ਮਾਰੂ ਬਿਜਲੀ ਸਮਝੌਤਿਆਂ ਬਾਰੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਤੋਂ ਬਾਜ ਆਉਣ ਕੈਪਟਨ ਅਤੇ ਨਵਜੋਤ ਸਿੱਧੂ: ਹਰਪਾਲ ਸਿੰਘ ਚੀਮਾ

44

ਜੀਓ ਪੰਜਾਬ

ਚੰਡੀਗੜ੍ਹ, 13 ਅਗਸਤ

‘ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੇ ਮੁੱਦੇ ‘ਤੇ ਸਰਕਾਰ ਅਤੇ ਸੱਤਾਧਾਰੀ ਕਾਂਗਰਸ ਨੇ ਜਨਤਾ ਨੂੰ ਗੁੰਮਰਾਹ ਕਰਨ ਦੇ ਨਵੇਂ ਪੈਂਤਰੇ ਖੇਡਣੇ ਸ਼ੁਰੂ ਕਰ ਦਿੱਤੇ ਹਨ।’ ਆਮ ਆਦਮੀ ਪਾਰਟੀ ਸੱਤਾਧਾਰੀ ਕਾਂਗਰਸੀਆਂ ਦੇ ਇਸ ਢੌਂਗ ਦਾ ਅਗਲੇ ਹਫ਼ਤੇ ਤੱਥਾਂ ਅਤੇ ਦਸਤਾਵੇਜ਼ੀ ਸਬੂਤਾਂ ਨਾਲ ਪਰਦਾਫ਼ਾਸ਼ ਕਰੇਗੀ। ਜਿਸ ਦਾ ਜਵਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ- ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ਦੀ ਜਨਤਾ ਨੂੰ ਇਮਾਨਦਾਰੀ ਨਾਲ ਦੇਣਾ ਪਵੇਗਾ। ਸੱਤਾਧਾਰੀ ਕਾਂਗਰਸ ‘ਤੇ ਇਹ ਦੋਸ਼ ਲਾਉਂਦੇ ਹੋਏ ਇਹ ਚਣੌਤੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਿੱਤੀ ਹੈ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਮਾਰੂ ਬਿਜਲੀ ਸਮਝੌਤਿਆਂ (ਪੀ.ਪੀ.ਏਜ਼)  ਬਾਰੇ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਕਈ ਸਾਲਾਂ ਤੋਂ ਕਈ ਪੜਾਵਾਂ ਤਹਿਤ ਪਿੰਡਾਂ ਅਤੇ ਸ਼ਹਿਰਾਂ ‘ਚ ਵਿੱਡੀ ਯੋਜਨਾਬੱਧ ਮੁਹਿੰਮ ਨੇ ਪੰਜਾਬ ਦੇ ਹਰ ਵਰਗ ਨੂੰ ਜਾਗਰੂਕ ਕਰਨ ‘ਚ ਵੱਡੀ ਭੂਮਿਕਾ ਨਿਭਾਈ। ਮਹਿੰਗੀ ਬਿਜਲੀ ਅਤੇ ਲੋਟੂ ਸਮਝੌਤੇ ਵੱਡੇ ਮੁੱਦੇ ਵਜੋਂ ਉਭਰੇ। ਬਿਜਲੀ ਮਾਫੀਆ ਦੀ ਅੰਨੀ ਲੁੱਟ ਤੋਂ ਤ੍ਰਾਹ- ਤ੍ਰਾਹ ਕਰਦੀ ਜਨਤਾ ਅਤੇ ਵਿਰੋਧੀ ਧਿਰ ਦੇ ਦਬਾਅ ਨੇ ਸਰਕਾਰ ਨੂੰ ਝੰਜੋੜਿਆਂ, ਤਾਂ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀ.ਪੀ.ਏਜ਼ ਰੱਦ ਕਰਨ ਲਈ ਪੀਐਸਪੀਸੀਐਲ ਨੂੰ ਚਿੱਠੀਆਂ ਲਿਖਣ ਲਈ ਮਜ਼ਬੂਰ ਹੋਏ ਅਤੇ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਦੇ ਆਉਂਦੇ ਇਜਲਾਸ ‘ਚ ਸਮਝੌਤੇ  ਰੱਦ ਕਰਨ ਦਾ ਢੰਡੋਰਾ ਪਿੱਟਣਾ ਸ਼ੁਰੂ ਕੀਤਾ ਹੈ, ਪਰ ਅਸਲੀਅਤ ‘ਚ ਇਹ ਸਭ ਵੀ ਢੌਂਗ ਹੈ ਅਤੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਝੀ ਚਾਲ ਹੈ, ਕਿਉਂਕਿ 2022 ਦੀਆਂ ਆਮ ਚੋਣਾ ‘ਚ ਪੰਜਾਬ ਦੀ ਜਨਤਾ ਬਾਕੀ ਭਖਵੇਂ ਮੁੱਦਿਆਂ ਦੇ ਨਾਲ- ਨਾਲ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਵੀ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ ਪੱਕਾ ਮਨ ਬਣਾ ਚੁੱਕੀ ਹੈ।

