ਜੱਜ ਦੀ ਸੜਕ ਹਾਦਸੇ ਵਿਚ ਹੋਈ ਮੌਤ, CCTV ਫੁਟੇਜ ਸਾਹਮਣੇ ਆਉਣ ਤੋ ਬਾਅਦ ਪਤਨੀ ਨੇ ਕਤਲ ਦਾ ਮਾਮਲਾ ਕਰਵਾਇਆ ਦਰਜ

ਜੀਓ ਪੰਜਾਬ

ਨਵੀਂ ਦਿੱਲੀ, 29 ਜੁਲਾਈ

ਝਾਰਖੰਡ ਦੇ ਧਨਬਾਦ ਵਿਚ ਇਕ ਜੱਜ ਨਾਲ ਸੜਕ ਹਾਦਸਾ ਵਾਪਰਨ ਦੀ ਘਟਨਾ ਨੇ ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਕ ਨਵਾਂ ਮੋੜ ਲੈ ਲਿਆ ਹੈ । ਸਵੇਰ ਦੀ ਸੈਰ ਦੌਰਾਨ ਇਕ ਟੈਂਪੂ ਚਾਲਕ ਜੱਜ ਨੂੰ ਟੱਕਰ ਮਾਰ ਕੇ ਟੈਂਪੂ ਜਾਣ ਬੁੱਝ ਕੇ ਭਜਾ ਲੈ ਗਿਆ ਸੀ।ਅੱਜ ਜੱਜ ਉੱਤਮ ਆਨੰਦ ਦੀ ਪਤਨੀ ਵੱਲੋਂ ਕਤਲ ਦੀ ਐਫਆਈਆਰ ਦਰਜ ਕਰਵਾਈ ਗਈ ਹੈ
ਪੁਲਿਸ ਨੇ ਹੁਣ ਧਨਬਾਦ ਜ਼ਿਲ੍ਹਾ ਅਤੇ ਵਧੀਕ ਜੱਜ ਉੱਤਮ ਆਨੰਦ ਦੇ ਕਤਲ ਕੇਸ ਵਿੱਚ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਟੋ ਚਾਲਕ ਦੇ ਦੋ ਸਾਥੀ ਵੀ ਕਾਬੂ ਕੀਤੇ ਗਏ ਹਨ ਜਦਕਿ ਟੈਂਪੂ ਵੀ ਕਬਜੇ ਵਿੱਚ ਲੈ ਲਿਆ ਹੈ।
ਸੀਸੀਟੀਵੀ ਫੁਟੇਜ ਵਿਚ ਝਾਰਖੰਡ ਦੇ ਜੱਜ ਨੂੰ ਸੜਕ ਕਿਨਾਰੇ ਸੈਰ ਕਰਦੇ ਹੋਏ ਦਿਖਾਇਆ ਗਿਆ ਹੈ ।ਇੱਕ ਟੈਂਪੂ ਸੜਕ ਦੇ ਵਿਚਕਾਰ ਤੋਂ ਫੁੱਟਪਾਥ ਵੱਲ ਵਧਣਾ ਸ਼ੁਰੂ ਕਰਦਾ ਹੈ ਜਦੋਂਕਿ ਪੂਰੀ ਸੜਕ ਖਾਲੀ ਦਿਖਾਈ ਦੇ ਰਹੀ ਹੈ। ਟੈਂਪੂ ਫਿਰ ਜੱਜ ਨੂੰ ਟੱਕਰ ਮਾਰਦਾ ਹੈ ਅਤੇ ਤੇਜ਼ ਰਫਤਾਰ ਨਾਲ ਅੱਗੇ ਚਲਾ ਜਾਂਦਾ ਹੈ ਜਦੋਂਕਿ ਜੱਜ ਸੜਕ ਦੇ ਕਿਨਾਰੇ ਡਿਗਿਆ ਪਿਆ ਸੀ ।ਸੀਸੀਟੀਵੀ ਫੁਟੇਜ ਵਿਚ ਦਰਜ ਸਮੇਂ ਤੋਂ ਪਤਾ ਲੱਗਦਾ ਹੈ ਕਿ ਇਹ ਘਟਨਾ ਬੁੱਧਵਾਰ ਸਵੇਰੇ 5 ਵਜੇ ਵਾਪਰੀ।
ਬੁੱਧਵਾਰ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਧਨਬਾਦ ਜੱਜ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਜੱਜ ਦੇ ਕਤਲ ਦਾ ਐਂਗਲ ਸਾਹਮਣੇ ਆਇਆ ਹੈ। ਪੁਲਿਸ ਨੇ ਜਾਂਚ ‘ਚ ਪਾਇਆ ਹੈ ਕਿ ਇੱਕ ਚੋਰੀ ਕੀਤਾ ਟੈਂਪੂ ਜੱਜ ਨੂੰ ਟੱਕਰ ਮਾਰਨ ਲਈ ਵਰਤਿਆ ਗਿਆ ਸੀ।
ਇਸ ਦੌਰਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਨੇ ਸੁਪਰੀਮ ਕੋਰਟ ਨੂੰ ਧਨਬਾਦ ਜ਼ਿਲ੍ਹਾ ਜੱਜ ਉੱਤਮ ਆਨੰਦ ਦੀ ਹੱਤਿਆ ਦਾ ਖ਼ੁਦ ਨੋਟਿਸ ਲੈਣ ਲਈ ਕਿਹਾ ਹੈ। ਐਸਸੀਬੀਏ ਨੇ ਕਿਹਾ ਹੈ ਕਿ ਖੇਤਰ ਦੀ ਸੀਸੀਟੀਵੀ ਫੁਟੇਜ ਰਿਕਾਰਡ ‘ਚ ਲਈ ਜਾਣੀ ਚਾਹੀਦੀ ਹੈ। ਬਾਰ ਐਸੋਸੀਏਸ਼ਨ ਨੇ ਕਿਹਾ ਕਿ ਜੱਜ ‘ਤੇ ਹਮਲਾ ਨਿਆਂਪਾਲਿਕਾ ਦੀ ਸੁਤੰਤਰਤਾ ਉੱਤੇ ਹਮਲਾ ਹੈ ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜੱਜ ਉੱਤਮ ਅਨੰਦ ਕੋਲ ਧਨਬਾਦ ਸ਼ਹਿਰ ਵਿੱਚ ਗੈਂਗਸਟਰ ਅਮਨ ਸਿੰਘ ਸਮੇਤ 15 ਤੋਂ ਵੱਧ ਮਾਫੀਆ ਦੇ ਕੇਸ ਚਲ ਰਹੇ ਸਨ ਅਤੇ ਹਾਲ ਹੀ ਵਿੱਚ ਉਸਨੇ ਕਈ ਗੈਂਗਸਟਰਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਸੀ। ਜੱਜ ਦੀ ਪਤਨੀ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦੀ ਐਫਆਈਆਰ ਦਰਜ ਕਰਵਾਈ ਹੈ।

Jeeo Punjab Bureau

Leave A Reply

Your email address will not be published.