ਨੌਕਰੀਆਂ ਅਤੇ ਪੂਰੀਆਂ ਤਨਖਾਹਾਂ ਮੰਗਣ ਤੇ ਮਿਲ ਰਹੇ ਨੇ ਡੰਡੇ

72

ਜੀਓ ਪੰਜਾਬ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਹਰ ਮਾਂ ਬਾਪ ਦੇ ਆਪਣੇ ਬੱਚਿਆਂ ਲਈ ਸੁਪਨੇ ਹੁੰਦੇ ਹਨ ਅਤੇ ਬੱਚਿਆਂ ਦੇ ਆਪਣੇ ਭਵਿੱਖ ਲਈ ਸੁਨਹਿਰ ਸੁਪਨੇ ਹੁੰਦੇ ਹਨ।ਮਾਂ ਬਾਪ ਸਖਤ ਮਿਹਨਤ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲੋਂ ਬਿਹਤਰ ਨੌਕਰੀਆਂ,ਕਾਰੋਬਾਰ ਕਰਨ ਅਤੇ ਵਧੀਆ ਜ਼ਿੰਦਗੀ ਜਿਊ ਸਕਣ।ਪਰ ਸਾਡੀਆਂ ਸਰਕਾਰਾਂ ਨੇ ਸਾਰਿਆਂ ਦੇ ਸੁਪਨੇ ਚੱਕਣਾ ਚੂਰ ਕਰ ਦਿੱਤੇ।ਅਸਲ ਵਿੱਚ ਸਿਆਸਤਦਾਨਾਂ ਦੇ ਏਜੰਡੇ ਤੋਂ ਲੋਕਾਂ ਲਈ ਕੰਮ ਕਰਨਾ ਵਧੇਰੇ ਕਰਕੇ ਖਤਮ ਹੀ ਹੋ ਗਿਆ ਹੈ।ਇਸ ਵਿੱਚ ਕਿਸੇ ਇਕ ਸਿਆਸੀ ਪਾਰਟੀ ਦਾ ਦੋਸ਼ ਨਹੀਂ ਹੈ।ਹਾਂ,ਅਸੀਂ ਵੀ ਇਸ ਵਿੱਚ ਆਪਣਾ ਯੋਗਦਾਨ ਪਾਇਆ ਹੋਇਆ ਹੈ।ਪਰ ਅਸੀਂ ਆਪਣੀ ਗਲਤੀ ਮੰਨਣੀ ਨਹੀਂ।ਜੇਕਰ ਅਸੀਂ ਆਪਣੀ ਗਲਤੀ ਮੰਨ ਲਈਏ ਤਾਂ ਹੀ ਅਸੀਂ ਉਸ ਗਲਤੀ ਨੂੰ ਸੁਧਾਰਾਂਗੇ।

ਅੱਜ ਡਿਗਰੀਆਂ ਲੈਕੇ ਬੱਚੇ ਸੜਕਾਂ ਤੇ ਰੱਦ ਰਹੇ ਨੇ।ਪੁਲਿਸ ਵਾਲਿਆਂ ਤੋਂ ਡੰਡੇ ਖਾ ਰਹੇ ਹਨ।ਜਿਵੇਂ ਖਿੱਚ ਧੂਹ ਹੁੰਦੀ ਹੈ,ਵੇਖਕੇ ਸ਼ਰਮ ਵੀ ਆਉਂਦੀ ਹੈ,ਗੁੱਸਾ ਵੀ ਆਉਂਦਾ ਹੈ ਅਤੇ ਤਕਲੀਫ਼ ਵੀ ਹੁੰਦੀ ਹੈ।ਇਹ ਨੌਜਵਾਨ ਦੇਸ਼ ਦਾ ਭਵਿੱਖ ਹਨ।ਇੰਨਾ ਨੇ ਦੇਸ਼ ਨੂੰ ਅੱਗੇ ਲੈਕੇ ਜਾਣਾ ਹੈ।ਪਰ ਜੇਕਰ ਉਹ ਹੀ ਸੜਕਾਂ ਤੇ ਧੱਕੇ ਖਾ ਰਹੇ ਹਨ ਤਾਂ ਦੇਸ਼ ਦੇ ਭਵਿੱਖ ਬਾਰੇ ਵੀ ਸੋਚਣਾ ਪਵੇਗਾ।ਇਵੇਂ ਲੱਗਦਾ ਹੈ ਜਿਵੇਂ ਸਿਆਸਤਦਾਨ ਸਮਝ ਰਹੇ ਹਨ ਕਿ ਇਹ ਕੁਰਸੀਆਂ ਇਵੇਂ ਹੀ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਹਨ।ਆਮ ਬੰਦਾ ਤਾਂ ਵੋਟ ਪਾਉਣ ਲਈ ਹੀ ਹੈ।ਪੈਸੇ ਦਿਉ,ਵੋਟਾਂ ਖਰੀਦੋ ਅਤੇ ਰਾਜ ਕਰੋ।ਮੁਆਫ਼ ਕਰਨਾ,ਵੋਟਾਂ ਵੇਚਣ ਅਤੇ ਵੋਟ ਬਦਲੇ ਸ਼ਰਾਬ ਲੈਣ ਦੀ ਸਜ਼ਾ ਅੱਜ ਸਾਡੀ ਨੌਜਵਾਨ ਪੀੜ੍ਹੀ ਭੁਗਤ ਰਹੀ ਹੈ।ਹਾਂ, ਭੁਗਤ ਮਾਪੇ ਵੀ ਰਹੇ ਹਨ।

ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣਾ ਵਿਕਾਸ ਨਹੀਂ ਹੈ।ਡਿਗਰੀਆਂ ਤੋਂ ਬਾਅਦ ਨੌਕਰੀਆਂ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਡਿਊਟੀ ਹੈ।ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹ ਕੇ ਲੋਕਾਂ ਦੇ ਲੱਖਾਂ ਰੁਪਏ ਪੜ੍ਹਾਈ ਤੇ ਲਗਵਾਕੇ,ਨੌਕਰੀਆਂ ਕੌਣ ਦੇਵੇਗਾ ਇੰਨਾ ਨੂੰ,ਸਰਕਾਰਾਂ ਜਵਾਬ ਦੇਣ ਇਸਦਾ।ਕੀ ਡਿਗਰੀਆਂ ਉਨ੍ਹਾਂ ਨੇ ਸੜਕਾਂ ਤੇ ਧੱਕੇ ਖਾਣ ਲਈ ਲਈਆਂ ਹਨ?ਅੱਜ ਜਦੋਂ ਸੜਕਾਂ ਤੇ ਰੁਲਦੇ ਨੌਜਵਾਨ ਅਤੇ ਡੰਡੇ ਖਾਂਦੇ ਲੋਕ ਵੇਖਦੇ ਹਨ ਤਾਂ ਹਰ ਕਿਸੇ ਦੇ ਜ਼ਿਹਨ ਵਿੱਚ ਇਹ ਸਵਾਲ ਉੱਠਦਾ ਜ਼ਰੂਰ ਹੈ।ਵਿਕਾਸ ਸਿਆਸਤਦਾਨਾਂ ਦੇ ਮੁਤਾਬਿਕ ਕੀ ਹੈ,ਉਹ ਜਾਨਣ।ਘੱਟੋ ਘੱਟ ਕੁੱਝ ਸੋਚਣ ਵਾਲੇ ਲੋਕਾਂ ਦੀ ਸਮਝ ਤੋਂ ਬਾਹਰ ਹੈ ਸਰਕਾਰਾਂ ਦਾ ਵਿਕਾਸ। 