ਚੀਮਾ ਨੇ ਕਿਹਾ ਕਿ ਇਸੇ ਚਾਲ ਦੇ ਤਹਿਤ ਨੈਸ਼ਨਲ ਪਾਵਰ ਥਰਮਲ ਕਾਰਪੋਰੇਸ਼ਨ (ਐਨਟੀਪੀਸੀ) ਦੀ ਸਰਪ੍ਰਸਤੀ ਵਾਲੇ ਅੰਤਾ, ਔਰਯਾ ਅਤੇ ਦਾਦਰੀ ਪਾਵਰ ਸਟੇਸ਼ਨਾਂ ਨਾਲ ਤਿੰਨ ਬਿਜਲੀ ਸਮਝੌਤੇ ਰੱਦ ਕਰਕੇ ਇਹ ਪ੍ਰਚਾਰ ਅਤੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਵੇਂ ਸਰਕਾਰ ਨੇ ਚਰਚਿਤ ਤਿੰਨ ਲੋਟੂ ਥਰਮਲ ਪਲਾਂਟਾਂ (ਰਾਜਪੁਰਾ, ਗੋਇੰਦਵਾਲ ਸਾਹਿਬ, ਤਲਵੰਡੀ ਸਾਬੋ) ਨਾਲ ਹੋਏ ਸਮਝੌਤੇ ਰੱਦ ਕੀਤੇ ਹੋਣ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਮਹਿੰਗੇ ਬਿਜਲੀ ਸਮਝੌਤੇ ਰੱਦ ਜਾਂ ਰਿਵਿਊ ਕਰਾਉਣ ਲਈ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਸਾਲਾਂ ਤੋਂ ਜੱਦੋਜ਼ਹਿਦ ਕਰਦੀ ਆ ਰਹੀ ਹੈ। ਪਾਰਟੀ ਇਸ ਗੱਲ ਲਈ ਜਨਤਾ ਦਾ ਧੰਨਵਾਦ ਕਰਦੀ ਹੈ ਕਿ ਲੋਕਾਂ ਨੇ ‘ਆਪ’ ਵੱਲੋਂ ਗੰਭੀਰਤਾ ਨਾਲ ਉਠਾਏ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਸਮਝਿਆ ਅਤੇ ਸਰਕਾਰੀ ਸਰਪ੍ਰਸਤੀ ਹੇਠ ਚਲਦੇ ਬਿਜਲੀ ਮਾਫ਼ੀਆ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਅਤੇ ਕਾਂਗਰਸੀਆਂ ਸਮੇਤ ਬਾਦਲ ਐਂਡ ਕੰਪਨੀ ਨੂੰ ਕਟਹਿਰੇ ‘ਚ ਖੜਾ ਕੀਤਾ। ਚੀਮਾ ਨੇ ਕਿਹਾ ਕਿ ਦਬਾਅ ਦੀ ਬਦੌਲਤ ਅੱਜ ਸਾਢੇ ਚਾਰ ਸਾਲਾਂ ਬਾਅਦ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵੇਂ- ਨਵੇਂ ਕਾਂਗਰਸ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਮੰਨੇ ਹਨ ਕਿ ਨਿੱਜੀ ਕੰਪਨੀਆਂ ਨਾਲ ਕੀਤੇ ਇੱਕਪਾਸੜ ਸਮਝੌਤੇ ਪੰਜਾਬ ਅਤੇ ਲੋਕਾਂ ਨੂੰ ਵਿੱਤੀ ਤੌਰ ‘ਤੇ ਲੁੱਟ ਰਹੇ ਹਨ।

ਇਸ ਦੇ ਬਾਵਜੂਦ ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਦੀ ਵੇਦਾਤਾਂ, ਜੀਬੀਟੀ ਅਤੇ ਐਲ.ਐਡ.ਟੀ ਸਮੇਤ ਬਿਕਰਮ ਸਿੰਘ ਮਜੀਠੀਆਂ ਅਤੇ ਹੋਰ ਸਿਆਸੀ ਰਸੂਖ਼ਦਾਰਾਂ ਨਾਲ ਕੀਤੇ ਹੋਏ ਬੇਹੱਦ ਮਹਿੰਗੇ ਬਿਜਲੀ ਸਮਝੌਤਿਆਂ ਬਾਰੇ ਸਾਫ਼ ਸਪੱਸ਼ਟ ਨੀਅਤ ਅਤੇ ਨੀਤੀ ਨਹੀਂ ਰੱਖਦੇ।

ਚੀਮਾ ਨੇ ਦੁਹਰਾਇਆ ਕਿ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਬਾਰੇ ਆਮ ਆਦਮੀ ਪਾਰਟੀ ਅਗਲੇ ਹਫ਼ਤੇ ਤੱਥਾਂ ਅਤੇ ਸਬੂਤਾਂ ਨਾਲ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਬਾਦਲ- ਮਜੀਠੀਏ ਦਾ ਲੋਕਾਂ ਸਾਹਮਣੇ ਪਰਦਾਫ਼ਾਸ ਕਰੇਗੀ।

Jeeo Punjab Bureau

Leave A Reply

Your email address will not be published.