BJP ਨੇ ਹਮੇਸ਼ਾਂ ਦਲਿਤ ਸਮਾਜ ਦੇ ਵਿਕਾਸ ਲਈ ਕੀਤੇ ਉਪਰਾਲੇ, ਪੰਜਾਬ ‘ਚ ਦਲਿਤਾਂ ‘ਤੇ ਹੋ ਰਹੇ ਅਤਿਆਚਾਰ ਖਿਲਾਫ਼ ਕਰੇਗੀ ਸੰਘਰਸ਼: Ashwani Sharma

ਜੀਓ ਪੰਜਾਬ

ਚੰਡੀਗੜ, 7 ਜੁਲਾਈ

ਭਾਰਤੀ ਜਨਤਾ ਪਾਰਟੀ ਵੱਲੋਂ ਦਲਿਤ ਸਮਾਜ ਦੇ ਲੋਕਾਂ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਦਲਿਤ ਸੰਗਠਨਾਂ ਦੇ ਨੇਤਾਵਾਂ ਨਾਲ ਦਲਿਤ ਮੁੱਦਿਆਂ‘ ਤੇ ਵਿਸ਼ੇਸ਼ ਵਿਚਾਰ-ਵਟਾਂਦਰੇ ਲਈ ਇੱਕ ਮੀਟਿੰਗ ਸੂਬਾ ਭਾਜਪਾ ਹੈੱਡਕੁਆਰਟਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਦਲਿਤ ਸਮਾਜ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ। ਇਸ ਬੈਠਕ ‘ਚ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ, ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਗਾ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ, ਰਾਜਿੰਦਰ ਖੱਤਰੀ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਮੌਜੂਦ ਦਲਿਤ ਨੇਤਾਵਾਂ ਨਾਲ ਪੰਜਾਬ ਵਿੱਚ ਦਲਿਤ ਸਮਾਜ ਦੇ ਮਸਲਿਆਂ ਤੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਉਨ੍ਹਾਂ ਤੋਂ ਸੁਝਾਅ ਵੀ ਲਏ ਗਏ। ਦਲਿਤ ਸੰਗਠਨਾਂ ਦੇ ਆਗੂਆਂ ਨੇ ਅਸ਼ਵਨੀ ਸ਼ਰਮਾ ਨੂੰ ਕੈਪਟਨ ਦੇ ਰਾਜ ਦੌਰਾਨ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਦਲਿਤ ਸੰਗਠਨਾਂ ਡਾ: ਅੰਬੇਦਕਰ ਏਕਤਾ ਮੰਚ, ਭਗਵਾਨ ਵਾਲਮੀਕਿ ਸੇਵਕ ਸੰਘ, ਭਗਵਾਨ ਵਾਲਮੀਕਿ ਤੀਰਥ ਸਥਾਨ ਧੂਨਾ ਸਾਹਿਬ, ਅੰਤਰਰਾਸ਼ਟਰੀ ਵਾਲਮੀਕਿ ਧਾਰਮਿਕ ਸਿੱਖ ਸੰਸਥਾ ਦੇ ਆਗੂਆਂ ਨਰੇਸ਼ ਵੈਦ, ਸ਼ਕਤੀ ਕਲਿਆਣ, ਵਿਨੋਦ ਵੈਦ, ਸਤਵਿੰਦਰ ਸਿੰਘ, ਸਤਪਾਲ ਸਿੰਘ ਪੱਖੋਕੇ, ਸ਼ੀਤਲ ਵਾਲਮੀਕਿ ਆਦਿ ਨੇ ਅਸ਼੍ਵਨੀ ਸ਼ਰਮਾ ਨੂੰ ਦੱਸਿਆ ਕਿ ਅੱਜ ਪੰਜਾਬ ਵਿੱਚ ਕਾਂਗਰਸ ਦੇ ਸ਼ਾਸਨ ਦੌਰਾਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕ ਬਹੁਤ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਦਲਿਤ ਔਰਤਾਂ ਅਤੇ ਲੜਕੀਆਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਕੈਪਟਨ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚਣ ਦਿੱਤਾ ਜਾ ਰਿਹਾ। ਕੈਪਟਨ ਦੇ ਰਾਜ ਸਮੇਂ ਦਲਿਤ, ਪਿਛੜੇ ਅਤੇ ਹੋਰ ਸਾਰੇ ਵਰਗਾਂ ‘ਤੇ ਬੇਰਹਿਮੀ ਨਾਲ ਅੱਤਿਆਚਾਰ ਹੋ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਈ ਐਲਾਨ ਕੀਤੇ ਸਨ ਪਰ ਅੱਜ ਤੱਕ ਇੱਕ ਵੀ ਐਲਾਨ ਪੂਰਾ ਨਹੀਂ ਹੋਇਆ। ਕੈਪਟਨ ਸਰਕਾਰ ਸੂਬੇ ਵਿੱਚ ਪਿਛੜਿਆ ਵਰਗ, ਮੁਲਾਜ਼ਮਾਂ ਅਤੇ ਦਲਿਤ ਭਾਈਚਾਰੇ ਸਮੇਤ ਸਮੂਹ ਲੋਕਾਂ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਕਰ ਰਹੀ ਹੈ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਅੱਤਿਆਚਾਰਾਂ ਵਿਰੁੱਧ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਕਾਂਗਰਸ ਸਰਕਾਰ ਦੇ ਇਸ਼ਾਰੇ’ ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਜਾ ਰਿਹਾ ਹੈ। ਦਲਿਤ ਸਮਾਜ ਦੇ ਲੋਕ ਉਮੀਦ ਦੀ ਨਜਰ ਨਾਲ ਭਾਜਪਾ ਵੱਲ ਦੇਖ ਰਹੇ ਹਨ। ਅੱਜ ਤੱਕ ਦਲਿਤ ਸਮਾਜ ਨੂੰ ਕਦੇ ਇਨਸਾਫ ਨਹੀਂ ਮਿਲਿਆ। ਦਲਿਤਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਜਪਾ ਉਨ੍ਹਾਂ ਨੂੰ ਇਨਸਾਫ ਦੇਵੇਗੀ।

