ਵਧੀਆਂ ਕੀਮਤਾਂ ਬਣੀਆਂ ਮੁਸੀਬਤ

36

ਜੀਓ ਪੰਜਾਬ

ਲੇਖਕ- ਪ੍ਰਭਜੋਤ ਕੌਰ ਢਿੱਲੋਂ  

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦਾ ਵਧਣਾ ਲੋਕਾਂ ਲਈ ਮੁਸੀਬਤ ਬਣ ਗਿਆ ਹੈ।ਹਰ ਰੋਜ਼ ਵੱਧਦੇ ਕੁੱਝ ਪੈਸਿਆਂ ਨਾਲ ਪੈਟਰੋਲ ਸੌ ਤੋਂ ਪਾਰ ਚਲਾ ਗਿਆ ਅਤੇ ਡੀਜ਼ਲ ਵੀ ਉਸਦੇ ਪਿੱਛੇ ਪਿੱਛੇ ਦੌੜ ਰਿਹਾ ਹੈ।ਸਰਕਾਰਾਂ ਕਹਿ ਰਹੀਆਂ ਹਨ ਕਿ ਸਾਨੂੰ ਖਜ਼ਾਨੇ ਵਿੱਚ ਪੈਸੇ ਦੀ ਜ਼ਰੂਰਤ ਹੈ,ਇਸ ਕਰਕੇ ਕੀਮਤ ਵਧਾਉਣੀ ਮਜ਼ਬੂਰ ਹੈ।ਸਵਾਲ ਇਹ ਉੱਠਦਾ ਹੈ ਕਿ ਲੋਕਾਂ ਦੀ ਆਮਦਨ ਤਾਂ ਘੱਟ ਗਈ,ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ,ਉਹ ਕਿਥੋਂ ਪੈਸੇ ਲੈਕੇ ਆਉਣ ਇਸ ਮਹਿੰਗਾਈ ਨਾਲ ਮੱਥਾ ਲਾਉਣਾ ਲਈ।ਬਾਬੂਸ਼ਾਹੀ ਅਤੇ ਸਿਆਸਤਦਾਨਾਂ ਨੂੰ ਜ਼ਮੀਨੀ ਹਕੀਕਤ ਅਤੇ ਲੋਕਾਂ ਦੀ ਅਸਲ ਵਿੱਚ ਹੋਈ ਮਾੜੀ ਹਾਲਤ ਦਾ ਪਤਾ ਹੀ ਨਹੀਂ ਜਾਂ ਲੋਕਾਂ ਦੀਆਂ ਤਕਲੀਫਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ।ਮਹਿੰਗਾਈ ਵੀ ਉਨ੍ਹਾਂ ਦੀ ਸਮਝ ਆਉਂਦੀ ਹੈ ਜਿਸਨੇ ਆਪਣੀ ਇਮਾਨਦਾਰੀ ਦੀ ਕਮਾਈ ਨਾਲ ਘਰ ਚਲਾਉਣਾ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਮਤਲਬ ਲੋਕਾਂ ਦੀ ਜੇਬ ਤੇ ਵਾਧੂ ਭਾਰ।ਕਿਵੇਂ ਦੇ ਮਾਹਰ ਨੇ ਜਿੰਨ੍ਹਾਂ ਵਿੱਚ ਇਨਸਾਨੀਅਤ ਹੀ ਨਹੀਂ ਰਹੀ।ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਨਾਲ ਹਰ ਇਕ ਚੀਜ਼ ਦੀ ਕੀਮਤ ਵੱਧਦੀ ਹੈ।ਇਹ ਇਕ ਬਹੁਤ ਘੱਟ ਪੜ੍ਹੇ ਲਿਖੇ ਦੀ ਸਮਝ ਵਿੱਚ ਵੀ ਆਉਂਦਾ ਹੈ।ਲੋਕਾਂ ਨੂੰ ਮਾਹਾਂਮਾਰੀ ਨੇ ਤਾਂ ਮਾਰਿਆ ਹੀ ਹੈ,ਹੁਣ ਸਰਕਾਰਾਂ ਭੁੱਖ ਨਾਲ ਲੋਕਾਂ ਨੂੰ ਮਾਰਨਗੀਆਂ।ਪਿਛੱਲੇ ਦਿਨੀਂ ਸਰੋਂ ਦੇ ਤੇਲ ਦੀ ਕੀਮਤ ਨੇ ਅਜਿਹਾ ਛੜੱਪਾ ਮਾਰਿਆ ਕਿ ਲੋਕਾਂ ਲਈ ਤੇਲ ਖਰੀਦਣ ਲਈ ਵੀ ਸੋਚਣਾ ਪੈ ਗਿਆ।ਸਰਕਾਰਾਂ ਵਿੱਚ ਬੈਠੇ ਬੜੇ ਹਾਸੋਹੀਣੇ ਬਿਆਨ ਦੇ ਰਹੇ ਹਨ ਕਿ ਪਹਿਲਾਂ ਤੇਲ ਵਿੱਚ ਮਿਲਾਵਟ ਸੀ,ਹੁਣ ਉਸਨੂੰ ਰੋਕਿਆ ਹੈ।ਕਿਉਂ ਬਈ ਪਹਿਲਾਂ ਸਾਨੂੰ ਮਾੜਾ ਅਤੇ ਮਿਲਾਵਟ ਵਾਲਾ ਤੇਲ ਹੀ ਖਵਾਉਂਦੇ ਰਹੇ ਅਤੇ ਸਾਡੀ ਸਿਹਤ ਨਾਲ ਖਿਲਵਾੜ ਕਰਦੇ ਰਹੇ।

