ਨਸ਼ੇੜੀ ਪਿਓ ਵੱਲੋਂ ਆਪਣੇ ਹੀ 23 ਸਾਲਾ ਬੇਟੇ ਦੀ ਗੋਲੀ ਮਾਰ ਕੇ ਹੱਤਿਆ

ਜੀਓ ਪੰਜਾਬ

ਫ਼ਿਰੋਜ਼ਪੁਰ, 23 ਅਗਸਤ

ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਵਿੱਚ ਇੱਕ ਨਸ਼ੇੜੀ ਪਿਓ ਵੱਲੋਂ ਆਪਣੇ ਹੀ 23 ਸਾਲਾ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੇਟਾ ਅਸਲ ‘ਚ ਪਿਓ ਨੂੰ ਨਸ਼ੇ ਕਰਨ ਤੋਂ ਵਰਜਦਾ ਸੀ ਤੇ ਇਹ ਗੱਲ ਪਿਓ ਨੂੰ ਭੈੜੀ ਲੱਗਦੀ ਸੀ। ਇਸ ਮਾਮਲੇ ਨੂੰ ਲੈ ਕੇ ਪਿਉ-ਪੁੱਤਰ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਥਾਣਾ ਕੁਲਗੜ੍ਹੀ ਨੇ ਸਨਿੱਚਰਵਾਰ ਨੂੰ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 9.30 ਵਜੇ ਵਾਪਰੀ, ਦੋਸ਼ੀ ਫਰਾਰ ਹੈ। ਮ੍ਰਿਤਕ ਸਾਵਣ ਸਿੰਘ (23) ਦੀ ਮਾਂ ਪਰਮਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪਤੀ ਬੋਹੜ ਸਿੰਘ ਨਸ਼ੇ ਦਾ ਆਦੀ ਸੀ। ਸਾਵਣ ਆਪਣੇ ਪਿਤਾ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਅਤੇ ਇੰਝ ਲਗਭਗ ਰੋਜ਼ ਹੀ ਦੋਵਾਂ ਵਿਚਾਲੇ ਝਗੜਾ ਹੁੰਦਾ ਸੀ।

ਰੋਜ਼ ਵਾਂਗ ਸ਼ੁੱਕਰਵਾਰ ਰਾਤ ਨੂੰ ਵੀ ਬੋਹੜ ਸਿੰਘ ਸ਼ਰਾਬੀ ਹੋ ਕੇ ਘਰ ਪਹੁੰਚਿਆ ਅਤੇ ਉਸ ਨੇ ਟੀਵੀ ਵੇਖ ਰਹੇ ਆਪਣੇ ਪੁੱਤਰ ਸਾਵਣ ਸਿੰਘ ਉੱਤੇ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਪਰਿਵਾਰ ਦੇ ਹੋਰ ਮੈਂਬਰ ਲਹੂਲੁਹਾਣ ਸਾਵਣ ਸਿੰਘ ਨੂੰ ਹਸਪਤਾਲ ਲਿਜਾ ਰਹੇ ਸਨ ਕਿ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ।

ਪਿੰਡ ਦੇ ਹੀ ਇੱਕ ਨਿਵਾਸੀ ਲਖਬੀਰ ਸਿੰਘ ਦਾ ਕਹਿਣਾ ਹੈ ਕਿ ਬੋਹੜ ਸਿੰਘ ਦਿਨ–ਰਾਤ ਨਸ਼ੇ ਕਰਦਾ ਸੀ। ਸਾਰਾ ਪਰਿਵਾਰ ਉਸ ਦੇ ਨਸ਼ੇ ਤੋਂ ਤੰਗ ਆ ਚੁੱਕਾ ਸੀ। 

ਦੂਜੇ ਪਾਸੇ ਥਾਣਾ ਕੁਲਗੜ੍ਹੀ ਦੇ ਇੰਚਾਰਜ ਅਭਿਨਵ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਸਾਵਣ ਦੀ ਮਾਂ ਪਰਮਜੀਤ ਕੌਰ ਦੇ ਬਿਆਨਾਂ ‘ਤੇ ਬੋਹੜ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

Jeeo Punjab Bureau

Leave A Reply

Your email address will not be published.