ਪੰਜਾਬ ਨੂੰ ਜ਼ਹਿਰੀਲਾ ਰੇਗਿਸਤਾਨ ਬਣਨ ਤੋਂ ਰੋਕੇ ਸਰਕਾਰ: Parminder Singh Dhindsa

39

ਜੀਓ ਪੰਜਾਬ

ਚੰਡੀਗੜ੍ਹ, 1 ਜੁਲਾਈ

ਪਿਛਲੇ ਲੰਮੇ ਸਮੇਂ ਤੋਂ ਸਤਲੁਜ ਅਤੇ ਬਿਆਸ ਦਰਿਆ ਵਿੱਚ ਸਨਅਤਾਂ ਦੇ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਿ਼ਕਾਰ ਹੋ ਰਹੇ ਮਾਲਵੇ ਦੇ ਲੋਕਾਂ ਦੀ ਪ੍ਰੇਸ਼ਾਨੀ ਅਤੇ ਪੀੜ ਨੂੰ ਸਮਝਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਰਿਆਈ ਪਾਣੀਆਂ ਦੀ ਹਾਲਤ ਸੁਧਾਰਨ ਲਈ ਗੰਭੀਰਤਾ ਨਾਲ ਧਿਆਨ ਦੇਣ ਦੀ ਮੰਗ ਕਰਦਿਆਂ ਪੰਜਾਬ ਨੂੰ ਭਵਿੱਖ ਵਿੱਚ ਜ਼ਹਿਰੀਲਾ ਰੇਗਿਸਤਾਨ ਬਣਨ ਤੋਂ ਰੋਕਣ ਲਈ ਢੁਕਵੇਂ ਕਦਮ ਚੁੱਕਣ ਲਈ ਉਚੇਚੇ ਤੌਰ `ਤੇ ਦਖ਼ਲ ਦੇਣ ਲਈ ਕਿਹਾ ਹੈ।

ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਟੀਚੇ ਨਾਲ ਹਰਿਆਵਲ ਮੁਹਿੰਮ ਵਿੱਢੀ ਹੋਈ ਹੈ। ਇਸਦੇ ਤਹਿਤ ਬੀਤੇ ਬੁੱਧਵਾਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਲੁਧਿਆਣਾ ਦੇ ਪਿੰਡ ਮੱਤੇਵਾੜਾ ਵਿੱਚ 416 ਏਕੜ ਜ਼ਮੀਨ `ਤੇ ਬੂਟੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸ: ਢੀਂਡਸਾ ਨੇ ਸਤਲੁਜ ਅਤੇ ਮੱਤੇਵਾੜਾ ਜੰਗਲ ਦੇ ਲਾਗੇ ਸਨਅਤੀ ਪ੍ਰੋਜੈਕਟ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਇੱਥੇ ਫੈਕਟਰੀ ਲੱਗ ਗਈ ਤਾਂ ਸਤਲੁਜ ਦਾ “ਕੁਦਰਤੀ ਫਲੱਡ ਜ਼ੋਨ” ਤਬਾਹ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਦਰਿਆਵਾਂ ਵਿੱਚ ਸਨਅਤਾਂ ਦੇ ਜ਼ਹਿਰੀਲੇ ਅਤੇ ਤੇਜ਼ਾਬੀ ਪਾਣੀ ਦੇ ਸੁੱਟੇ ਜਾਣ ਤੋਂ ਦੁਖੀ ਹਨ ਅਤੇ ਉਹ ਇਸ ਸਬੰਧੀ ਅਨੇਕਾਂ ਵਾਰ ਕੇਂਦਰ ਸਰਕਾਰ, ਸੂਬਾ ਸਰਕਾਰ, ਸਬੰਧਤ ਵਿਭਾਗਾਂ ਤੋਂ ਇਲਾਵਾ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾ ਚੁੱਕੇ ਹਨ ਪਰ ਫਿਰ ਵੀ ਸਥਿਤੀ ਜਿਉਂ ਦੀ ਤਿਉਂ ਹੈ। ਦਰਿਆਈ ਪਾਣੀਆਂ ਵਿੱਚ ਸੁਧਾਰ ਨਾ ਹੋਣ ਕਾਰਨ ਉਹ ਅੱਜ ਵੀ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹਨ। ਸ: ਢੀਂਡਸਾ ਨੇ ਕਿਹਾ ਕਿ ਜੇਕਰ ਸਰਕਾਰ ਹਾਲੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀ ਲੈਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਮਾਲਵੇ ਦੇ ਲੋਕਾਂ ਨਾਲ ਮਿਲਕੇ ਸੂਬਾ ਪੱਧਰ `ਤੇ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕੇਰਗਾ ਤਾਂ ਜੋ ਸਰਕਾਰ ਨੂੰ ਇਸਦੇ ਛੇਤੀ ਹੱਲ ਕੱਢਣ ਲਈ ਮਜਬੂਰ ਕੀਤਾ ਜਾ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਸਬੰਧ ਵਿੱਚ ਕੋਈ ਬਿਹਤਰ ਵਿਉਤਬੰਦੀ ਤਿਆਰ ਕਰਕੇ ਉਧਯੋਗਕ ਖੇਤਰਾਂ ਦਾ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਜ਼ਹਿਰੀਲਾ ਪਾਣੀ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਤੇਜ਼ਾਬੀ ਪਾਣੀ ਜਿਥੇ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ, ਉਥੇ ਹੀ ਫਸਲਾਂ ਅਤੇ ਜਾਨਵਰਾਂ ਲਈ ਵੀ ਬੇਹੱਦ ਘਾਤਕ ਹੈ।

