Punjab Congress President ਨਵਜੋਤ ਸਿੱਧੂ ਤੇ ਉਹਨਾਂ ਦੇ ਟੀਮ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ : ਬਿਕਰਮ ਸਿੰਘ ਮਜੀਠੀਆ

ਜੀਓ ਪੰਜਾਬ

ਚੰਡੀਗੜ, 23 ਅਗਸਤ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸੀਨੀਅਰ ਆਗੂ ਰਾਹੁਲ ਗਾਂਧੀ ਨੁੰ ਆਖਿਆ ਕਿ ਉਹ ਦੇਸ ਦੇ ਲੋਕਾਂ ਨੁੰ ਦੱਸਣ ਕਿ ਕੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਦਫਤਰ ਵੱਲੋਂ ਚਲਾਏ ਜਾ ਰਹੇ ਭਾਰਤ ਵਿਰੋਧੀ ਪ੍ਰਚਾਰ ਦੇ ਨਾਲ ਸਹਿਮਤ ਹਨ ਅਤੇ ਪਾਰਟੀ ਨੇ ਸਿੱਧੂ ਤੇ ਉਸਦੀ ਟੀਮ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕ ਹੈਰਾਨੀ ਵਾਲੀ ਗੱਲ ਹੈ  ਜਿਸ ਦਿਨ ਭਾਰਤ ਨੇ ਆਜ਼ਾਦੀ ਦਿਹਾੜਾ ਮਨਾਇਆ, ਉਸ ਦਿਨ ਦੇਸ਼ ਦੇ ਖਿਲਾਫ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਤੋਂ ਬਿਆਨ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਹੈਰਾਨੀ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਕਹਿ ਰਿਹਾ ਹੈ ਕਿ ਕਸ਼ਮੀਰ ਕਸ਼ਮੀਰੀਆਂ ਦਾ ਦੇਸ਼ ਹੈ ਤੇ ਭਾਰਤ ਨੇ ਇਸਦੇ ਇਕ ਹਿੱਸੇ ’ਤੇ ਧੱਕੇ  ਨਾਲ ਕਬਜ਼ਾ ਕਰ ਲਿਆ ਹੈ ਤੇ ਕਸ਼ਮੀਰੀ ਭਾਰਤ ਦਾ ਹਿੱਸਾ ਨਹੀਂ ਹਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਤੋਂ ਅਜਿਹੇ ਬਿਆਨ ਪੀ ਪੀ ਸੀ ਸੀ ਪ੍ਰਧਾਨ ਦੀ ਪਾਕਿਸਤਾਨ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਨੇੜਤਾ ਕਾਰਨ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਜਨਰਲ ਬਾਜਵਾ ਦੇ ਭਾਰਤ ਖਾਸ ਤੌਰ ’ਤੇ ਕਸ਼ਮੀਰ ਪ੍ਰਤੀ ਏਜੰਡੇ ਨੂੰ ਲਾਗੂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਨੇ ਕਿਹਾ ਹੈ ਕਿ ਭਾਰਤ ਨੇ ਸੰਯਕੁਤ ਰਾਸ਼ਟਰ ਦੇ ਮਤੇ ਦੀ ਉਲੰਘਣਾ ਕੀਤੀ ਤੇ ਕਸ਼ਮੀਰ ਨੂੰ ਵੰਡ ਦਿੱਤਾ ਤੇ ਇਸ ਬਿਆਨ ਦਾ ਮਤਲਬ ਭਾਰਤ ਦੀ ਹੋਂਦ ਤੇ ਸਰਹੱਦ ’ਤੇ ਹੀ ਸਵਾਲ ਚੁੱਕਣਾ ਹੈ।

ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਕ ਪਾਸੇ ਭਾਰਤ ਆਖ ਰਿਹਾ ਹੈ ਕਿ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਹੇਠਲਾ ਕਸ਼ਮੀਰ ਦਾ ਹਿੱਸਾ ਸਾਡਾ ਹੈ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਹੋਰ ਹੀ ਦਾਅਵੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਹ ਕਾਰਵਾਈਆਂ ਭਾਰਤ ਦੇ ਆਜ਼ਾਦੀ ਦਿਹਾੜੇ ਵਾਲੇ ਦਿਨ ਹੋਈਆਂ ਹਨ ਤੇ ਇਹ ਭਾਰਤੀ ਫੌਜੀਆਂ ਖਾਸ ਤੌਰ ’ਤੇ ਪੰਜਾਬੀਆਂ ਵੱਲੋਂ ਦਿੱਤੀਆਂ ਸ਼ਹਾਦਤਾਂ ’ਤੇ ਸਿੱਧਾ ਹਮਲਾ ਹਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਪ੍ਰਦੇਸ ਕਾਂਗਰਸ ਦਾ ਦਫਤਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਰਲ ਕੇ ਕੰਮ ਕਰ ਰਿਹਾ ਜਾਪਦਾ ਹੈ। ਉਹਨਾਂ ਕਿਹਾ ਕਿ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਤਾਂ ਅਗਲੇ ਹੀ ਦਿਨ ਪ੍ਰਦੇਸ਼ ਕਾਂਗਰਸ ਪ੍ਰਧਾਨ ਦਫਤਰ ਨੇ ਵੀ ਤਾਲਿਬਾਨ ਦੇ ਅਫਗਨਿਸਤਾਨ ’ਤੇ ਕਬਜ਼ੇ ਨੁੰ ਸਹੀ ਠਹਿਰਾਇਆ।

ਪੰਜਾਬ ਦੇ ਮੁੱਖ ਮੰਤਰੀ ਨੁੰ ਸਿਰਫ ਗੱਲਾਂ ਨਾਲ ਨਾ ਸਰਨ ਬਾਰੇ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਦੇ ਬਿਆਨਾਂ ਨਾਲ ਸਹਿਮਤ ਨਹੀਂ ਹਨ ਤਾਂ ਉਹਨਾਂ ਨੁੰ ਤੁਰੰਤ ਪ੍ਰਦੇਸ਼ ਕਾਂਗਰਸ  ਪ੍ਰਧਾਨ ਤੇ ਉਹਨਾਂ ਦੀ ਟੀਮ ਖਿਲਾਫ ਕੇਸ ਦਰਜ ਕੀਤੇ ਜਾਣ ਦੇ ਹੁਕਮ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਇਸ ਮਾਮਲੇ ’ਤੇ ਸਿੱਧੂ ਤੇ ਉਹਨਾਂ ਦੀ ਟੀਮ ਨਾਲ ਵੱਖਰੇ ਵਿਚਾਰ ਰੱਖਦੇ ਹਨ ਤਾਂ ਫਿਰ ਉਹਨਾਂ ਨੁੰ ਸਿੱਧੂ ਨੁੰ ਤੁਰੰਤ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ।

ਮਜੀਠੀਆ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋ ਰਹੀ ਹੈ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਦੇਸ਼ ਦੇ ਸ਼ਹੀਦਾਂ ਦੇ ਖਿਲਾਫ ਕੰਮ ਕਰ ਰਿਹਾ ਹੈ ਤੇ ਭਾਰਤ ਵਿਰੋਧੀ ਤਾਕਤਾਂ ਖਾਸ ਤੌਰ ’ਤੇ ਪਾਕਿਸਤਾਨ ਦਾ ਹੱਥ ਠੋਕਾ ਬਣ ਗਿਆ ਹੈ। ਉਹਨਾਂ ਕਿਹਾ ਕਿ ਭਾਰਤੀਆਂ ਵਜੋਂ ਅਸੀਂ ਹਮੇਸ਼ਾ ਆਜ਼ਾਦੀ ਦਿਹਾੜਾ ਬਹੁਤ ਉਤਸ਼ਾਹ ਨਾਲ ਮਨਾਇਆ ਹੈ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਨਾ ਸਿਰਫ ਆਜ਼ਾਦੀ ਨੁੰ ਖਿਲਾਫ ਬੋਲ ਰਿਹਾ ਹੈ ਬਲਕਿ ਦੁਸ਼ਮਣ ਦੇਸ਼ ਦੇ ਕਹਿਣ ਮੁਤਾਬਕ ਕੰਮ ਕਰ ਰਿਹਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਯੁਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸੀਨੀਅਰ ਅਕਾਲੀ ਆਗੁ ਵਰਦੇਵ ਸਿੰਘ ਮਾਨ ਵੀ ਹਾਜ਼ਰ ਸਨ।

Jeeo Punjab Bureau

Leave A Reply

Your email address will not be published.