ਇਸ ਵਕਤ ਲੋਕਾਂ ਨੂੰ ਸਬਜ਼ੀਆਂ ਅਤੇ ਰਸੋਈ ਦਾ ਦੂਸਰਾ ਸਮਾਨ ਖਰੀਦਣਾ ਵੀ ਮੁਸ਼ਕਿਲ ਹੋ ਰਿਹਾ ਹੈ।ਪਰ ਹੈਰਾਨੀ ਹੁੰਦੀ ਹੈ ਅਤੇ ਦੁੱਖ ਹੁੰਦਾ ਹੈ ਕਿ ਸਰਕਾਰਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ।ਪਿੱਛਲੇ ਦਿਨੀਂ ਦੁੱਧ ਪੈਕਟ ਵਾਲਾ ਦੋ ਰੁਪਏ ਲਿਟਰ ਮਹਿੰਗਾ ਹੋ ਗਿਆ। ਹਾਂ, ਇੱਥੇ ਇਕ ਸਵਾਲ ਹੋਰ ਵੀ ਹੈ ਕਿ ਕਿਸਾਨਾਂ ਜਾਂ ਜਿੰਨਾ ਕੋਲੋਂ ਦੁੱਧ ਖਰੀਦਿਆ ਜਾ ਰਿਹਾ ਹੈ ਉਨ੍ਹਾਂ ਕੋਲੋਂ ਖਰੀਦਣ ਵੇਲੇ ਪੈਸੇ ਵਧਾਏ ਹਨ ਜਾਂ ਨਹੀਂ।ਗਾਹਕ ਦੀ ਵੀ ਲੁੱਟ ਅਤੇ ਜਿਸ ਤੋਂ ਦੁੱਧ ਖਰੀਦਿਆ ਉਸਦੀ ਵੀ ਲੁੱਟ। ਜਿਹੜੀਆਂ ਸਰਕਾਰਾਂ ਲੋਕਾਂ ਦੀਆਂ ਥਾਲੀਆਂ ਵਿੱਚੋਂ ਰੋਟੀਆਂ ਖੋਹਣ ਲੱਗ ਜਾਣ,ਉਹ ਸਮਾਜ ਨੂੰ ਬੇਹੱਦ ਮਾੜੇ ਹਾਲਾਤਾਂ ਵੱਲ ਧੱਕ ਰਹੀਆਂ ਹੁੰਦੀਆਂ ਹਨ।ਪੇਟ ਦੀ ਭੁੱਖ ਅਪਰਾਧ ਕਰਵਾਉਣ ਲੱਗ ਜਾਂਦੀ ਹੈ।

