ਐਨ.ਆਈ.ਆਈ.ਐਫ.ਟੀ. ਜਲੰਧਰ ਵੱਲੋਂ ਐਨ.ਆਈ.ਡੀ. ਅਹਿਮਦਾਬਾਦ ਨਾਲ ਸਮਝੌਤਾ ਸਹੀਬੱਧ

17

ਜੀਓ ਪੰਜਾਬ

ਚੰਡੀਗੜ੍ਹ, 19 ਅਗਸਤ

ਡਿਜ਼ਾਇਨ, ਜੀਵਨਸ਼ੈਲੀ ਤੇ ਫੈਸ਼ਨ ਉਦਯੋਗ, ਨਿਰਮਾਣ ਤਕਨੀਕਾਂ ਅਤੇ ਪ੍ਰਬੰਧਨ ਅਭਿਆਸਾਂ ਦੇ ਨਵੀਨਤਮ ਸਿਧਾਂਤਾਂ ਵਿੱਚ ਸਿੱਖਿਆ, ਖੋਜ ਅਤੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਉਤਪ੍ਰੇਰਕ ਭੂਮਿਕਾ ਨਿਭਾਉਣ ਲਈ, ਐਨ.ਆਈ.ਆਈ.ਐਫ.ਟੀ. ਜਲੰਧਰ ਵੱਲੋਂ ਨੈਸ਼ਨਲ ਇੰਸਟੀਚਿਟ ਆਫ਼ ਡਿਜ਼ਾਈਨ (ਐਨ.ਆਈ.ਡੀ.), ਅਹਿਮਦਾਬਾਦ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਐਨ.ਆਈ.ਆਈ.ਐਫ.ਟੀ. ਅਤੇ ਐਨ.ਆਈ.ਡੀ., ਕਰਵਾਏ ਜਾਣ ਵਾਲੇ ਕੋਰਸਾਂ ਦਾ ਇੱਕ ਵਿਆਪਕ ਢਾਂਚਾ ਤਿਆਰ ਕਰਨ ਦੇ ਨਾਲ ਨਾਲ ਐਨ.ਆਈ.ਆਈ.ਐਫ.ਟੀ. ਜਲੰਧਰ ਕੇਂਦਰ ਵਿਖੇ ਪ੍ਰਸਤਾਵਿਤ ਗਤੀਵਿਧੀਆਂ ਅਤੇ ਵਿਦਿਅਕ ਪ੍ਰੋਗਰਾਮ ਦੇ ਸਫਲਤਾਪੂਰਵਕ ਸੰਚਾਲਨ ਲਈ ਭੌਤਿਕ ਢਾਂਚੇ, ਪਾਠਕ੍ਰਮ, ਸਿੱਖਿਆ ਸ਼ਾਸਤਰ ਅਤੇ ਮਨੁੱਖੀ ਸਰੋਤਾਂ ਦੀ ਜ਼ਰੂਰਤ ਬਾਰੇ ਸਲਾਹ-ਮਸ਼ਵਰੇ ਲਈ ਮਿਲ ਕੇ ਕੰਮ ਕਰਨਗੇ।

ਇਸ ਸਮਝੌਤੇ ਦਾ ਮੁੱਖ ਉਦੇਸ਼ ਮੌਕਿਆਂ ਦੀ ਪਛਾਣ ਕਰਨ ਅਤੇ ਡਿਜ਼ਾਇਨ ਸਿੱਖਿਆ ਪ੍ਰੋਗਰਾਮਾਂ ਦੇ ਪਸਾਰ ਦੇ ਨਜ਼ਰੀਏ ਨਾਲ “ਫੀਸੀਬਿਲੀਟੀ ਰਿਪੋਰਟ ਅਤੇ ਰੋਡ ਮੈਪ” ਤਿਆਰ ਕਰਕੇ ਐਨ.ਆਈ.ਆਈ.ਐਫ.ਟੀ. ਜਲੰਧਰ ਕੇਂਦਰ ਦੇ ਕੰਮਕਾਜ ਦੀ ਸ਼ੁਰੂਆਤ ਕਰਨਾ ਹੈ ਜੋ ਪੰਜਾਬ ਅਤੇ ਇਸ ਖੇਤਰ ਵਿੱਚ ਉਦਯੋਗ ਦੇ ਤਰਜੀਹੀ ਸੈਕਟਰਾਂ ਵਿੱਚ ਸਹਾਇਤਾ ਕਰ ਸਕਦਾ ਹੈ।

