ ਕੀ ਲੋੜ ਸੀ।

 ਦੱਸ ਦੇਈਏ ਕਿ ਮਾਲੀ ਨੇ ਆਪਣੇ ਫ਼ੇਸਬੁੱਕ ਅਕਾਊਂਟ ਉੱਤੇ ਪੰਜਾਬ ਦੇ ਇੱਕ ਪੁਰਾਣੇ ਰਸਾਲੇ ‘ਜਨਤਕ ਪੈਗ਼ਾਮ’ ਦੇ ਟਾਈਟਲ ਪੇਜ ਦੀ ਸਕੈਨਡ ਕਾਪੀ ਵੀ ਅਪਲੋਡ ਕੀਤੀ ਸੀ; ਉਸ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ ਕਿਉਂਕਿ ਉਸ ਸਕੈੱਚ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੂੰ ਖੋਪੜੀਆਂ ਦੇ ਇੱਕ ਢੇਰ ਕੋਲ ਖੜ੍ਹੇ ਵਿਖਾਇਆ ਗਿਆ ਹੈ, ਉਨ੍ਹਾਂ ਦੇ ਹੱਥ ਵਿੱਚ ਇੱਕ ਰਾਈਫ਼ਲ ਹੈ ਤੇ ਉਸ ਉੱਤੇ ਇੱਕ ਖੋਪੜੀ ਟੰਗੀ ਹੋਈ ਹੈ। ਇਸ ਤਸਵੀਰ ਉੱਤੇ ਇਹ ਵੀ ਲਿਖਿਆ ਹੈ ਕਿ ‘ਅੱਤਿਆਚਾਰੀ ਦਾ ਹਸ਼ਰ ਮਾੜਾ ਹੁੰਦਾ ਹੈ’। ਦਰਅਸਲ, ਇਹ ਸਕੈੱਚ ਜੂਨ ਤੇ ਨਵੰਬਰ 1984 ਦੀਆਂ ਘਟਨਾਵਾਂ ਦੀ ਯਾਦ ਦਿਵਾਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਿੱਧੂ ਨੂੰ ਕਿਹਾ ਕਿ ਉਹ ਆਪਣੇ ਸਲਾਹਕਾਰਾਂ ਨੂੰ ਇਨ੍ਹਾਂ ਕਥਿਤ ਟਿੱਪਣੀਆਂ ‘ਤੇ ਕਾਬੂ ਹੇਠ ਰੱਖਣ।

Jeeo Punjab Bureau

Leave A Reply

Your email address will not be published.