ਵਿਚਾਰ ਪ੍ਰਗਟ ਕਰਨ ਦੀ ਸੰਵਿਧਾਨਕ ਆਜ਼ਾਦੀ ‘ਤੇ ਹਮਲਾ ਹਨ ਲੋਕਤੰਤਰ ਦੇ ਚੌਥੇ ਥੰਮ੍ਹ ‘ਤੇ ਛਾਪੇ- ‘AAP MLA

ਜੀਓ ਪੰਜਾਬ

ਚੰਡੀਗੜ੍ਹ, 23 ਜੁਲਾਈ

ਆਮਦਨ ਕਰ ਵਿਭਾਗ ਵੱਲੋਂ ਅਖ਼ਬਾਰੀ ਅਦਾਰਿਆਂ ’ਤੇ ਮਾਰੇ ਜਾ ਰਹੇ ਛਾਪਿਆਂ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਚਾਰ ਪ੍ਰਗਟ ਕਰਨ ਦੀ ਸੰਵਿਧਾਨਕ ਆਜ਼ਾਦੀ ਅਤੇ ਲੋਕਤੰਤਰੀ ਵਿਵਸਥਾ ਨੂੰ ਸਿੱਧਾ ਸੱਟ ਮਾਰ ਰਹੀ ਹੈ।

ਸ਼ੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ‘ਆਪ’ ਦੇ ਵਿਧਾਇਕਾਂ ਪ੍ਰੋ. ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਪਿ੍ਰੰਸੀਪਲ ਬੁੱਧ ਰਾਮ, ਜੈ ਿਸ਼ਨ ਸਿੰਘ ਰੋੜੀ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਜਗਤਾਰ ਸਿੰਘ ਹਿੱਸੋਵਾਲ ਅਤੇ ਅਮਰਜੀਤ ਸਿੰਘ ਸੰਦੋਆ ਨੇ ਮੀਡੀਆ ਅਦਾਰਿਆਂ ਖ਼ਿਲਾਫ਼ ਮੋਦੀ ਸਰਕਾਰ ਦੇ ਹੁਕਮਾਂ ’ਤੇ ਆਮਦਨ ਕਰ ਵਿਭਾਗ ਦੀ ਕਾਰਵਾਈ ਨੂੰ ਬਦਲਾਖ਼ੋਰੀ ਦੀ ਕਾਰਵਾਈ ਕਰਾਰ ਦਿੱਤਾ।

‘ਆਪ’ ਆਗੂਆਂ ਨੇ ਕਿਹਾ ਕਿ ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਜਿਹੇ ਮੀਡੀਆ ਅਦਾਰਿਆਂ ਨੇ ਮੋਦੀ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ’ਚ ਕੀਤੇ ਮਾੜੇ ਪ੍ਰਬੰਧਾਂ ਨੂੰ ਉਜਾਗਰ ਕੀਤਾ ਸੀ, ਇਸੇ ਲਈ ਆਮਦਨ ਕਰ ਵਿਭਾਗ ਵੱਲੋਂ ਇਨ੍ਹਾਂ ਅਦਾਰਿਆਂ ਦੇ ਦਫ਼ਤਰਾਂ ਦੇ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਾਨਾਸ਼ਾਹ ਬਣੀ ਨਰਿੰਦਰ ਮੋਦੀ ਸਰਕਾਰ ਦੀ ਕਾਰਵਾਈ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਸਿੱਧਾ ਹਮਲਾ ਹੈ। ਮੋਦੀ ਸਰਕਾਰ ਉਨ੍ਹਾਂ ਮੀਡੀਆ ਅਦਾਰਿਆਂ ਨੂੰ ਕੇਂਦਰੀ ਏਜੰਸੀਆਂ ਦੇ ਰਾਹੀਂ ਦਬਾਉਣ ਦਾ ਯਤਨ ਕਰ ਰਹੀ ਹੈ, ਜੋ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ।

ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕਰਕੇ ਭਾਰਤੀ ਸੰਵਿਧਾਨ ਵਿੱਚ ਦਿੱਤੀ ਬੋਲਣ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਉਲੰਘਣ ਕੀਤਾ ਹੈ।

ਮੀਤ ਹੇਅਰ ਨੇ ਕਿਹਾ ਕਿ ਲੋਕਤੰਤਰ ਸਹਿਣਸ਼ੀਲਤਾ ਸਿਖਾਉਂਦਾ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਹਿਣਸ਼ੀਲਤਾ ਵਾਲਾ ਰੁੱਖ ਅਖ਼ਤਿਆਰ ਕਰਕੇ ਨਾ ਕੇਵਲ ਸਰਕਾਰ ਬਲਕਿ ਦੇਸ਼ ਦੀ ਦਿੱਖ ਨੂੰ ਵੀ ਖ਼ਰਾਬ ਕਰ ਰਹੇ ਹਨ, ਜੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਵਿੱਚ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੀਡੀਆ ਉਨ੍ਹਾਂ ਮੀਡੀਆ ਅਦਾਰਿਆਂ ਨਾਲ ਮੋਢੇ ਜੋੜ ਕੇ ਖੜੀ ਹੈ ਜਿਹੜੇ ਲੋਕਤੰਤਰਿਕ ਤਰੀਕੇ ਅਤੇ ਨਿਰਪੱਖਤਾ ਨਾਲ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ।

Jeeo Punjab Bureau

Leave A Reply

Your email address will not be published.