ਡੀਐਸਪੀ ਦੀ ਅਗਵਾਈ ਹੇਠ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ

…ਸਰਚ ਆਪਰੇਸ਼ਨ ਕਰਕੇ ਕਈਆਂ ਨੂੰ ਕੀਤਾ ਕਾਬੂ

ਰਾਜਿੰਦਰ ਵਰਮਾ
ਭਦੌੜ 24 ਜੂਨ
ਪਿਛਲੇ ਦਿਨੀਂ ਕਸਬਾ ਭਦੌੜ ਵਿਖੇ ਇਕ ਵਿਅਕਤੀ ਦੀ ਚਿੱਟੇ ਨਾਲ ਹੋਈ ਮੌਤ ਤੋਂ ਬਾਅਦ ਹੋਈ ਆਖ਼ਰ ਭਦੌੜ ਪੁਲੀਸ ਹਰਕਤ ਵਿੱਚ ਆ ਹੀ ਗਈ ਤੇ ਅੱਜ ਤਪਾ ਦੇ ਡੀਐਸਪੀ ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਚਾਰ ਥਾਣਿਆਂ ਦੀ ਪੁਲੀਸ ਨੇ ਭਦੌੜ ਵਿਖੇ ਸਰਚ ਆਪਰੇਸ਼ਨ ਕਰਕੇ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢ ਦਿੱਤੀ ਹੈ।
ਲਗਪਗ ਢਾਈ ਘੰਟੇ ਚੱਲੇ ਸਰਚ ਆਪ੍ਰੇਸ਼ਨ ਦੌਰਾਨ ਕੁਝ ਵਿਅਕਤੀਆਂ ਨੂੰ ਪੁਲੀਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
ਪੁਲੀਸ ਸੂਤਰਾਂ ਅਨੁਸਾਰ ਇਸ ਆਪਰੇਸ਼ਨ ਦੌਰਾਨ ਪੁਲੀਸ ਨੂੰ ਇੱਕ ਵਿਅਕਤੀ ਪਾਸੋਂ ਲਗਭਗ 70 ਹਜ਼ਾਰ ਦੀ ਨਕਦੀ ਅਤੇ ਇੱਕ ਹੋਰ ਵਿਅਕਤੀ ਤੋਂ ਕੁੱਝ ਸਮਾਨ ਫੜਿਆ ਗਿਆ ਹੈ, ਜਿਸ ਦੀ ਪੁਲੀਸ ਹਾਲੇ ਪੁਸ਼ਟੀ ਨਹੀਂ ਕਰ ਰਹੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਫੜੇ ਵਿਅਕਤੀਆਂ ਨੂੰ ਸੀਆਈਏ ਸਟਾਫ਼ ਲਿਜਾਇਆ ਗਿਆ ਹੈ। ਪੁਲੀਸ ਦੇ ਇਸ ਕਦਮ ਦੀ ਨਸ਼ੇ ਨਾਲ ਮੌਤ ਦੇ ਮੂੰਹ ਜਾ ਚੁੱਕੇ ਪਰਿਵਾਰਾਂ ਨੇ ਪ੍ਰਸੰਸਾ ਕੀਤੀ ਹੈ। ਜਿਕਰਯੋਗ ਹੈਕਿ ਭਦੌੜ ਵਿਖੇ ਦੋ ਦਿਨ ਪਹਿਲਾਂ ਇੱਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਸਮੇਂ ਮੌਤ ਹੋ ਗਈ ਸੀ ਤੇ ਸਰਿੰਜ਼ ਧੌਣ ਵਿੱਚ ਹੀ ਰਹਿ ਗਈ ਸੀ ਭਦੌੜ ਇਲਾਕੇ ਵਿੱਚ ਚਿੱਟੇ ਨਾਲ ਲਗਭੱਗ ਇੱਕ ਸੌ ਮੌਤਾਂ ਹੋ ਚੁੱਕੀਆਂ ਹਨ। ਦੱਸਣਯੋਗ ਹੈ ਕਿ ਭਦੌੜ ਵਿਖੇ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਖੁੱਲੇਆਮ ਚੱਲ ਰਿਹਾ ਹੈ, ਤੇ ਪੁਲੀਸ ਮੂਕ ਦਰਸ਼ਕ ਬਣੀ ਹੋਈ ਸੀ, ਸਮੇਂ ਸਮੇਂ ਤੇ ਪੁਲੀਸ ਸਖਤੀ ਵੀ ਕਰਦੀ ਰਹੀ ਹੈ ਪਰ ਸਮਾਂ ਪਾਕੇ ਹਾਲਾਤ ਫੇਰ ਉਵੇਂ ਹੀ ਬਣ ਜਾਂਦੇ ਹਨ।ਥਾਣਾ ਮੁਖੀ ਮੁਨੀਸ਼ ਕੁਮਾਰ ਨਾਲ ਜਦ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕੁੱਝ ਵੀ ਦੱਸਣ ਤੋਂ ਮਨਾਂ ਕਰਦਿਆਂ ਕਿਹਾ ਕਿ ਪੁਲੀਸ ਹਾਲੇ ਪੁੱਛਗਿੱਛ ਕਰ ਰਹੀ ਹੈ, ਕੱਲ ਤੱਕ ਸਭ ਸਾਹਮਣੇ ਆ ਜਾਵੇਗਾ।

Leave A Reply

Your email address will not be published.