Navjot Sidhu ਦੱਸੇ ਕਿ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਮਗਰੋਂ ਰੇਤ ਤੇ ਸ਼ਰਾਬ ਮਾਫੀਆ ਦੀ ਪੁਸ਼ਤ ਪਨਾਹੀ ਕਿਉਂ ਕਰ ਰਿਹੈ : ਬਿਕਰਮ ਸਿੰਘ ਮਜੀਠੀਆ

47

ਜੀਓ ਪੰਜਾਬ

ਚੰਡੀਗੜ, 2 ਅਗਸਤ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਨਵਜੋਤ ਸਿੱਧੂ ਨੁੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਪ੍ਰਧਾਨ ਬਣਨ ਮਗਰੋਂ ਰੇਤ ਤੇ ਸ਼ਰਾਬ ਮਾਫੀਆ ਨੂੰ ਅਨੇਕਾਂ ਮੌਤਾਂ ਲਈ ਤੇ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਲਈ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਉਹਨਾਂ ਦੀ ਪੁਸ਼ਤ ਪਨਾਹੀ ਕਿਉਂ ਕਰ ਰਹੇ ਹਨ।

ਅਕਾਲੀ ਆਗੂ ਇਥੇ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ ਜਿਥੇ ਆਜ਼ਾਦ ਕੌਂਸਲਰ ਨਿਰਮਲ ਕੌਰ ਤੇ ਐਸ ਓ ਆਈ ਦੇ ਸਾਬਕਾ ਆਗੂ ਸਿਮਰਨ ਢਿੱਲੋ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਹਨਾਂ ਨੇ ਢਿੱਲੋਂ ਪਰਿਵਾਰ ਨੁੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਮਿਲਣ ਦਾ ਭਰੋਸਾ ਦੁਆਇਆ ਤੇ ਕਿਹਾ ਕਿ ਉਹਨਾਂ ਦੀ ਵਾਪਸੀ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਯੁਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਸਰਪ੍ਰਸਤ ਭੀਮ ਵੜੈਚ ਤੇ ਪ੍ਰਧਾਨ ਰੋਬਿਨ ਬਰਾੜ ਵੀ ਮੌਜੂਦ ਸਨ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਨਵਜੋਤ ਸਿੱਧੂ ਨੇ ਰੇਤ ਤੇ ਸ਼ਰਾਬ ਮਾਫੀਆ ਨੁੰ ਅਪਣਾਇਆ, ਉਹ ਨਿੰਦਣਯੋਗ ਹੈ ਖਾਸ ਤੌਰ ’ਤੇ ਜਦੋਂ ਉਸਨੇ ਪਹਿਲਾਂ ਇਹਨਾਂ ਦੇ ਖਿਲਾਫ ਕੰਮ ਕਰਨ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਕਿ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ ਤੇ ਗੁਰਕੀਰਤ ਕੋਟਲੀ ਸਮੇਤ ਇਸ ਮਾਫੀਆ ਤੇ ਇਸਦੀ ਸਰਪ੍ਰਸਤੀ ਕਰਨ ਵਾਲੇ ਹੁਣ ਸਿੱਧੂ ਦੇ ਸਭ ਤੋਂ ਵੱਡੇ ਸਮਰਥਕ ਬਣ ਗਏ ਹਲ। ਉਹਨਾਂ ਕਿਹਾ ਕਿ ਮਾਫੀਆ ਨੇ ਪ੍ਰਦੇਸ਼ ਕਾਂਗਰਸ ਦਾ ਚੰਡੀਗੜ੍ਹ ਵਿਚਲਾ ਦਫਤਰ ਚ ਲਾਉਣ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਹੈ ਤੇ ਇਸੇ ਲਈ ਸਿੱਧੂ ਕਾਂਗਰਸ ਦੀਆਂ ਸਟੇਜਾਂ ਤੋਂ ਮਾਫੀਆ ਦਾ ਧੰਨਵਾਦ ਕਰਦੇ ਨਜ਼ਰੀਂ ਪੈਂਦੇ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਦੋਂ ਉਹਨਾਂ ਤੋਂ ਕਾਂਗਰਸ ਸਰਕਾਰ ਵੱਲੋਂ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਕਾਂਗਰਸ ਸਰਕਾਰ ਵੱਲੋਂ 590 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਯੋਜਨਾ ਦੇ ਕੀਤੇ ਐਲਾਨ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਐਲਾਨ ਪਹਿਲਾਂ ਹੀ ਅਫਵਾਹ ਸਾਬਤ ਹੋ ਗਿਆ ਹੈ। ਉਹਨਾਂ ਕਿਹਾ ਕਿ ਕੋਈ ਵੀ ਮੁਆਫੀ ਦੇਣ ਤੋਂ ਪਹਿਲਾਂ ਸਰਕਾਰ ਨੇ ਇਸ ਲਈ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਹਨ ਜਿਸ ਨਾਲ 2.85 ਲੱਖ ਲਾਭਪਾਤਰੀਆਂ ਵਿਚੋਂ ਬਹੁ ਗਿਣਤੀ ਅਯੋਗ ਹੋ ਜਾਣਗੇ। ਉਹਨਾਂ ਕਿਹਾ ਕਿ ਹੁਣ ਹੋਰ ਅਜਿਹੀਆਂ ਸ਼ਰਤਾਂ ਆ ਗਈਆਂ ਹਨ ਕਿ ਲਾਭਪਾਤਰੀ ਨੇ ਇਕ ਰੁਪਿਆ ਵੀ ਵਾਪਸੀ ਨਾ ਕੀਤੀ ਹੋਵੇ ਤੇ ਅਜਿਹੀਆਂ ਹੀ ਗੱਲਾਂ ਸਕੀਮ ਦੇ ਫਾਈਨ ਪ੍ਰਿੰਟ ਵਿਚ ਯਾਨੀ ਖਰੜੇ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਇਹ ਕੋਈ ਯੋਜਨਾ ਨਹੀਂ ਬਲਕਿ ਅਫਵਾਹ ਹੈ ਜੋ ਕਾਂਗਰਸ ਪਾਰਟੀ ਵੱਲੋਂ ਸੂਬੇ ਵਿਚ ਸਰਕਾਰ ਬਣਾਉਣ ਤੋਂ ਸਾਢੇ ਚਾਰ ਸਾਲਾਂ ਬਾਅਦ ਫੈਲਾਈ ਜਾ ਰਹੀ ਹੈ।

