Punjab and Haryana High Court ਨੇ 12 ਲੱਖ ਟ੍ਰਾਮਾਡੋਲ ਗੋਲੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ

46

ਜੀਓ ਪੰਜਾਬ

ਚੰਡੀਗੜ੍ਹ, 5 ਅਗਸਤ

ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਪੰਜਾਬ ਦੇ ਅਧਿਕਾਰੀ ਜਾਣਬੁੱਝ ਕੇ ਨਸ਼ਾ ਤਸਕਰਾਂ ਦਾ ਬਚਾਅ ਕਰ ਰਹੇ ਹਨ। ਇਸ ਸਖਤ ਟਿੱਪਣੀ ਦੇ ਨਾਲ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਨਾ ਕਰਨ ਦੇ ਲਈ 12 ਲੱਖ ਟ੍ਰਾਮਾਡੋਲ ਗੋਲੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਹੈ। ਸੀਬੀਆਈ ਨੂੰ 28 ਅਕਤੂਬਰ ਨੂੰ ਪੇਸ਼ੀ ‘ਤੇ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਹਾਈ ਕੋਰਟ ਨੇ ਕਿਹਾ ਕਿ ਦਸੰਬਰ 2019 ਨੂੰ ਫੂਡ ਐਂਡ ਡਰੱਗ ਵਿਭਾਗ ਨੇ ਅੰਮ੍ਰਿਤਸਰ ਤੋਂ 12 ਲੱਖ ਟ੍ਰਾਮਾਡੋਲ ਗੋਲੀਆਂ ਜ਼ਬਤ ਕੀਤੀਆਂ ਸਨ। ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਇਹ ਪਾਬੰਦੀਸ਼ੁਦਾ ਦਵਾਈ ਸੀ ਅਤੇ ਐਨਡੀਪੀਐਸ ਦਾ ਕੇਸ ਦਰਜ ਹੋਣਾ ਚਾਹੀਦਾ ਸੀ। ਹਲਫਨਾਮੇ ਵਿੱਚ ਵੀ ਪੰਜਾਬ ਦੇ ਅਧਿਕਾਰੀਆਂ ਵੱਲੋਂ 12 ਲੱਖ ਟ੍ਰਾਮਾਡੋਲ ਦੇ ਬੈਚ ਨੰਬਰ ਦਾ ਖੁਲਾਸਾ ਨਹੀਂ ਕੀਤਾ ਅਤੇ ਨਾ ਹੀ ਇਹ ਦੱਸਿਆ ਕਿ ਇੰਨੀਆਂ ਗੋਲੀਆਂ ਕਿੱਥੇ ਗਈਆਂ।

ਹਾਈਕੋਰਟ ਨੇ ਇਸ ‘ਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਨਾ ਸਿਰਫ ਵੱਡੀ ਲਾਪਰਵਾਹੀ ਹੈ, ਬਲਕਿ ਪੰਜਾਬ ਪੁਲਿਸ ਅਤੇ ਡਰੱਗ ਕੰਟਰੋਲਰ ਨੇ ਇਸ ਮਾਮਲੇ’ ਚ ਕੁਝ ਨਹੀਂ ਕੀਤਾ ਹੈ। ਇਹ ਕੋਈ ਆਮ ਕੇਸ ਨਹੀਂ ਹੈ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਐਨਡੀਪੀਐਸ ਕੇਸਾਂ ਦੀ ਪੰਜਾਬ ਵਿੱਚ ਸਹੀ ਤਰੀਕੇ ਨਾਲ ਜਾਂਚ ਨਹੀਂ ਹੋ ਰਹੀ ਹੈ।

ਹਾਈ ਕੋਰਟ ਨੇ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਕੇਸਾਂ ਵਿੱਚ ਝੂਠੇ ਫਸਾਉਣ ਦੇ ਮਾਮਲੇ ਵਧ ਰਹੇ ਹਨ। ਆਮ ਤੌਰ ‘ਤੇ ਡਰੱਗ ਸਪਲਾਈ ਕਰਨ ਵਾਲੇ ਫੜੇ ਜਾਂਦੇ ਹਨ ਪਰ ਇਹ ਡਰੱਗ ਕਿੱਥੋਂ ਆ ਰਹੀ ਹੈ ਅਤੇ ਇਸ ਦਾ ਸਰਗਣਾ ਕੌਣ ਹੈ, ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲਦਾ ਤੇ ਫਿਰ ਦੋਸ਼ੀ ਬਰੀ ਹੋ ਜਾਂਦੇ ਹਨ।

ਔਸਤਨ ਹਾਈ ਕੋਰਟ ਤੱਕ ਪਹੁੰਚਣ ਵਾਲੇ ਅਜਿਹੇ 10 ਵਿੱਚੋਂ 8 ਕੇਸ ਪੰਜਾਬ ਦੇ ਹਨ। ਇਸ ਟਿੱਪਣੀ ਤੋਂ ਬਾਅਦ ਹਾਈ ਕੋਰਟ ਨੇ 12 ਲੱਖ ਟ੍ਰਾਮਾਡੋਲ ਗੋਲੀਆਂ ਜ਼ਬਤ ਕਰਨ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਹਾਈਕੋਰਟ ਨੇ ਸੀਬੀਆਈ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੇਖੇ ਕਿ ਕੀ ਇਸ ਜ਼ਬਤ ਕੀਤੇ ਗਏ ਨਸ਼ੇ ਦੀ ਮਦਦ ਨਾਲ ਕਿਸੇ ਨੂੰ ਫਰਜ਼ੀ ਮਾਮਲੇ ਵਿੱਚ ਫਸਾਇਆ ਤਾਂ ਨਹੀਂ ਗਿਆ ਹੈ। ਜੇਕਰ ਕੋਈ ਅਧਿਕਾਰੀ ਇਸ ਵਿੱਚ ਸ਼ਾਮਲ ਹੈ ਤਾਂ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

Jeeo Punjab Bureau

Leave A Reply

Your email address will not be published.