ਐਨ.ਆਈ.ਆਈ.ਐਫ.ਟੀ., ਜਲੰਧਰ ਵਿਖੇ ਆਪਣੇ ਅਤਿ ਆਧੁਨਿਕ ਕੈਂਪਸ ਨਾਲ ਤਿਆਰ ਹੈ ਅਤੇ ਇਸ ਨੇ ਅਕਾਦਮਿਕ ਸੈਸ਼ਨ 2021-22 ਲਈ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮਾਨਤਾ ਹਾਸਲ ਕੀਤੀ ਹੈ। 

ਐਨ.ਆਈ.ਆਈ.ਐਫ.ਟੀ. ਜਲੰਧਰ ਕੈਂਪਸ ਇੱਕ ਆਧੁਨਿਕ “ਫੈਸ਼ਨ ਸ਼ੂ” ਦੇ ਰੂਪ ਵਿੱਚ ਬਣਾਇਆ ਅਤੇ ਡਿਜ਼ਾਈਨ ਕੀਤਾ ਗਿਆ ਹੈ ਜੋ “ਡਿਜ਼ਾਈਨ” ਅਤੇ “ਡਿਜ਼ਾਈਨ ਸਿੱਖਿਆ” ਦੇ ਪ੍ਰਭਾਵਾਂ, ਪ੍ਰੇਰਣਾ, ਨਵੀਨਤਾ ਅਤੇ ਮਹੱਤਤਾ ਨੂੰ ਦਰਸਾਉਂਦਾ ਹੈ। ਕੈਂਪਸ ਆਧੁਨਿਕ ਬੁਨਿਆਦੀ ਢਾਂਚੇ, ਉਪਕਰਨਾਂ, ਤਕਨਾਲੋਜੀ ਅਤੇ ਲੈਬਾਂ ਨਾਲ ਲੈਸ ਹੈ।

ਇਹ ਖੋਜ ਅਤੇ ਸਮਝੌਤਾ ਉਦਯੋਗ ਦੀਆਂ ਵਧਦੀਆਂ ਜ਼ਰੂਰਤਾਂ ਅਨੁਸਾਰ “ਡਿਜ਼ਾਈਨ ਸਿੱਖਿਆ” ਦੇ ਵਿਕਾਸ ਵਿੱਚ ਸਹਾਇਤਾ ਕਰੇਗਾ। 

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਅਤਿ ਆਧੁਨਿਕ ਸੰਸਥਾ ਨੂੰ ਸਥਾਪਤ ਕਰਨ ਪਿੱਛੇ ਦਾ ਦ੍ਰਿਸ਼ਟੀਕੋਣ ਸਰਬੋਤਮ ਹੁਨਰ, ਤਕਨਾਲੋਜੀ ਅਤੇ ਪ੍ਰਬੰਧਨ ਸਿੱਖਿਆ ਪ੍ਰਦਾਨ ਕਰਨਾ ਹੈ।

ਇਹ ਖੋਜ ਰਿਪੋਰਟ ਸੰਸਥਾਗਤ ਢਾਂਚੇ, ਵਿਕਾਸ ਯੋਜਨਾ ਅਤੇ ਗਤੀਵਿਧੀਆਂ ਲਈ ਰੂਪਰੇਖਾ ਨੂੰ ਸਪੱਸ਼ਟ ਕਰੇਗੀ ਅਤੇ ਇਸ ਨੂੰ ਐਨ.ਆਈ.ਆਈ.ਐਫ.ਟੀ. ਦੇ ਮੋਹਾਲੀ ਅਤੇ ਲੁਧਿਆਣਾ ਕੇਂਦਰਾਂ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ।

Jeeo Punjab Bureau

Leave A Reply

Your email address will not be published.