ਟਰੈਕਟਰ, ਮੋਟਰ‌ਸਾਈਕਲ, ਕਾਰਾਂ, ਜੀਪਾਂ, ਗੈਸ ਸਿਲੰਡਰ ਸੜਕ ‘ਤੇ ਖੜ੍ਹੇ ਕਰਕੇ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਜੀਓ ਪੰਜਾਬ

ਨਵੀਂ ਦਿੱਲੀ, 08 ਜੁਲਾਈ

ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਕੀਤੇ ਜਾ ਰਹੇ ਲੱਕ ਤੋੜ ਵਾਧੇ ਦੇ ਵਿਰੋਧ ‘ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਦਿੱਲੀ ਦੇ ਟਿਕਰੀ ਬਾਰਡਰ ‘ਤੇ ਚੱਲ ਰਹੇ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ‘ਚ ਬਹਾਦਰਗੜ੍ਹ ਦੇ ਐਸਡੀਐਮ ਦਫ਼ਤਰ ਅੱਗੇ ਆਪਣੇ ਟਰੈਕਟਰ, ਮੋਟਰ‌ਸਾਈਕਲ, ਕਾਰਾਂ, ਜੀਪਾਂ, ਗੈਸ ਸਿਲੰਡਰ ਅਤੇ ਹੋਰ ਸਾਧਨ ਸੜਕ ‘ਤੇ ਖੜ੍ਹੇ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ।

ਉਗਰਾਹਾਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੇ ਰੇਟਾਂ ‘ਚ ਕੀਤਾ ਜਾ ਰਿਹਾ ਭਾਰੀ ਵਾਧਾ ਦੇਸ਼ ਦੇ ਹਾਕਮਾਂ ਨੇ ਜਾਣ ਬੁੱਝ ਕੇ ਕਿਸਾਨਾਂ ਅਤੇ ਕਿਰਤੀ ਗ਼ਰੀਬ ਲੋਕਾਂ ਨੂੰ ਆਰਥਿਕ ਪੱਖੋਂ ਹੋਰ ਲੁੱਟਣ ਦੀ ਮਨਸ਼ਾ ਹੈ। ਅਸੀਂ ਈਰਾਨ ਤੋਂ ਪੈਟਰੋਲੀਅਮ ਖਰੀਦ ਕਰਦੇ ਸੀ ਪਰ ਅਮਰੀਕਾ ਦੇ ਕਹਿਣ ‘ਤੇ ਇਰਾਕ ਨਾਲੋਂ ਸਮਝੌਤਾ ਤੋੜ ਲਿਆ। ਇਸੇ ਕਾਰਨ ਡੀਜ਼ਲ ਹੀ ਸਾਰੀ ਮਹਿੰਗਾਈ ਦੀ ਮਾਂ ਹੈ। ਸਾਡੇ ਦੇਸ਼ ਕੋਲ ਕੁੱਲ ਲਾਗਤ ਦਾ 23% ਹਿੱਸਾ ਤੇਲ ਦਾ ਨਿਕਲਦਾ ਹੈ। ਦੁਨੀਆਂ ‘ਚ ਜਦੋਂ ਕੱਚੇ ਤੇਲ ਦੀ ਕੀਮਤ ਕੌਮਾਂਤਰੀ ਪੱਧਰ ‘ਤੇ 150 ਡਾਲਰ ਪ੍ਰਤੀ ਬੈਰਲ ਹੋਈ ਉਸ ਸਮੇਂ ਭਾਰਤ ‘ਚ ਤੇਲ ਦੀ ਕੀਮਤ 58 ਰੁਪਏ ਲਿਟਰ ਸੀ ਪਰ ਜਦੋਂ ਕੌਮਾਂਤਰੀ ਪੱਧਰ ‘ਤੇ ਬੈਰਲ ਦੀ ਕੀਮਤ ਘਟ ਕੇ 75 ਡਾਲਰ ਰਹਿ ਗਈ ਉਸ ਸਮੇਂ ਭਾਰਤ ‘ਚ ਤੇਲ ਦੀਆਂ ਕੀਮਤਾਂ ਸੈਂਕੜਿਆਂ ਨੂੰ ਛੂਹਣ ਲੱਗ ਪਈਆਂ।  ਇਸ ਦਾ ਕਾਰਨ ਸਰਕਾਰਾਂ ਵੱਲੋਂ ਤੇਲ ਨੂੰ ਕੰਟਰੋਲ ਮੁਕਤ ਕਰਨਾ ਅਤੇ ਕਾਰਪੋਰੇਟ ਘਰਾਣਿਆਂ ਨਾਲ ਕੀਤੇ ਸਮਝੌਤਿਆਂ ਕਾਰਨ ਉਨ੍ਹਾਂ ਦੇ ਹੱਥਾਂ ‘ਚ ਇਸ ਦਾ ਕੁੱਲ ਕਾਰੋਬਾਰ ਜਾਣ ਕਰਕੇ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ‘ਚ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਸਕਦੀ।

