Sukhbir Badal ਵੱਲੋਂ ਗੁਆਚੀ ਸਾਖ ਬਹਾਲ ਕਰਨ ਲਈ ਹਲਕਿਆਂ `ਚ ਸ਼ੁਰੂ ਕੀਤੀ ਯਾਤਰਾ ਕੌਰੀ ਨਾਟਕਬਾਜ਼ੀ: ਪਰਮਿੰਦਰ ਸਿੰਘ ਢੀਂਡਸਾ

20

ਜੀਓ ਪੰਜਾਬ

ਚੰਡੀਗੜ, 19 ਅਗਸਤ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਗੁਆਚੀ ਸਾਖ ਬਹਾਲ ਕਰਨ ਲਈ ਵਿਧਾਨ ਸਭਾ ਹਲਕਿਆਂ ਵਿੱਚ ਯੋਜਨਬੱਧ ਯਾਤਰਾਵਾਂ ਅਤੇ ਪ੍ਰਦਰਸ਼ਨਾਂ ਦੇ ਜੋ ਨਾਟਕ ਸ਼ੁਰੂ ਕੀਤੇ ਗਏ ਹਨ ਉਹ ਕਿਸੇ ਕੰਮ ਨਹੀ ਆਉਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਅਪਣਾਏ ਦੋਹਰੇ ਮਾਪਦੰਡਾਂ ਕਾਰਨ ਬਾਦਲ ਪਰਿਵਾਰ ਆਪਣਾ ਅਕਸ ਪੂਰੀ ਤਰ੍ਹਾਂ ਖਰਾਬ ਕਰ ਚੁੱਕਾ ਹੈ। ਇਸਦਾ ਪਤਾ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਯਾਤਰਾ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਜ਼ੀਰਾ ਹਲਕੇ ਤੋਂ ਲੱਗ ਗਿਆ ਹੈ। ਜਿਥੇ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਸ: ਢੀਂਡਸਾ ਨੇ ਕਿਹਾ ਕਿ ਜ਼ੀਰਾ ਹਲਕੇ ਵਿੱਚ ਕਿਸਾਨਾਂ ਵੱਲੋਂ ਸਿਖਾਏ ਸਬਕ ਤੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਹੁਣ ਉਨ੍ਹਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀ ਹਨ ਅਤੇ ਉਹ ਜਿਸ ਵੀ ਹਲਕੇ ਵਿੱਚ ਜਾਣਗੇ ਲੋਕ ਉਨ੍ਹਾਂ ਦਾ ਪੂਰਾ ਵਿਰੋਧ ਕਰਨਗੇ।

ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਅੰਨਦਾਤਾ ਸੜਕਾਂ `ਤੇ ਰੁਲ ਰਿਹਾ ਹੈ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ 100 ਦਿਨਾਂ ਵਿੱਚ 100 ਵਿਧਾਨ ਸਭਾ ਹਲਕੇ ਕਵਰ ਕਰਨ ਲਈ ਸ਼ੁਰੂ ਕੀਤੀ ਗਈ ਯਾਤਰਾ ਰਾਜਸੀ ਡਰਾਮੇ ਤੋਂ ਸਿਵਾਏ ਹੋਰ ਕੁੱਝ ਵੀ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਹੱਦਾਂ `ਤੇ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਅਤੇ ਦੂਜੇ ਪਾਸੇ ਸਖਬੀਰ ਸਿੰਘ ਬਾਦਲ ਕੁਰਸੀ ਹਾਸਿਲ ਕਰਨ ਲਈ ਹਲਕਿਆਂ ਵਿੱਚ ਘੁੰਮਣ ਦੀ ਮੁਹਿੰਮ ਚਲਾ ਰਿਹਾ ਹੈ।

ਢੀਂਡਸਾ ਨੇ ਕਿਹਾ ਕਿ ਨੈਤਿਕ ਆਧਾਰ ਗੁਆਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਦੀ ਪੂਰੀ ਕੋਸਿ਼ਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਸਿਆਸੀ ਹੱਥਕੰਡੇ ਇਸਤੇਮਾਲ ਕਰਕੇ ਮੁੜ ਆਪਣੀ ਸਿਆਸੀ ਧਰਾਤਲ ਸਥਾਪਤ ਕਰਨ ਦੇ ਕੋਝੇ ਯਤਨ ਕਰ ਰਿਹਾ ਹੈ ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀ ਲਗਾਉਣਗੇ ਕਿਉਂਕਿ ਪੰਜਾਬੀਆਂ ਨੇ ਬਾਦਲ ਪਰਿਵਾਰ ਦੇ ਦੋਹਰੇ ਚਿਹਰੇ ਨੂੰ ਪਛਾਣ ਲਿਆ ਹੈ ਅਤੇ ਹੁਣ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਨਹੀ ਆਉਣਗੇ।

Jeeo Punjab Bureau

Leave A Reply

Your email address will not be published.