Modi ਦੇ ਇਸ਼ਾਰੇ ‘ਤੇ ਕਿਸਾਨਾਂ ਨੂੰ ਬਿਜਲੀ ਲਈ ਠਿੱਠ ਕਰ ਰਹੇ ਹਨ ਕੈਪਟਨ : Kultar Singh Sandhwa

ਜੀਓ ਪੰਜਾਬ

ਚੰਡੀਗੜ੍ਹ, 26 ਜੂਨ

ਪੰਜਾਬ ‘ਚ ਝੋਨੇ ਦੀ ਲੁਆਈ ਲਈ ਟਿਊਬਵੈਲਾਂ ਨੂੰ 8 ਘੰਟੇ ਬਿਜਲੀ ਸਪਲਾਈ ਨਾ ਦਿੱਤੇ ਜਾਣ ਬਾਰੇ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਬੇਹੱਦ ਸੰਗੀਨ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰਿਆਂ ‘ਤੇ ਨੱਚਦੇ ਹੋਏ ਕਿਸਾਨਾਂ ਨੂੰ ਠਿੱਠ ਕਰ ਰਹੇ ਹਨ।

ਇਥੇ ਪ੍ਰੈਸ ਕਾਨਫਰੰਸ ਨੂੰ ਸੋਬਧਨ ਕਰਦੇ ਹੋਏ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੋਚੀ ਸਮਝੀ ਸਾਜਿਸ਼ ਤਹਿਤ ਕਿਸਾਨਾਂ ਨੂੰ ਖੇਤੀ ਖੇਤਰ ਲਈ 8 ਘੰਟ ਨਿਰਵਿਘਨ ਬਿਜਲੀ ਸਪਲਾਈ ਦੀ ਥਾਂ ਮਹਿਜ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਇਥੋਂ ਤੱਕ ਕਿ ਨਹਿਰੀ ਪਾਣੀ ਦੀ ਸਪਲਾਈ ਵੀ ਰੋਕੀ ਜਾ ਰਹੀ ਹੈ। ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਕਿਸਾਨਾਂ ਨੂੰ ਖੱਜਲ ਖ਼ੁਆਰ ਕਰਕੇ ਮੋਦੀ ਨੂੰ ਖੁਸ਼ ਕਰਨ ਦੀਆਂ ਕੋਸ਼ਿਸਾਂ ਜੱਗ ਜਾਹਰ ਹੋ ਚੁੱਕੀਆਂ ਹਨ। ਮੋਹਾਲੀ ਤੇ ਚੰਡੀਗੜ ਦੀ ਸੀਮਾ ‘ਤੇ ਸ਼ਨੀਵਾਰ ਨੂੰ ਕਿਸਾਨਾਂ ‘ਤੇ ਢਾਹੇ ਗਏ ਪੁਲਸ ਤਸ਼ੱਦਦ ਨੇ ਇਸ ਗੱਲ ‘ਤੇ ਮੋਹਰ ਲਾ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਕਾ ਮੋਦੀ ਨੂੰ ਖੁਸ਼ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਸੰਧਵਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ‘ਤੇ ਪੁਲਸ ਵੱਲੋਂ ਢਾਹੇ ਗਏ ਤਸ਼ੱਦਦ ਦੀ ਜ਼ੋਰਦਾਰ ਨਿਖ਼ੇਧੀ ਕੀਤੀ ।

ਸੰਧਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਵਿੱਚ ਸਾਢੇ ਚਾਰ ਸਾਲਾਂ ਤੋਂ ਸੱਤਾ ਵਿੱਚ ਬੈਠੀ ਹੈ ਅਤੇ ਬਾਦਲਾਂ  ਵਾਂਗ ਕਾਂਗਰਸੀ ਵੀ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰਦੇ ਰਹੇ ਹਨ, ਫਿਰ ਝੋਨੇ ਦੀ ਲੁਆਈ ਲਈ ਅੱਠ ਘੰਟੇ ਬਿਜਲੀ ਦੀ ਸਪਲਾਈ ਦੇਣ ਵਿੱਚ ਵੀ  ਸਰਕਾਰ ਫੇਲ ਹੋਈ ਹੈ। ਕਿਸਾਨ ਮਹਿੰਗੇ ਡੀਜ਼ਲ ਦੀ ਵਰਤੋਂ ਕਰਕੇ ਝੋਨੇ ਦੀ ਲੁਆਈ ਕਰਨ ਲਈ ਮਜ਼ਬੂਰ ਹਨ। ਸੰਧਵਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਗੁੱਸੇ ਤੋਂ ਡਰ ਕੇ ਹੁਣ ਬਿਜਲੀ ਦਾ ਪ੍ਰਬੰਧ ਕਰਨ ਲਈ 500 ਕਰੋੜ ਜਾਰੀ ਕਰ ਰਹੇ ਹਨ, ਜੇਕਰ ਨੀਅਤ ਸਾਫ਼ ਹੁੰਦੀ ਤਾਂ ਸਰਕਾਰ ਨੂੰ ਬਿਜਲੀ ਦੀ ਖ਼ਰੀਦ ਅਤੇ ਅੱਠ ਘੰਟੇ ਨਿਰਵਿਘਨ ਸਪਲਾਈ ਦੇ ਪ੍ਰਬੰਧ ਬੀਤੇ ਮਈ ਮਹੀਨੇ ਵਿੱਚ ਕਰਨੇ ਚਾਹੀਦੇ ਸਨ। ਉਨਾਂ ਕਿਹਾ ਬਿਜਲੀ ਮਹਿੰਗੀ ਕਰਕੇ ਲੋਕਾਂ ‘ਤੇ ਭਾਰ ਪਾਉਣ ਦੀ ਥਾਂ ਅਤੇ ਬਿਜਲੀ ਵਿਵਸਥਾ ਸੁਧਾਰਨ ਲਈ ਕੈਪਟਨ ਸਰਕਾਰ ਨੂੰ ਸਰਕਾਰੀ ਅਦਾਰਿਆਂ ਵੱਲ ਬਕਾਏ ਰਹਿੰਦੇ 2200 ਕਰੋੜ ਰੁਪਏ ਦੇ ਬਿਲਾਂ ਦੀ ਤੁਰੰਤ ਅਦਾਇਗੀ ਬਿਜਲੀ ਕਾਰੋਪਰੇਸ਼ਨ ਨੂੰ ਕਰਨੀ ਚਾਹੀਦੀ ਹੈ।

ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਸਮਝੌਤਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਮਝੌਤਿਆਂ ਬਾਰੇ ਵਾਈਟ ਪੱਤਰ ਜਾਰੀ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਿਆ ਸਾਢੇ ਚਾਰ ਸਾਲ ਹੋ ਚੁੱਕੇ ਹਨ, ਨਾ ਹੀ ਬਿਜਲੀ ਸਮਝੌਤੇ ਰੱਦ ਕੀਤੇ ਗਏ ਹਨ ਅਤੇ ਨਾ ਹੀ ਵਾਈਟ ਪੱਤਰ ਜਾਰੀ ਕੀਤਾ ਗਿਆ ਹੈ। ਇਸ ਦਾ ਖਮਿਆਜਾ ਨਾ ਕੇਵਲ ਕਿਸਾਨ ਸਗੋਂ ਅੱਤ ਦੀ ਮਹਿੰਗੀ ਬਿਜਲੀ ਮਿਲਣ ਕਾਰਨ ਸਾਰੇ ਵਰਗਾਂ ਦੇ ਲੋਕ ਭੁਗਤ ਰਹੇ ਹਨ।  ਸੰਧਵਾਂ ਨੇ ਦੋਸ਼ ਲਾਇਆ ਕੈਪਟਨ ਤੇ ਬਾਦਲ ਨੇ ਵਾਧੂ ਬਿਜਲੀ ਹੋਣ ਦਾ ਨਾਟਕ ਕਰਕੇ ਬਿਨਾਂ ਬਿਜਲੀ ਖ਼ਰੀਦੇ ਹੀ 5400 ਕਰੋੜ ਰੁਪਏ ਕੰਪਨੀਆਂ ਨੂੰ ਦਿੱਤੇ ਹਨ, ਜਿਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਅਤੇ ਝੋਨੇ ਦੀ ਲੁਆਈ ਲਈ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਦਾ ਪ੍ਰਬੰਧ ਕਰੇ। ਇਸ ਮੌਕੇ ਨੀਲ ਗਰਗ, ਗੁਰਜੰਟ ਸਿੰਘ ਸਿਬੀਆ, ਰਾਕੇਸ਼ ਪੁਰੀ, ਅਨਿਲ ਠਾਕਰ, ਅਮਰਦੀਪ ਸਿੰਘ ਰਾਜਨ, ਸੁਖਬੀਰ ਸਿੰਘ ਬਰਾੜ, ਬਲਦੇਵ ਸਿੰਘ ਪੀਆਈਐਸ, ਅੰਮ੍ਰਿਤ ਅਗਰਵਾਲ,ਸੰਦੀਪ ਗੁਪਤਾ, ਬਲਜੀਤ ਬੱਲੀ, ਭੁਪਿੰਦਰ ਬਾਂਸਲ ਅਤੇ ਬਲਕਾਰ ਸਿੰਘ ਭੋਖੜਾ ਸਮੇਤ ਹੋਰ ਸਥਾਨਕ ਆਗੂ ਮੌਜੂਦ ਸਨ।

Jeeo Punjab Bureau

Leave A Reply

Your email address will not be published.