ਢੀਂਡਸਾ ਨੇ ਜ਼ਹਿਰੀਲੇ ਪਾਣੀ ਕਾਰਨ ਬਠਿੰਡਾ, ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਾਜਿ਼ਲਕਾ ਅਤੇ ਹੋਰ ਕਈਂ ਜਿ਼ਲ੍ਹਿਆਂ ਵਿੱਚ ਵੱਡੇ ਪੱਧਰ `ਤੇ ਵਧ ਰਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਮਾਲਵੇ ਵਿੱਚ ਦਸ ਹਜ਼ਾਰ ਤੋਂ ਵੱਧ ਲੋਕ ਕੈਂਸਰ ਦਾ ਸਿ਼ਕਾਰ ਹੋ ਚੁੱਕੇ ਹਨ ਅਤੇ ਜੇਕਰ ਇਸਦਾ ਛੇਤੀ ਹੱਲ ਨਾ ਕੱਢਿਆ ਗਿਆ ਤਾਂ ਮਾਲਵੇ ਦੇ ਨਾਲ-ਨਾਲ ਪੂਰਾ ਪੰਜਾਬ ਇੱਕ ਜ਼ਹਿਰੀਲਾ ਰੇਗੀਸਤਾਨ ਬਣਕੇ ਰਹਿ ਜਾਵੇਗਾ। ਉਨ੍ਹਾ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਭ ਕੁੱਝ ਜਾਣਦੇ ਹੋਏ ਵੀ ਕੈਪਟਨ ਸਰਕਾਰ ਨੂੰ ਮਾਲਵੇ ਦੇ ਲੋਕਾਂ ਦੇ ਦੁੱਖ ਨਜ਼ਰ ਨਹੀ ਆ ਰਹੇ ਹਨ ਅਤੇ ਦੂਜੇ ਪਾਸੇ ਸਨਅਤਾਂ ਦਾ ਪਾਣੀ ਬੇਰੋਕ ਦਰਿਆਵਾਂ ਅਤੇ ਨਹਿਰਾਂ ਵਿੱਚ ਸੁੱਟਿਆ ਜਾ ਰਿਹਾ ਹੈ।

Jeeo Punjab Bureau

Leave A Reply

Your email address will not be published.