Haiti Earthquake: ਦੇਸ਼ ਹੈਤੀ ਵਿੱਚ ਆਏ ਭੂਚਾਲ ਕਾਰਨ 1297 ਲੋਕਾਂ ਦੀ ਮੌਤ ਅਤੇ 2, 800 ਤੋਂ ਵੱਧ ਜ਼ਖਮੀ

ਜੀਓ ਪੰਜਾਬ

ਪੋਰਟ-ਓ-ਪ੍ਰਿੰਸ(ਹੈਤੀ), 16ਅਗਸਤ

ਕੈਰੇਬੀਅਨ ਦੇਸ਼ ਹੈਤੀ ਵਿੱਚ ਕੱਲ ਇੱਕ ਭੂਚਾਲ ਆਇਆ, ਜਿਸ ਵਿੱਚ 1297 ਲੋਕ ਮਾਰੇ ਗਏ ਤੇ 2, 800 ਤੋਂ ਵੱਧ ਜ਼ਖਮੀ ਹੋਏ। ਭੂਚਾਲ ਕਾਰਨ ਵੱਡੀ ਗਿਣਤੀ ਵਿੱਚ ਰਿਹਾਇਸ਼ੀ ਮਕਾਨ ਅਤੇ ਹੋਰ ਇਮਾਰਤਾਂ ਤਬਾਹ ਹੋ ਗਈਆਂ ਹਨ। ਪ੍ਰਧਾਨ ਮੰਤਰੀ ਏਰੀਅਲ ਹੈਨਰੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਇੱਕ ਸਾਬਕਾ ਸੰਸਦ ਮੈਂਬਰ ਨੇ ਜਹਾਜ਼ਾਂ ਨੂੰ ਕਿਰਾਏ ‘ਤੇ ਲੈ ਕੇ ਜ਼ਖਮੀਆਂ ਨੂੰ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਹਸਪਤਾਲਾਂ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਰਿਕਟਰ ਪੈਮਾਨੇ ‘ਤੇ 7.2 ਦੀ ਤੀਬਰਤਾ ਵਾਲੇ ਭੂਚਾਲ ਨੇ ਦੇਸ਼ ਦਾ ਚਿਹਰਾ ਹੀ ਬਦਲ ਕੇ ਰੱਖ ਦਿੱਤਾ ਹੈ। ਪੂਰਾ ਦੇਸ਼ ਮਲਬੇ ਦੇ ਢੇਰ ਵਿੱਚ ਬਦਲਦਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਹਰ ਪਾਸੇ ਚੀਕ -ਚਿਹਾੜਾ ਪਿਆ ਹੋਇਆ ਹੈ।


ਹੈਤੀ ਵਿੱਚ ਸੈਂਕੜੇ ਲੋਕ ਮਲਬੇ ਦੇ ਢੇਰ ਹੇਠ ਫਸੇ ਹੋਏ ਹਨ, ਬਚਾਅ ਟੀਮਾਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਲੱਖਾਂ ਲੋਕ ਖੁੱਲ੍ਹੇ ਵਿੱਚ ਹਨ ਕਿਉਂਕਿ ਵੱਡੀ ਗਿਣਤੀ ਵਿੱਚ ਘਰ ਅਤੇ ਇਮਾਰਤਾਂ ਤਬਾਹ ਹੋ ਗਈਆਂ ਹਨ। ਕੋਵਿਡ-19 ਮਹਾਂਮਾਰੀ, ਕੁਝ ਸਮਾਂ ਪਹਿਲਾਂ ਰਾਸ਼ਟਰਪਤੀ ਦੀ ਹੱਤਿਆ ਦੁਆਰਾ ਪੈਦਾ ਹੋਈ ਰਾਜਨੀਤਿਕ ਅਸਥਿਰਤਾ ਅਤੇ ਅਤਿ ਗਰੀਬੀ ਦੇ ਵਿਚਕਾਰ ਇਸ ਭੂਚਾਲ ਦੇ ਕਾਰਨ ਹੈਤੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਦੇ ਤੱਟੀ ਇਲਾਕਿਆਂ ਵਿੱਚ ਤੂਫਾਨ ਆਉਣ ਦੀ ਭਵਿੱਖਬਾਣੀ ਵੀ ਕੀਤੀ ਹੈ। ਕੁਝ ਖੇਤਰਾਂ ਵਿੱਚ ਤੂਫਾਨ ਤੋਂ ਪਹਿਲਾਂ ਮੀਂਹ ਅਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ।

Jeeo Punjab Bureau

Leave A Reply

Your email address will not be published.