ਇਕ ਉਮਰ ਹੁੰਦੀ ਹੈ,ਜਦੋਂ ਨੌਕਰੀ ਤੇ ਬਹੁਤ ਕੁੱਝ ਨਿਰਭਰ ਕਰਦਾ ਹੈ।ਮਾਪਿਆਂ ਨੇ ਆਪਣੀ ਪੜ੍ਹਾਉਣ ਦੀ ਜ਼ਿੰਮੇਵਾਰੀ ਬਹੁਤੀ ਵਾਰ ਬੜੇ ਔਖੇ ਹੋਕੇ ਪੂਰੀ ਕੀਤੀ ਹੁੰਦੀ ਹੈ।ਪਰ ਪੁੱਤ ਫੇਰ ਮਾਪਿਆਂ ਤੇ ਨਿਰਭਰ ਹੁੰਦਾ ਹੈ।ਨੌਕਰੀਆਂ ਦੀ ਉਮਰ ਧਰਨੇ ਲਗਾਉਣ ਤੇ ਡੰਡੇ ਖਾਂਦਿਆਂ ਲੰਘ ਜਾਂਦੀ ਹੈ ਅਤੇ ਨਾਲ ਹੀ ਵਿਆਹ ਦੀ ਉਮਰ ਵੀ ਲੰਘ ਜਾਂਦੀ ਹੈ।ਕਿੱਧਰੇ ਵਿਆਹ ਟੁੱਟ ਜਾਂਦੇ ਹਨ।ਮਾਪੇ ਕਿੰਨੀ ਦਿਨ ਬੇਰੁਜ਼ਗਾਰ ਪੁੱਤਾਂ ਨੂੰ ਖਰਚਾ ਦੇ ਸਕਦੇ ਹਨ।ਅਸਲ ਵਿੱਚ ਨੀਤੀਆਂ ਬਣਾਉਣ ਵਾਲੀ ਬਾਬੂਸ਼ਾਹੀ ਅਤੇ ਸਰਕਾਰਾਂ ਵਿੱਚ ਬੈਠਿਆਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਨਹੀਂ ਜਾਂ ਇਹ ਲੋਕਾਂ ਨੂੰ ਤੰਗ ਕਰਨ ਵਿੱਚ ਹੀ ਆਪਣੀ ਕਾਮਯਾਬੀ ਸਮਝਦੇ ਹਨ।ਇਹ ਤਾਂ ਸੋਚ ਹੈ ਵੱਡੇ ਅਹੁਦਿਆਂ ਤੇ ਬੈਠਿਆਂ ਦੀ।

