ਸੁਮੇਧ ਸਿੰਘ ਸੈਣੀ ਦੀ ਬੇਸ਼ੁਮਾਰ ਸੰਪਤੀ’ ਦੇ ਮਾਮਲੇ ਵਿੱਚ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੈਣੀ ਨੂੰ ਪਾਈ ਝਾੜ

27

ਜੀਓ ਪੰਜਾਬ

ਚੰਡੀਗੜ੍ਹ, 18 ਅਗਸਤ

ਪੰਜਾਬ ਦੇ ‘ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਬੇਸ਼ੁਮਾਰ ਸੰਪਤੀ’ ਦੇ ਮਾਮਲੇ ਵਿੱਚ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਮੇਧ ਸੈਣੀ ਨੂੰ ਝਾੜ ਪਾਈ। ਦਰਅਸਲ, ਸੈਣੀ ਨੇ ਅਦਾਲਤ ਨੂੰ ਕਿਹਾ ਸੀ ਕਿ ਵਿਜੀਲੈਂਸ ਕੋਈ ਵੀ ਨਵੀਂ ਧਾਰਾ ਜੋੜਨ ਤੋਂ ਪਹਿਲਾਂ ਹਾਈ ਕੋਰਟ ਦੀ ਇਜਾਜ਼ਤ ਲਾਜ਼ਮੀ ਤੌਰ ’ਤੇ ਲਿਆ ਕਰੇ। ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਵਾਰ -ਵਾਰ ਅਰਜ਼ੀਆਂ ਦਾਇਰ ਕਰਕੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਹੱਦ ਦੇ ਅੰਦਰ ਰਹਿਣਾ ਚਾਹੀਦਾ ਹੈ। ਹਾਈ ਕੋਰਟ ਦੇ ਇਸ ਸਟੈਂਡ ਤੋਂ ਬਾਅਦ ਸੈਣੀ ਨੇ ਆਪਣੀ ਅਰਜ਼ੀ ਵਾਪਸ ਲੈ ਲਈ।

ਬੇਸ਼ੁਮਾਰ ਸੰਪਤੀ ਦੇ ਮਾਮਲੇ ਵਿੱਚ ਹਾਈ ਕੋਰਟ ਨੇ 12 ਅਗਸਤ ਨੂੰ ਸੁਮੇਧ ਸਿੰਘ ਸੈਣੀ ਨੂੰ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਹ ਆਪਣਾ ਪਾਸਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾ ਦੇਣ ਅਤੇ ਦੇਸ਼ ਛੱਡ ਕੇ ਨਾ ਜਾਣ। ਵਿਜੀਲੈਂਸ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤ ਦੀਪ ਸਿੰਘ, ਉਨ੍ਹਾਂ ਦੇ ਪਿਤਾ ਸੁਰੇਂਦਰ ਸਿੰਘ ਜਸਪਾਲ, ਅਜੈ ਕੌਸ਼ਲ, ਪ੍ਰਦੁਮਨ ਸਿੰਘ, ਪਰਮਜੀਤ ਸਿੰਘ, ਅਮਿਤ ਸਿੰਗਲਾ ਨੂੰ ਬੇਸ਼ੁਮਾਰ ਸੰਪਤੀ ਬਣਾਉਣ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੀ ਨਾਮਜ਼ਦ ਕੀਤਾ ਸੀ।

ਸੁਮੇਧ ਸੈਣੀ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਦਿਆਂ ਕਿਹਾ ਸੀ ਕਿ ਅੰਤ੍ਰਿਮ ਜ਼ਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਆਪਣੀ ਰਣਨੀਤੀ ਬਦਲ ਰਹੀ ਹੈ ਅਤੇ ਐਫਆਈਆਰ (FIR) ਵਿੱਚ ਨਵੀਆਂ ਧਾਰਾਵਾਂ ਜੋੜ ਕੇ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਹਾਈ ਕੋਰਟ ਨੂੰ ਇਹ ਅਪੀਲ ਵੀ ਕੀਤੀ ਸੀ ਕਿ ਜੇ ਵਿਜੀਲੈਂਸ ਬਿਊਰੋ ਉਨ੍ਹਾਂ ਵਿਰੁੱਧ ਕਾਰਵਾਈ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਹਾਈ ਕੋਰਟ ਦੀ ਇਜਾਜ਼ਤ ਲੈਣੀ ਚਾਹੀਦੀ ਹੈ।

ਸੈਣੀ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਸਖ਼ਤ ਝਾੜ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਅੰਤ੍ਰਿਮ ਜ਼ਮਾਨਤ ਮਿਲ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਵਾਰ -ਵਾਰ ਨਵੀਆਂ ਮੰਗਾਂ ਕਰ ਕੇ ਨਿਆਂਇਕ ਪ੍ਰਕਿਰਿਆ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਹਾਈ ਕੋਰਟ ਦਾ ਅਜਿਹਾ ਸਟੈਂਡ ਵੇਖਦਿਆਂ ਸੁਮੇਧ ਸੈਣੀ ਨੇ ਆਪਣੀ ਅਰਜ਼ੀ ਵਾਪਸ ਲੈ ਲਈ।

Jeeo Punjab Bureau

Leave A Reply

Your email address will not be published.