ਇਸੇ ਤਰ੍ਹਾਂ ਮੋਦੀ ਹਕੂਮਤ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਦੇਣ ਲਈ ਪੱਬਾਂ ਭਾਰ ਹੋਈ ਪਈ ਹੈ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਤੇਲ ‘ਤੇ ਅੰਨਾ ਟੈਕਸ ਲਾ ਕੇ ਖ਼ਜ਼ਾਨਾ ਭਰਿਆ ਜਾ ਰਿਹਾ ਹੈ ਅਤੇ ਉਸੇ ਖ਼ਜ਼ਾਨੇ ਨੂੰ ਆਪ ਦੀਆਂ ਐਸ਼ੋ ਆਰਾਮ ਦੀਆਂ ਸਹੂਲਤਾਂ ਲਈ ਵਰਤ ਕੇ ਸਾਡੇ ਖ਼ਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ।

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਸਭ ਤੋਂ ਪਹਿਲਾਂ ਰਸੋਈ ਗੈਸ ਸਿਲੰਡਰ ਸਾਡੇ ਭੋਲੇ ਭਾਲੇ ਲੋਕਾਂ ਨੂੰ ਫਰੀ ਦੇ ਕੇ ਗੈਸ ਦੇ ਆਦੀ ਬਣਾ ਦਿੱਤਾ ਅਤੇ ਹੁਣ ਇਸ ਦੇ ਰੇਟਾਂ ‘ਚ ਚੌਖਾ ਵਾਧਾ ਕਰ ਕੇ ਸਾਡੀ ਪਹੁੰਚ ਤੋਂ ਬਾਹਰ ਕੀਤਾ ਜਾ ਰਿਹਾ ਹੈ। ਡੀਜ਼ਲ, ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਕਰਕੇ ਸਰਕਾਰ ਜੋ ਕਿਸਾਨਾਂ, ਮਜ਼ਦੂਰਾਂ ਅਤੇ ਕੁੱਲ ਲੋਕਾਈ ‘ਤੇ ਆਰਥਿਕ ਪੱਖ ਤੋਂ ਹੋਰ ਬੋਝ ਪਾ ਕੇ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ‘ਤੇ ਤੁਰੀ ਹੋਈ ਹੈ।

ਪਰਮਜੀਤ ਕੌਰ ਕੋਟੜਾ ਕੌੜਾ ਨੇ ਕਿਹਾ ਸਰਕਾਰਾਂ ਸਾਡੇ ਕਿਰਤੀ ਲੋਕਾਂ ਤੋਂ ਝੂਠੇ ਵਾਅਦਿਆਂ ਨਾਲ ਵੋਟਾਂ ਲੈ ਕੇ ਪਰ ਭੁਗਤਦੀਆਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਕੰਪਨੀਆਂ ਦੇ ਹੱਕਾਂ ‘ਚ ਨੇ। ਸਰਕਾਰਾ ਸਾਮਰਾਜੀ ਕੰਪਨੀਆਂ ਪੱਖੀ ਨੀਤੀਆਂ ਲਾਗੂ ਕਰਕੇ ਸਾਮਰਾਜੀ ਕੰਪਨੀਆਂ ਦੇ ਮੁਨਾਫ਼ਿਆਂ ‘ਚ ਵਾਧਾ ਕਰ ਰਹੀਆਂ ਹਨ ਅਤੇ ਕਿਰਤੀ ਲੋਕਾਂ ਦੇ ਹੱਕਾਂ ਤੇ ਡਾਕਾ ਮਾਰ ਰਹੀਆਂ ਹਨ। 