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ ਕੇਜਰੀਵਾਲ ਬਾਰੇ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਉਹਨਾਂ ਨੁੰ ‘ਸਰਕਲ ਕਾ ਖਿਲਾੜੀ’ ਕਰਾਰ ਦਿੱਤਾ ਤੇ ਕਿਹਾ ਕਿ ਕੇਜਰੀਵਾਲ ਪਹਿਲਾਂ ਹੀ ਪੰਜਾਬ ਅਤੇ ਇਸਦੇ ਨਾਲ ਸਬੰਧਤ ਸੰਵੇਦਨਸ਼ੀਨ ਮਾਮਲਿਆਂ ’ਤੇ ਦੋਗਲੇ ਮਾਪਦੰਡ ਅਪਣਾ ਕੇ ਬੇਨਕਾਬ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਪਹਿਲਾਂ ਆਪ ਮੁਖੀ ਪੰਜਾਬਦੇ ਹੱਕ ਵਿਚ ਸਤਲੁਜ ਯਮੁਨਾ Çਲੰਕ ਨਹਿਰ ਦੇ ਮਾਮਲੇ ’ਤੇ ਹੰਝੂ ਕੇਰ ਰਹੇ ਸਨ ਪਰ ਬਾਅਦ ਵਿਚ ਉਹਨਾਂ ਅਦਾਲਤ ਵਿਚ ਹਲਫੀਆ ਬਿਆਨ ਦੇ ਕੇ ਕਿਹਾ ਕਿ ਪੰਜਾਬ ਕੋਲੋਂ ਦਿੱਲੀ ਤੇ ਹਰਿਆਣਾ ਨੂੰ ਵੀ ਪਾਣੀ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਕੇਜਰੀਵਾਲ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਅਤੇ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ ਆਪਣਾ ਅਸਲ ਚੇਹਰਾ ਵਿਖਾ ਦਿੱਤਾ ਹੈ।

ਜਦੋਂ ਉਹਨਾਂ ਨੁੰ ਆਪ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਬਾਰੇ ਪੁੱਛਿਆ ਗਿਆ ਤਾਂ ਅਕਾਲੀ ਆਗੂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਸ਼ਰਤਾਂ ਨਾਲ 200 ਯੁਨਿਟ ਮੁਫਤ ਬਿਜਲੀ ਮਿਲ ਰਹੀ ਹੈ ਜੋ 1000 ਕਰੋੜ ਰੁਪਏ ਦੀ ਬਣਦੀ ਹੈ ਜਦਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨੁੰ 10600 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਐਨ ਕੇ ਸ਼ਰਮਾ, ਬੀਬੀ ਪਰਮਜੀਤ ਕੌਰ ਲਾਂਡਰਾ ਤੇ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਵੀ ਹਾਜ਼ਰ ਸਨ।

Jeeo Punjab Bureau

Leave A Reply

Your email address will not be published.