ਸੁਣਕੇ ਤਕਲੀਫ਼ ਹੁੰਦੀ ਹੈ ਅਤੇ ਦੁੱਖ ਹੁੰਦਾ ਹੈ ਕਿ ਤਨਖਾਹਾਂ ਦੇ ਨਾਮ ਤੇ ਕਿਵੇਂ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।ਚੈਨਲ ਤੇ ਅਧਿਆਪਕਾਂ ਵੱਲੋਂ ਆਪਣੀ ਗੱਲ ਰੱਖਣ ਵਾਲੇ ਅਧਿਆਪਕ ਨੇ ਦੱਸਿਆ ਕਿ ਆਠਾਰਾਂ ਸਾਲ ਦੀ ਨੌਕਰੀ ਵਾਲੇ ਵੀ ਕੱਚੇ ਹਨ ਅਤੇ ਛੇ ਹਜ਼ਾਰ ਤਨਖਾਹ ਮਿਲ ਰਹੀ ਹੈ।ਇੰਨੀ ਮਹਿੰਗਾਈ ਵਿੱਚ ਉਹ ਘਰ ਕਿਵੇਂ ਚਲਾਉਂਦੇ ਹੋਣਗੇ,ਸਰਕਾਰਾਂ ਵਿੱਚ ਬੈਠਿਆਂ ਅਤੇ ਬਾਬੂਸ਼ਾਹੀ ਨੂੰ ਸਮਝ ਨਹੀਂ ਆਉਂਦੀ।ਕਿੱਧਰੇ ਤਾਂ ਚੋਪੜੀਆਂ ਤੇ ਉਹ ਵੀ ਦੋ ਦੋ ਅਤੇ ਕਿੱਧਰੇ ਫਾਕੇ ਰੱਖਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਕਿੱਧਰੇ ਪੈਨਸ਼ਨਾਂ ਵੀ ਅਤੇ ਤਨਖਾਹਾਂ ਦੋਵੇਂ ਮਿਲ ਰਹੀਆਂ ਹਨ ਅਤੇ ਇਨਕਮ ਟੈਕਸ ਵੀ ਸਰਕਾਰੀ ਖਜ਼ਾਨੇ ਵਿੱਚੋਂ ਜਾਂਦਾ ਹੈ।ਹੱਦ ਹੀ ਹੋ ਗਈ ਹੈ।ਲੋਕਾਂ ਦੀਆਂ  ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਨੂੰ ਹੀ ਡੰਡਿਆਂ ਨਾਲ ਕੁੱਟ ਰਹੀਆਂ ਹਨ ਅਤੇ ਲੋਕਾਂ ਦੀ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ।ਇਹ ਤਾਂ ਲੋਕਾਂ ਨਾਲ ਧੱਕਾ ਵੀ ਹੈ ਅਤੇ ਧੋਖਾ ਵੀ ਹੈ।ਹਾਂ,ਅਸੀਂ ਹਰ ਪੰਜ ਸਾਲ ਬਾਅਦ ਇੰਨਾ ਸਿਆਸਤਦਾਨਾਂ ਦੇ ਝੂਠੇ ਵਾਅਦਿਆਂ ਅਤੇ ਲਾਰਿਆਂ ਤੇ ਵਿਸ਼ਵਾਸ ਕਰਦੇ ਹਾਂ।ਇਕ ਬਹੁਤ ਵੱਡੀ ਗਲਤੀ ਵੀ ਅਸੀਂ ਜਾਣੇ ਅਣਜਾਣੇ ਵਿੱਚ ਕਰਦੇ ਹਾਂ।ਚੋਣਾਂ ਵੇਲੇ ਮੁਫਤ ਦੀ ਸ਼ਰਾਬ,ਨਗਦ ਪੈਸੇ ਅਤੇ ਇਵੇਂ ਦੀ ਕੋਈ ਹੋਰ ਚੀਜ਼ ਲੈਕੇ।ਇਸਨੇ ਸਾਡੇ ਨੌਜਵਾਨਾਂ ਨੂੰ ਸੜਕਾਂ ਤੇ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਮੈਨੂੰ ਇਕ ਕਹਾਣੀ ਯਾਦ ਆ ਗਈ।ਇਕ ਸਿਆਸਤਦਾਨਾਂ ਨੇ ਭੇਡਾਂ ਨੂੰ ਕਿਹਾ ਕਿ ਮੈਨੂੰ ਵੋਟ ਪਾਉ।ਜਿੱਤਣ ਤੋਂ ਬਾਅਦ ਮੈਂ ਤੁਹਾਨੂੰ ਕੰਬਲ ਦੇਵਾਂਗਾ।ਭੇਡਾਂ ਖੁਸ਼ ਹੋ ਗਈਆਂ।ਵਿੱਚੋਂ ਇਕ ਨੇ ਸਾਰੀਆਂ ਨੂੰ ਪੁੱਛਿਆ ਕਿ ਇਹ ਉਨ ਕਿੱਥੋਂ ਲਿਆਵੇਗਾ।ਸਾਰੀਆਂ ਨੇ ਸੋਚਿਆ ਅਤੇ ਸਮਝਿਆ ਕਿ ਇਹ ਸਾਨੂੰ ਮੁੰਨੇਗਾ।ਜਦੋਂ ਸਿਆਸਤਦਾਨ ਮੁਫਤ ਚੀਜ਼ਾਂ ਦੇਣ ਦੀ ਗੱਲ ਕਰਦੇ ਹਨ ਤਾਂ ਟੈਕਸ ਲਗਾਕੇ ਸਾਨੂੰ ਹੀ ਮੰਨਦੇ ਹਨ।

