SAD+BSP ਗਠਜੋੜ ਸਰਕਾਰ ਬਣਨ ’ਤੇ ਇਕ ਡਿਪਟੀ ਸੀ ਐਮ ਹਿੰਦੂ ਭਾਈਚਾਰੇ ਵਿਚੋਂ ਤੇ ਇਕ ਦਲਿਤ ਡਿਪਟੀ ਸੀ ਐਮ ਹੋਵੇਗਾ

ਜੀਓ ਪੰਜਾਬ

ਚੰਡੀਗੜ੍ਹ, 15 ਜੁਲਾਈ

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਇਕ ਡਿਪਟੀ ਸੀ ਐਮ ਪੰਜਾਬੀ ਹਿੰਦੂ ਭਾਈਚਾਰੇ ਵਿਚੋਂ ਅਤੇ ਦੂਜਾ  ਡਿਪਟੀ ਸੀਐਮ ਦਲਿਤ ਭਾਈਚਾਰੇ ਵਿਚੋਂ ਬਣਾਇਆ ਜਾਵੇਗਾ।

ਇਥੇ ਪਾਰਟੀ ਦੀ ਕੋਰ ਕਮੇਟੀ ਮਗਰੋਂ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਇਹਨਾਂ ਦੋਵਾਂ ਭਾਈਚਾਰਿਆਂ ਦੀ ਪ੍ਰਤੀਨਿਧਤਾ ਦੀ ਬਦੌਲਤ ਅਕਾਲੀ ਦਲ ਤੇ ਬਸਪਾ ਸਰਕਾਰ ਸੰਯੁਕਤ ਪੰਜਾਬੀ ਸਭਿਆਚਾਰ ਦੀ ਸਹੀ ਪ੍ਰਤੀਨਿਧ ਤੇ ਪੰਜਾਬੀ ਏਕਤਾ, ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੋਵੇਗੀ ਜਿਹਾ ਕਿ ਹਮੇਸ਼ਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਰਹੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ  ਬਾਹਰੀ ਤਾਕਤਾਂ ਵੱਖ ਵੱਖ ਭਾਈਚਾਰਿਆਂ ਨੁੰ ਇਕ ਦੂਜੇ ਨਾਲ ਲੜਾ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਨੂੰ ਇਸ ਗੱਲ ਦੀ ਗਰੰਟੀ ਦੇਣੀ ਚਾਹੁੰਦੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀ ਜਿਸ ਤਹਿਤ ਸਾਰੇ ਧਰਮਾਂ ਦਾ ਸਤਿਕਾਰ ਤੇ ਸਨਮਾਨ ਕੀਤਾਜਾਂਦਾ ਹੈ, ’ਤੇ ਅਸੀਂ ਚੱਲਾਂਗੇ। ਉਹਨਾਂ ਕਿਹਾ ਕਿ ਅਸੀਂ ਸਾਰੇ ਭਾਈਚਾਰਿਆਂ ਨੂੰ ਇਕੱਠਿਆਂ ਰੱਖਣ ਲਈ ਦ੍ਰਿੜ੍ਹ ਸੰਕਲਪ ਹਾਂ ਤੇ ਇਸ ਗੱਲ ਨੁੰ ਧਿਆਨ ਵਿਚ ਰੱਖਦਿਆਂ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਸੱਤਾ ਵਿਚ ਆਉਣ ’ਤੇ ਇਕ ਡਿਪਟੀ ਸੀ ਐਮ ਹਿੰਦੂ ਭਾਈਚਾਰੇ ਵਿਚੋਂ ਹੋਵੇਗਾ।

ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਕਾਰ ਵਿਚ ਦੋ ਡਿਪਟੀ ਸੀ ਐਮ ਹੋਣਗੇ ਜਿਵੇਂ ਕਿ ਐਲਾਨ ਉਹਨਾਂ ਨੇ ਪਹਿਲਾਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ’ਤੇ ਉਹਨਾਂ ਐਲਾਨ ਕੀਤਾ ਸੀ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ  ਦਲਿਤ ਭਾਈਚਾਰੇ ਵਿਚੋਂ ਡਿਪਟੀ ਸੀ ਐਮ ਬਣਾਏਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਹੋਰ ਰਾਜਾਂ ਦੇ ਮੁਕਾਬਲੇ ਦਲਿਤ ਭਾਈਚਾਰੇ ਦੀ ਆਬਾਦੀ ਕਿਤੇ ਜ਼ਿਆਦਾ ਹੈ ਤੇ ਇਹ ਮਹਿਸੂਸ ਕੀਤਾ ਗਿਆ ਕਿ ਉਹਨਾਂ ਦੇ ਹਿੱਤਾਂ ਦੀ ਰਾਖੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ  ਪਹਿਲਾਂ ਵੀ ਅਕਾਲੀ ਦਲ ਨੇ ਸਰਕਾਰ ਹੁੰਦਿਆਂ ਦਲਿਤ ਭਾਈਚਾਰੇ ਲਈ ਵੱਧ ਤੋਂ ਵੱਧ ਸਮਾਜ ਭਲਾਈ ਲਾਭ ਦਿੱਤੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੋ ਡਿਪਟੀ ਸੀ ਐਮ ਦਾ ਫੈਸਲਾ ਸਾਡੇ ਗੁਰੂ ਸਾਹਿਬਾਨ ਵੱਲੋਂ ਸਾਨੁੰ ਦਰਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਅਮੀਰ ਵਿਰਸੇ ਅਨੁਸਾਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਵੱਖ ਵੱਖ ਭਾਈਚਾਰਿਆਂ ਵਿਚ ਮਜ਼ਬੂਤ ਭਾਵੁਕ ਸਾਂਝ ਦਾ ਵੀ ਪ੍ਰਤੀਕ ਹੈ। ਇਸ ਤੋਂ ਇਲਾਵਾ ਪਾਰਟੀ ਮਨੁੱਖਤਾ ਦੇ ਮਾਣ ਸਨਮਾਨ ਤੇ ਬਰਾਬਰਤਾ  ’ਤੇਆਧਾਰਿਤ ਸੰਪੂਰਨ ਸਮਾਜਿਕ ਨਿਆਂ ਨੂੰ ਵੀ ਯਕੀਨੀ ਬਣਾਉਣ ਤੇ ਕਾਂਗਰਸ ਦੀਆਂ ਪਾੜੋ ਤੇ ਰਾਜ ਕਰੋ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਭਾਵੁਕ ਸਮਾਜਿਕ ਸਰੂਪ ਨੂੰ ਵੱਜੀ ਸੱਟ ਨੁੰ ਮੱਲ੍ਹਮ ਲਾਉਣ ਦਾ ਵੀ ਜ਼ਿੰਮੇਵਾਰੀ ਚੁੱਕੇਗੀ।

ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸੰਸਦ ਦੇ ਆਉਂਦੇ ਸੈਸ਼ਨ ਵਿਚ ਅਕਾਲੀ ਦਲ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਕੰਮ ਰੋਕੂ ਮਤਾ ਪੇਸ਼ ਕਰੇਗੀ। ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੁੰ ਇਸ ਕਦਮ ਵਿਚ ਅਕਾਲੀ ਦਲ ਦਾ ਸਾਥ ਦੇ ਕੇ ਕੰਮ ਰੋਕੂ ਮਤੇ ਦੀ ਹਮਾਇਤ ਕਰਨ ਅਤੇ ਇਸ ’ਤੇ ਹਸਤਾਖਰ ਕਰਨ ਦੀ ਅਪੀਲ ਵੀ ਕੀਤੀ ਤਾਂਜੋ  ਇਹ ਮਾਮਲਾ ਵਿਚਾਰ ਵਟਾਂਦਰੇ ਵਾਸਤੇ ਲਿਆ ਜਾ ਸਕੇ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਵਾਸਤੇ ਉਦੋਂ ਤੱਕ ਆਪਣੀ ਆਵਾਜ਼ ਚੁੱਕਦਾ ਰਹੇਗਾ ਜਦੋਂ ਤੱਕ ਇਹਨਾਂ ਦੀਆਂ ਸ਼ਿਕਾਇਤਾਂ ਦੁਰ ਨਹੀਂ ਕੀਤੀਆਂ ਜਾਂਦੀਆਂ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੀ ਗਈ ਜਨਤਕ ਵਿ੍ਹਪ ਬਾਰੇ ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਰਾ ਦੇਸ਼ ਜਾਣਦਾ ਹੈ ਕਿ ਜੇਕਰ ਕਿਸੇ ਪਾਰਟੀਨੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਸੰਸਦ ਵਿਚ ਵੋਟਿੰਗ ਹੋਣ ਵੇਲੇ ਇਹਨਾਂ ਖਿਲਾਫ ਵੋਟ ਜਾਰੀ ਕਰਨ ਵਾਸਤੇ ਵਿਪ੍ਹ ਜਾਰੀ ਕੀਤੀ ਸੀ ਤਾਂ ਉਹ ਅਕਾਲੀ ਦਲ ਹੈ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਵੀ ਉਸ ਵੇਲੇ  ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿਉਹ ਸੰਸਦ ਦੀ ਕਾਰਵਾਈ ਦਾ ਬਾਈਕਾਟ ਨਾ ਕਰਨ ਅਤੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਵੋਟਾਂ ਪਾਉਣ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕਾਂਗਰਸ ਤੇ ਆਪ ਨੇ  ਕਾਰਵਾਈ ਦਾ ਬਾਈਕਾਟ ਕੀਤਾ ਤੇ ਸਿਰਫ ਅਸੀਂ ਹੀ ਕਾਨੁੰਨਾਂ ਦੇ ਖਿਲਾਫ ਵੋਟਿੰਗ ਵਾਸਤੇ ਡੱਟਣ ਲਈ ਰਹਿ ਗਏ।

ਬਾਦਲ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰਤੋਤਾ ਸਿੰਘ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਜਗਮੀਤ ਸਿੰਘ ਬਰਾੜ, ਹੀਰਾ ਸਿੰਘ ਗਾਬੜੀ, ਬਲਦੇਵ ਸਿੰਘ ਮਾਨ, ਸ਼ਰਨਜੀਤ ਸਿੰਘ ਢਿੱਲੋਂ, ਸੁਰਜਤ ਸਿੰਘ ਰੱਖੜਾ, ਅਵਤਾਰ ਸਿੰਘ ਹਿੱਤੇ ਤੇ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ।

Jeeo Punjab Bureau

Leave A Reply

Your email address will not be published.