  ਕਦੇ ਸਰਕਾਰਾਂ ਵਿੱਚ ਬੈਠਿਆਂ ਅਤੇ ਨੀਤੀ ਘਾੜਿਆਂ ਨੇ ਮਹਿਸੂਸ ਕੀਤਾ ਹੈ ਕਿ ਘਰ ਵਿੱਚ ਆਮਦਨ ਘਟੇ ਅਤੇ ਖਰਚੇ ਵਧਣ ਤਾਂ ਮਾਹੌਲ ਕਿਵੇਂ ਦਾ ਹੁੰਦਾ ਹੈ।ਇਹ ਨਾ ਕਦੇ ਕਰਨਗੇ ਅਤੇ ਨਾ ਇੰਨਾ ਨੂੰ ਹੋਏਗਾ।ਬਥੇਰੇ ਟੈਕਸ ਜਨਤਾ ਦਿੰਦੀ ਹੈ।ਡੀਜ਼ਲ ਪੈਟਰੋਲ ਪਵਾਉਣ ਅਤੇ ਆਪਣੇ ਗੁਣ ਗਾਉ।ਇਹ ਸਿੱਧਾ ਜਿਹਾ ਹਿਸਾਬ ਹੈ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਣਗੀਆਂ ਤਾਂ ਢੋਆ ਢੁਆਈ ਤੇ ਪੈਸੇ ਵਧੇਰੇ ਲੱਗਣਗੇ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕੀਮਤਾਂ ਦਾ ਵੱਧਣਾ ਲੋਕਾਂ ਨੂੰ ਹਲਾਲ ਕਰਨ ਦੇ ਬਰਾਬਰ ਹੈ।ਹਰ ਬੰਦਾ ਮਹਿੰਗਾਈ ਦੀ ਮਾਰ ਖਾਂਦਾ ਰੋਜ਼ ਥੋੜ੍ਹਾ ਥੋੜ੍ਹਾ ਮਰਦਾ ਹੈ।ਪੈਟਰੋਲ ਡੀਜ਼ਲ ਦੀ ਕੀਮਤ ਵਧੀ ਤਾਂ ਲੋਕਾਂ ਦੀ ਜੇਬ ਹਿੱਲੀ,ਕਰਿਆਨੇ ਦੇ ਰੇਟ ਵਧੇ,ਸਬਜ਼ੀਆਂ ਦੀ ਕੀਮਤ ਵਧੀ,ਦਵਾਈਆਂ ਦੀ ਕੀਮਤ ਵਧੀ। ਪਿੱਛਲੇ ਹਫਤੇ ਗੈਸ ਸਿਲੈਂਡਰਾਂ ਦੀ ਕੀਮਤ ਪੱਚੀ ਰੁਪਏ ਵੱਧ ਗਈ।ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕੀਮਤਾਂ ਤੇ ਕਾਬੂ ਪਾਵੇ।ਪਰ ਸਰਕਾਰ ਨੇ ਤਾਂ ਲੋਕਾਂ ਨੂੰ ਨਿਚੋੜਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ।ਸਫਾਈ ਦਿੱਤੀ ਜਾ ਰਹੀ ਹੈ ਕਿ ਦੇਸ਼ ਚਲਾਉਣ ਲਈ ਪੈਸੇ ਚਾਹੀਦੇ ਹਨ।ਲੋਕ ਪੈਸੇ ਕਿਥੋਂ ਲਿਆਉਣ,ਇਸਦਾ ਪ੍ਰਬੰਧ ਕਰਨਾ ਵੀ ਸੋਚ ਲੈਣਾ ਚਾਹੀਦਾ ਹੈ।ਪਿੱਛਲੇ ਸਾਲ ਤੋਂ ਮਹਿੰਗਾਈ ਤੀਹ ਤੋ ਪੈਂਤੀ ਪ੍ਰਤੀਸ਼ਤ ਵੱਧ ਗਈ ਹੈ।ਆਮਦਨ ਕਿੱਧਰੇ ਘੱਟ ਗਈ ਅਤੇ ਕਿਧਰੇ ਨੌਕਰੀਆਂ ਹੀ ਚਲੀਆਂ ਗਈਆਂ।ਪਰ ਸਰਕਾਰ ਬੰਸਰੀ ਵਜਾ ਰਹੀ ਹੈ।