ਸਰਕਾਰਾਂ ਦਾ ਕੰਮ ਹੈ ਅਤੇ ਫਰਜ਼ ਹੈ ਕਿ ਲੋਕਾਂ ਨੂੰ ਰੁਜ਼ਗਾਰ ਦੇਵੇ ਅਤੇ ਪੂਰੀਆਂ ਤਨਖਾਹਾਂ ਦੇਵੇ।ਡੰਡੇ ਖਾਣ ਲਈ ਅਤੇ ਧਰਨਿਆਂ ਤੇ ਬੈਠਣ ਲਈ ਲੋਕਾਂ ਨੇ ਆਪਣੇ ਬੱਚੇ ਨਹੀਂ ਪੜ੍ਹਾਏ।ਕਿਸੇ ਨੂੰ ਡੰਡਿਆਂ ਨਾਲ ਕੁੱਟ ਮਾਰ ਕਰਨ ਦਾ ਕੋਈ ਹੱਕ ਨਹੀਂ ਹੈ।ਜਿਹੜੇ ਨੌਕਰੀਆਂ ਮੰਗਣ ਉਹ ਵੀ ਡੰਡੇ ਖਾਣ ਅਤੇ ਪੂਰੀਆਂ ਤਨਖਾਹਾਂ ਮੰਗਣ ਤਾਂ ਵੀ ਡੰਡੇ ਖਾਣ।ਲੋਕਾਂ ਨੇ ਚੁਣ ਕੇ ਇਸ ਲਈ ਭੇਜਿਆ ਹੈ ਕਿ ਸਾਡੀ ਬਿਹਤਰੀ ਲਈ ਕੰਮ ਕਰੋ।ਚੋਣਾਂ ਆ ਰਹੀਆਂ ਹਨ,ਹੁਣ ਫੇਰ ਝਾਂਸੇ ਵਿੱਚ ਆਉਣ ਦਾ ਵੇਲਾ ਆ ਰਿਹਾ ਹੈ।ਜਦੋਂ ਹਰ ਮਹਿਕਮੇ ਦੇ ਲੋਕ ਅਤੇ ਹੋਰ ਲੋਕ ਤੰਗ ਆਏ ਸੜਕਾਂ ਤੇ ਆ ਜਾਣ ਅਤੇ ਧਰਨਿਆਂ ਤੇ ਬੈਠਣ ਲਈ ਮਜ਼ਬੂਰ ਹੋ ਜਾਣ ਤਾਂ ਇਹ ਸਰਕਾਰਾਂ ਅਤੇ ਨੀਤੀਆਂ ਬਣਾਉਣ ਵਾਲਿਆਂ ਦੀਆਂ ਨਲਾਇਕੀਆਂ ਹੀ ਕਹੀਆਂ ਜਾ ਸਕਦੀਆਂ ਹਨ।ਜਿਹੜੀਆਂ ਸਰਕਾਰਾਂ ਲੋਕਾਂ ਦੀ ਆਵਾਜ਼ ਨਾ ਸੁਣਨ,ਡੰਡੇ ਦੇ ਜ਼ੋਰ ਨਾਲ ਲੋਕਾਂ ਨੂੰ ਦਬਾਉਣ ਲੱਗ ਜਾਣ ਤਾਂ ਸਮਝ ਲਵੋ ਕਿ ਅਸੀਂ ਸਰਕਾਰਾਂ ਬਣਾਉਣ ਵਿੱਚ ਗਲਤੀ ਕਰ ਲਈ ਹੈ।ਅਗਲੀ ਵਾਰ ਆਪਣੀ ਗਲਤੀ ਨੂੰ ਸੁਧਾਰਨ ਹੀ ਸਿਆਣਪ ਹੁੰਦੀ ਹੈ।ਜੇਕਰ ਅਸੀਂ ਆਪਣੀਆਂ ਗਲਤੀਆਂ ਤੋਂ ਕੁੱਝ ਵੀ ਨਾ ਸਿੱਖਿਆ ਅਤੇ ਆਪਣੇ ਆਪਨੂੰ ਨਾ ਸੁਧਾਰਿਆ ਤਾਂ ਇਵੇਂ ਹੀ ਨੌਕਰੀਆਂ ਮੰਗਣ ਅਤੇ ਪੂਰੀਆਂ ਤਨਖਾਹਾਂ ਮੰਗਣ ਤੇ ਡੰਡੇ ਪੈਂਦੇ ਰਹਿਣਗੇ।ਵੋਟ ਪਾਉਣ ਲਗਿਆਂ ਸੋਚੋ।ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਨੌਕਰੀਆਂ ਅਤੇ ਪੂਰੀ ਤਨਖਾਹ ਲੈਣਾ ਅਤੇ ਮੰਗਣਾ ਸਾਡਾ ਹੱਕ ਹੈ।ਪਰ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਇਹ ਮੰਗਣ ਤੇ ਡੰਡੇ ਪੈਣ ਇਹ ਬਿਲਕੁੱਲ ਜ਼ਿਆਦਤੀ ਹੈ ਅਤੇ ਧੱਕਾ ਹੈ।

Jeeo Punjab Bureau

Leave A Reply

Your email address will not be published.