Capt. Amarinder Singh ਨੂੰ ਚੋਣਾਂ ਸਿਰ `ਤੇ ਵੇਖ ਦਲਿਤਾਂ ਦੀ ਆਈ ਯਾਦ, ਸਰਕਾਰ ਨੇ ਕਦੇ ਆਪਣੇ ਦਲਿਤ ਵਿਧਾਇਕਾਂ ਤੱਕ ਦੀ ਨਹੀ ਲਈ ਸਾਰ

ਜੀਓ ਪੰਜਾਬ

ਚੰਡੀਗੜ੍ਹ, 30 ਜੁਲਾਈ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੈਬਨਿਟ ਵਿੱਚ ਬਿੱਲ ਲਿਆਉਣ ਲਈ ਕੀਤਾ ਗਿਆ ਐਲਾਨ ਸਿਰਫ਼ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਲੋਕਾਂ ਦੀ ਅੱਖ਼ਾਂ ਵਿੱਚ ਘੱਟਾ ਪਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਦੀ ਅੱਖ ਦਲਿਤ ਵੋਟ ਬੈਂਕ `ਤੇ ਟਿਕੀ ਹੋਈ ਹੈ ਪਰ ਦਲਿਤ ਭਾਈਚਾਰਾ ਕਾਂਗਰਸ ਸਰਕਾਰ ਦੀਆਂ ਕੋਝੀਆਂ ਚਾਲਾਂ ਵਿੱਚ ਆਉਣ ਵਾਲਾ ਨਹੀ ਹੈ।

ਢੀਂਡਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੇਕਰ ਇਨਾ ਹੀ ਆਪਣੇ ਆਪ ਨੂੰ ਦਲਿਤਾਂ ਦੇ ਹਿਤੈਸ਼ੀ ਸਮਝਦੇ ਹਨ ਤਾਂ ਸੂਬੇ ਵਿੱਚ ਕਾਂਗਰਸ ਸਰਕਾਰ ਦੇ ਅਰਬਾਂ ਰੁਪਏ ਦੇ ਸਭ ਤੋਂ ਵੱਡੇ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸਿ਼ਪ ਘੋਟਾਲੇ ਵਿੱਚ ਆਪਣੇ ਭ੍ਰਿਸ਼ਟ ਮੰਤਰੀ, ਵਿਧਾਇਕਾਂ ਅਤੇ ਚਹੇਤੇ ਅਫ਼ਸਰਾਂ ਨੂੰ ਬਚਾਉਣ ਦੀ ਜਗ੍ਹਾਂ ਉਨ੍ਹਾਂ ਵਿਰੱਧ ਕਾਰਵਾਈ ਕਰਕੇ ਵਿਖਾਉਣ। ਉਨ੍ਹਾਂ ਦੋਸ਼ ਲਗਾਇਆ ਕਿ ਖੁਦ ਨੂੰ ਦਲਿਤਾਂ ਦਾ ਮਸੀਹਾ ਕਹਾਉਣ ਦੀ ਕੋਸਿ਼ਸ਼ ਕਰਨ ਵਾਲੀ ਕਾਂਗਰਸ ਸਰਕਾਰ ਨੇ ਲੱਖਾਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਕਰੋੜਾਂ ਰੁਪਏ ਹੜੱਪ ਕਰ ਗਈ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਨੂੰ ਦਲਿਤ ਸਮਾਜ ਦੀ ਯਾਦ ਨਹੀ ਆਈ। ਹੁਣ ਜਦੋਂ ਸੂਬੇ ਵਿੱਚ ਚੋਣਾਂ ਸਿਰ `ਤੇ ਹਨ ਤਾਂ ਸਿਰਫ਼ ਸਿਆਸੀ ਲਾਹਾ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਅਜਿਹੇ ਦਾਅ-ਪੇਚ ਖੇਡ ਕੇ ਦਲਿਤ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਲੰਘੇ ਸਾਢੇ ਚਾਰ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਨੁਸੂਚਿਤ ਜਾਤੀ ਨਾਲ ਸਬੰਧਤ ਆਪਣੇ ਹੀ ਵਿਧਾਇਕਾਂ ਦੀ ਕਦੇ ਸਾਰ ਨਹੀ ਲਈ ਅਤੇ ਕਾਂਗਰਸ ਦੇ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤੀ ਦੇ 23 ਵਿਧਾਇਕ ਹੋਣ ਦੇ ਬਾਵਜੂਦ ਵੀ ਅਨੁਸੂਚਿਤ ਭਾਈਚਾਰੇ ਨੂੰ ਉਨ੍ਹਾਂ ਦੀ ਸਮਰੱਥਾ ਦੇ ਮੁਤਾਬਕ ਅਸਲ ਪਾਵਰ ਤੋਂ ਵਾਂਝੇ ਰੱਖਿਆ ਗਿਆ ਅਤੇ ਕਾਂਗਰਸ ਦੇ ਆਪਣੇ ਵਿਧਾਇਕ ਆਪਣੀਆਂ ਮੰਗਾਂ ਲਈ ਕੈਪਟਨ ਅਮਰਿੰਦਰ ਸਿੰਘ ਕੋਲੇ ਗੇੜ੍ਹੇ ਕੱਢਦੇ ਰਹੇ ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਤੋਂ ਬਾਹਰ ਨਹੀ ਨਿਲਕੇ।

ਐੱਸ.ਸੀ ਵਿਧਾਇਕ ਲੰਬੇ ਸਮੇਂ ਤੋਂ 85ਵੀਂ ਸੋਧ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਐੱਸਸੀ ਸਕਾਲਰਸਿ਼ਪ ਨੂੰ ਲਾਗੂ ਕਰਨਾ ਵੀ ਉਨ੍ਹਾਂ ਦੀਆਂ ਮੰਗਾਂ ਵਿੱਚ ਸ਼ਾਮਿਲ ਹੈ। ਇਸੇ ਤਰ੍ਹਾਂ ਐੱਸਸੀ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਬੋਰਡਾਂ, ਕਾਰਪੋਰੇਸ਼ਨਾਂ ਦਾ ਚੇਅਰਮੈਨ ਵੀ ਨਹੀ ਬਣਇਆ ਗਿਆ। ਸ: ਢੀਂਡਸਾ ਨੇ ਕਿਹਾ ਕਿ ਹੁਣ ਜਦੋਂ ਚੋਣਾਂ ਨੇੜੇ ਆ ਗਈਆਂ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਸ ਭਾਈਚਾਰੇ ਦੀਆਂ ਮੰਗਾਂ ਤੇ ਮਸਲੇ ਅਚਾਨਕ ਵਿਖਾਈ ਦੇਣ ਲੱਗ ਪਏ ਹਨ।

Jeeo Punjab Bureau

Leave A Reply

Your email address will not be published.