ਬਚਿੱਤਰ ਕੌਰ ਮੋਗਾ ਨੇ ਕਿਹਾ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੇ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਭਾਜਪਾ ਦੇ ਰਾਮ ਦੇਵ ਬਾਬੇ ਨੇ ਕੁੱਲ ਦੇਸ਼ ਦੀ ਸਰ੍ਹੋਂ ਨੂੰ ਘੱਟ ਰੇਟ ‘ਤੇ ਆਪਣੇ ਹੱਥ ‘ਚ ਕਰਕੇ ਸਰ੍ਹੋਂ ਦੇ ਤੇਲ ਦੀ ਕੀਮਤ ਨੂੰ ਇੰਨਾ ਵਧਾ ਦਿੱਤਾ ਜਿਸ ਨਾਲ ਤੇਲ ਆਮ ਕਿਰਤ ਕਰਨ ਵਾਲੇ ਲੋਕਾਂ ਦੇ ਵੱਸੋਂ ਬਾਹਰ ਹੋ ਗਿਆ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਕਰ ਇਹ ਕਾਨੂੰਨਾਂ ਦੇ ਲਾਗੂ ਹੋਣ ਤੋਂ ਪਹਿਲਾਂ ਸਾਡੇ ਕਿਰਤੀ ਲੋਕਾਂ ਦਾ ਇਹੋ ਜਿਹਾ ਹਾਲ ਹੈ ਤਾਂ ਇਹ ਕਾਨੂੰਨ ਲਾਗੂ ਹੋਣ ‘ਤੇ ਸਾਡੀ ਕਿਹੋ ਜਿਹੀ ਹਾਲਤ ਬਣੇਂਗੀ।

ਸੂਬਾ ਆਗੂ ਰੂਪ ਸਿੰਘ ਛੰਨਾਂ ਅਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਮਰੀਕ ਸਿੰਘ ਗੰਢੂਆਂ ਨੇ ਕਿਹਾ  17 ਜੁਲਾਈ ਨੂੰ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਚੁਣੌਤੀ ਪੱਤਰ ਉਨ੍ਹਾਂ ਦੇ ਘਰਾਂ ਅੱਗੇ ਜਾ ਕੇ ਦਿੱਤੇ ਜਾਣਗੇ ਅਤੇ  ਭਾਜਪਾ ਦੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ ਤਾਂ ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਕਿਰਤੀ ਲੋਕਾਂ ਦੇ ਹੱਕ ‘ਚ ਆਵਾਜ਼ ਉਠਾਉਣ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੀਆਂ ਹੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 19 ਜੁਲਾਈ ਤੋਂ ਲੋਕ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਢਾਈ ਸੌ ਕਿਸਾਨਾਂ ਦਾ ਜਥਾ ਹਰ ਰੋਜ਼ ਪਾਰਲੀਮੈਂਟ ਦੇ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕਰੇਗਾ। ਸਟੇਜ ਸੰਚਾਲਨ ਦੀ ਭੂਮਿਕਾ ਜਸਵਿੰਦਰ ਸਿੰਘ ਲੌਂਗੋਵਾਲ ਸੂਬਾ ਮੀਤ ਪ੍ਰਧਾਨ ਨੇ ਬਾਖੂਬੀ ਨਿਭਾਈ ਅਤੇ ਅਖ਼ੀਰ ‘ਚ ਕਿਸਾਨਾਂ ਨੇ ਆਪਣੇ ਵਹੀਕਲਾਂ ਦੇ ਹਾਰਨ ਪੰਜ ਮਿੰਟ ਵਜਾ ਕੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕੀਤੀ।

Jeeo Punjab Bureau

Leave A Reply

Your email address will not be published.