ਸਿਰਫ਼ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਦੇਸ਼ ਦੇ ਖਜ਼ਾਨੇ ਭਰਨ ਦੀ।ਉਸ ਪੈਸੇ ਦਾ ਸਹੀ ਇਸਤੇਮਾਲ ਕਰਨਾ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ।ਸਰਕਾਰਾਂ ਕੁੱਝ ਨਾ ਕਰਨ ਅਤੇ ਲੋਕ ਭੁੱਖੇ ਰਹਿਕੇ ਵੀ ਟੈਕਸ ਦੇਣ।ਜਿਹੜੇ ਲੋਕ ਅਜੇ ਵੀ ਖੇਤੀਬਾੜੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਦੀ ਹਿਮਾਇਤ ਕਰ ਰਹੇ ਹਨ,ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਟਾ ਚੌਲ ਵੀ ਇਕ ਦਿਨ ਸਾਡੀ ਪਹੁੰਚ ਤੋਂ ਬਾਹਰ ਹੋ ਜਾਣਗੇ।ਅਸੀਂ ਕਰੋਨਾ ਤੋਂ ਜਿਵੇਂ ਕਿਵੇਂ ਬਚ ਗਏ ਹਾਂ ਪਰ ਭੁੱਖਮਰੀ ਤੋਂ ਨਹੀਂ ਬਚ ਸਕਾਂਗੇ।ਅਸਲ ਵਿੱਚ ਸਰਕਾਰਾਂ ਵਿੱਚ ਬੈਠਣ ਤੋਂ ਬਾਅਦ ਆਮ ਲੋਕਾਂ ਦੀਆਂ ਤੰਗੀਆਂ ਸਮਝ ਇਸ ਕਰਕੇ ਵੀ ਨਹੀਂ ਆਉਂਦੀ ਕਿਉਂਕਿ ਜ਼ਮੀਨ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ।

ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ।ਮੁਫਤ ਦੀਆਂ ਚੀਜ਼ਾਂ ਲੈਣੀਆਂ ਬੰਦ ਕਰੀਏ।ਵੋਟ ਵੇਚਣੀ ਬੰਦ ਕਰੀਏ।ਲੀਡਰਾਂ ਪਿੱਛੇ ਲੱਗਕੇ ਆਪਣੀ ਭਾਈਚਾਰਕ ਸਾਂਝ ਖਤਮ ਨਾ ਕਰੀਏ।ਚੰਗੇ ਉਮੀਦਵਾਰ ਨੂੰ ਵੋਟ ਪਾਈਏ।ਹਰ ਉਮੀਦਵਾਰ ਦਾ ਪਿੱਛਲੇ ਪੰਜ ਸਾਲ ਦਾ ਲੇਖਾ ਜੋਖਾ ਉਸਤੋਂ ਜ਼ਰੂਰ ਪੁੱਛਿਆ ਅਤੇ ਦਸੀਏ।

ਡੀਜ਼ਲ ਪੈਟਰੋਲ ਦੀਆਂ ਕੀਮਤਾਂ ਇੰਨੀਆਂ ਵੱਧਣਾ,ਸਰਕਾਰਾਂ ਦੀ ਲੋਕਾਂ ਪ੍ਰਤੀ ਸੰਜੀਦਗੀ ਸਾਹਮਣੇ ਆ ਰਹੀ ਹੈ।ਲੋਕਾਂ ਨੂੰ ਮਾਨਸਿਕ ਦਬਾਅ ਵੱਧ ਰਿਹਾ ਹੈ।ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ।ਖੁਦਕੁਸ਼ੀਆਂ ਵੀ ਆਰਥਿਕ ਤੰਗੀ ਕਰਕੇ ਵਧਦੀਆਂ ਹਨ।ਸਰਕਾਰਾਂ ਨੂੰ ਅਤੇ ਨੀਤੀ ਘਾੜਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਮੁਸੀਬਤ ਬਣ ਰਹੀਆਂ ਹਨ।

Jeeo Punjab Bureau

Leave A Reply

Your email address will not be published.