ਅਸ਼ਵਨੀ ਸ਼ਰਮਾ ਨੇ ਉਥੇ ਮੌਜੂਦ ਦਲਿਤ ਨੇਤਾਵਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਦਲਿਤ ਸਮਾਜ ਨੂੰ ਸਰਵਉੱਤਮ ਰੱਖਿਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦਲਿਤਾਂ ਅਤੇ ਗਰੀਬਾਂ ਦੀ ਸਰਕਾਰ ਹੈ। ਦਲਿਤਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਦਲਿਤ ਸਮਾਜ ਲਈ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਲਾਭ ਦਲਿਤ ਸਮਾਜ ਦੇ ਲੋਕ ਲੈ ਰਹੇ ਹਨ। ਭਾਜਪਾ ਇਕੋ ਪਾਰਟੀ ਹੈ ਜਿਸ ਵਿਚ ਸਾਰੇ ਵਰਗਾਂ ਦਾ ਬਰਾਬਰ ਵਿਕਾਸ ਹੁੰਦਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੀਟਿੰਗ ਵਿੱਚ ਵਿਚਾਰ ਕਰਨ ਤੋਂ ਬਾਅਦ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਦਲਿਤ ਸਮਾਜ ਨੂੰ ਵਿਸ਼ਵਾਸ ਦਿਵਾਇਆ ਕਿ ਭਾਜਪਾ ਹਮੇਸ਼ਾਂ ਦਲਿਤ ਸਮਾਜ ਦੇ ਵਿਕਾਸ ਲਈ ਲੜਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਦਲਿਤ ਸਮਾਜ, ਉਹਨਾਂ ਦੇ ਮਸਲਿਆਂ ਅਤੇ ਉਹਨਾਂ ਉਪਰ ਹੋ ਰਹੇ ਅੱਤਿਆਚਾਰਾਂ ਬਾਰੇ ਵਿਸਥਾਰਤ ਰੂਪ ਰੇਖਾ ਤਿਆਰ ਕੀਤੀ ਜਾਏਗੀ ਅਤੇ ਇਸ ਲਈ ਕੈਪਟਨ ਸਰਕਾਰ ਖਿਲਾਫ ਵਿਸ਼ਾਲ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਕੰਵਰ ਨਰਿੰਦਰ ਪਾਲ ਤਹਿਸੀਲਦਾਰ, ਰਾਂਝਾ ਬਖਸ਼ੀ, ਮਨਜੀਤ ਬਾਲੀ, ਰਵੀ ਬਾਲੀ, ਬਲਵਿੰਦਰ ਗਿੱਲ ਆਦਿ ਹਾਜ਼ਰ ਸਨ।

Jeeo Punjab Bureau

Leave A Reply

Your email address will not be published.