Navjot Sidhu ਦੀ ਤਾਜਪੋਸ਼ੀ ਨੇ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਇਆ: Parminder Dhindsa

70

ਜੀਓ ਪੰਜਾਬ

ਚੰਡੀਗੜ੍ਹ, 23 ਜੁਲਾਈ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਾਰਜਭਾਰ ਸੰਭਾਲਣ ਦੇ ਰਸਮੀ ਸਮਾਗਮ ਨੂੰ ਤਾਜਪੋਸ਼ੀ ਦਾ ਨਾਅ ਦੇ ਕੇ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਇਆ ਗਿਆ ਹੈ।ਜਿਸ ਨਾਲ ਪੰਜਾਬ ਦੇ ਲੋਕਾਂ ਵਿੱਚ ਬਹੁਤ ਵੱਡਾ ਗਲਤ ਸੁਨੇਹਾ ਗਿਆ ਹੈ।ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਤਾਜਪੋਸ਼ੀਆਂ ਕੇਵਲ ਰਾਜਿਆਂ-ਮਾਹਾਰਾਜਿਆਂ ਦੀਆਂ ਕੀਤੀਆਂ ਜਾਂਦੀਆਂ ਸਨ।ਜਦਕਿ ਅੱਜ ਦੀ ਲੋਕਤੰਤਰਿਕ ਪ੍ਰਣਾਲੀ ਵਿੱਚ ਰਜਵਾੜਾਸ਼ਾਹੀ ਦੀ ਕੋਈ ਥਾਂ ਨਹੀ ਹੈ।

 ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਹਾਰਾਜਾ ਸੰਬੋਧਨ ਕੀਤਾ ਜਾਂਦਾ ਹੈ ਅਤੇ ਹੁਣ ਸਿੱਧੂ ਦੀ ਤਾਜਪੋਸ਼ੀ ਵੀ ਉਨ੍ਹਾਂ ਲੀਹਾਂ `ਤੇ ਚੱਲਣ ਵਾਲਾ ਕਦਮ ਹੈ।ਢੀਂਡਸਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਉਨ੍ਹਾਂ ਪਰਿਵਾਰਾਂ ਦੇ ਘਰਾਂ ਵਿੱਚ ਹਨੇਰਾ ਛਾਹ ਗਿਆ ਜਿਨ੍ਹਾਂ ਪਰਿਵਾਰਾਂ ਦੇ ਜੀਅ ਸਿੱਧੂ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਆ ਰਹੇ ਸਨ ਜਿਨ੍ਹਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਾਂਗਰਸੀਆਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਸਿਤਮ ਦੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਸੜਕ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਵਰਕਰਾਂ ਦੀ ਮੌਤ ਜਾਂ ਜ਼ਖ਼ਮੀ ਹੋਣ `ਤੇ ਅਫ਼ਸੋਸ ਤੱਕ ਵੀ ਪ੍ਰਗਟ ਨਹੀ ਕੀਤਾ ਗਿਆ ਅਤੇ ਦੂਜੇ ਪਾਸੇ ਸਿਰਫ਼ ਫੋਕੀ ਲਿਫ਼ਾਫੇਬਾਜ਼ੀ ਕਰਦਿਆਂ, ਸ਼ਾਇਰੋ- ਸ਼ਾਅਰੀ ਕਰਦਿਆਂ ਆਪਣੇ ਭਾਸ਼ਣ ਨੂੰ ਲੱਛੇਦਾਰ ਬਣਾਉਣ ਲਈ ਅਤੇ ਲੋਕਾਂ ਨੂੰ ਹੋਰ ਵੀ ਗੰਮਰਾਹ ਕਰਨ ਲਈ ਵਾਰ-ਵਾਰ ਵਰਕਰਾਂ ਨੂੰ ਵਧੇਰੇ ਅਹਿਮਿਅਤ ਦੇਣ ਦੇ ਫੋਕੇ ਦਾਅਵੇ ਕਰਦੇ ਰਹੇ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਦੀਆਂ ਨਾਕਾਮੀਆਂ ਗਿਣਵਾ ਰਹੇ ਸਨ ਅਤੇ ਪੰਜਾਬ ਦੇ ਵੱਖ ਵੱਖ ਵਰਗਾਂ ਦੀਆਂ ਮੰਗਾਂ ਦਾ ਜਿ਼ਕਰ ਕਰ ਰਹੇ ਸਨ ਪਰ ਦੂਜੇ ਪਾਸੇ ਸੰਘਰਸ਼ ਕਰ ਰਹੇ ਅਧਿਆਪਕ ਅਤੇ ਅਧਿਆਪਕਾਵਾਂ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਭਵਨ ਆਏ ਤਾਂ ਉਨ੍ਹਾਂ ਨੂੰ ਜਬਰਦਸਤੀ ਛੱਤ ਤੋਂ ਮਾਰ ਕੁੱਟ ਕਰਕੇ ਹੇਠਾ ਉਤਾਰਿਆ ਗਿਆ।ਢੀਂਡਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕਾਰਜਕਾਲ ਦੇ ਸਾਢੇ ਚਾਰ ਸਾਲ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਅਤੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਸਿਰਫ਼ ਚਿਹਰੇ ਬਦਲਣ ਦੀ ਖੇਡ ਖੇਡਕੇ ਇੱਕ ਪਬਲਿਸਿਟੀ ਸਟੰਟ ਕਰ ਰਹੀ ਹੈ।

ਢੀਂਡਸਾ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਭੁੱਲ ਗਏ ਹਨ ਅਤੇ ਉਹ ਉਨ੍ਹਾਂ ਸਿਆਸੀ ਲੀਡਰਾਂ ਨੂੰ ਘਰ-ਘਰ ਜਾ ਕੇ ਮਿਲ ਰਹੇ ਹਨ ਜਿਨ੍ਹਾਂ ਦੀ ਸਰਪ੍ਰਸਤੀ ਵਿੱਚ ਸੂਬੇ ਵਿੱਚ ਮਾਫੀਆ ਰਾਜ ਚੱਲ ਰਿਹਾ ਹੈ।ਇਸਤੋਂ ਸਿੱਧ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਭ੍ਰਿਸ਼ਟਾਚਾਰੀਆਂ ਨਾਲ ਹੱਥ ਮਿਲਾ ਲਏ ਹਨ।

Jeeo Punjab Bureau

Leave A Reply

Your email address will not be published.